ਹਨ੍ਹੇਰੀ ’ਚ 45 ਖੰਭੇ ਟੁੱਟਣ ਨਾਲ 22 ਫੀਡਰਾਂ ’ਚ ਪਿਆ ਫਾਲਟ: ਕਈ ਇਲਾਕਿਆਂ ’ਚ 18 ਘੰਟੇ ਬੱਤੀ ਰਹੀ ਬੰਦ

Saturday, May 03, 2025 - 12:54 PM (IST)

ਹਨ੍ਹੇਰੀ ’ਚ 45 ਖੰਭੇ ਟੁੱਟਣ ਨਾਲ 22 ਫੀਡਰਾਂ ’ਚ ਪਿਆ ਫਾਲਟ: ਕਈ ਇਲਾਕਿਆਂ ’ਚ 18 ਘੰਟੇ ਬੱਤੀ ਰਹੀ ਬੰਦ

ਜਲੰਧਰ (ਪੁਨੀਤ)–ਵੀਰਵਾਰ ਦੇਰ ਰਾਤ ਆਏ ਹਨ੍ਹੇਰੀ-ਤੂਫ਼ਾਨ ਨੇ ਪਾਵਰ ਸਿਸਟਮ ਨੂੰ ਬੁਰੀ ਤਰ੍ਹਾਂ ਨਾਲ ਤਹਿਸ-ਨਹਿਸ ਕਰਕੇ ਰੱਖ ਦਿੱਤਾ। ਹਨ੍ਹੇਰੀ ਕਾਰਨ 45 ਖੰਭੇ ਟੁੱਟ ਗਏ ਅਤੇ 22 ਫੀਡਰਾਂ ਵਿਚ ਫਾਲਟ ਪੈ ਗਿਆ, ਜਿਸ ਨਾਲ ਹਜ਼ਾਰਾਂ ਦੀ ਗਿਣਤੀ ਵਿਚ ਬਿਜਲੀ ਖ਼ਪਤਕਾਰ ਪ੍ਰੇਸ਼ਾਨ ਹੋਏ। ਲਗਭਗ 11 ਟਰਾਂਸਫਾਰਮਰਾਂ ਵਿਚ ਫਾਲਟ ਪੈਣ ਨਾਲ ਵਿਭਾਗ ਨੂੰ 21 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਅਤੇ ਦਰਜਨਾਂ ਇਲਾਕਿਆਂ ਵਿਚ 18 ਘੰਟੇ ਬੱਤੀ ਬੰਦ ਰਹੀ।

ਹਨ੍ਹੇਰੀ ਅਤੇ ਹਲਕੇ ਮੀਂਹ ਕਾਰਨ ਪਏ ਫਾਲਟ ਬਿਜਲੀ ਖ਼ਪਤਕਾਰਾਂ ਦੇ ਨਾਲ-ਨਾਲ ਪਾਵਰਕਾਮ ਲਈ ਵੀ ਪ੍ਰੇਸ਼ਾਨੀ ਦਾ ਕਾਰਨ ਬਣੇ। ਦੇਰ ਰਾਤ 11 ਵਜੇ ਹਨ੍ਹੇਰੀ ਆਉਣ ਤੋਂ ਬਾਅਦ ਸ਼ੁੱਕਰਵਾਰ ਸਵੇਰ ਤਕ ਸ਼ਹਿਰ ਦੇ ਵਧੇਰੇ ਹਿੱਸਿਆਂ ਵਿਚ ਬਲੈਕਆਊਟ ਰਿਹਾ। ਦੱਸਿਆ ਜਾ ਰਿਹਾ ਹੈ ਕਿ ਹਨੇਰੀ ਦੀ ਵਜ੍ਹਾ ਨਾਲ ਸੈਂਕੜਿਆਂ ਦੀ ਗਿਣਤੀ ਵਿਚ ਤਾਰਾਂ ਟੁੱਟ ਗਈਆਂ। ਕਈ ਇਲਾਕਿਆਂ ਦੇ ਛੋਟੇ ਟਰਾਂਸਫਾਰਮਰਾਂ ਵਿਚ ਤਕਨੀਕੀ ਖ਼ਰਾਬੀ ਆ ਗਈ। ਤਾਰਾਂ ਆਪਸ ਵਿਚ ਜੁੜ ਗਈਆਂ, ਵੱਡੇ ਦਰੱਖਤ ਅਤੇ ਟਾਹਣੀਆਂ ਟੁੱਟ ਕੇ ਤਾਰਾਂ ’ਤੇ ਜਾ ਡਿੱਗੀਆਂ। ਕਈ ਛੋਟੇ ਦਰੱਖਤ ਟਰਾਂਸਫਾਰਮਰਾਂ ’ਤੇ ਡਿੱਗ ਗਏ ਅਤੇ ਵੱਡੇ ਪੱਧਰ ’ਤੇ ਬਿਜਲੀ ਦੇ ਫਾਲਟ ਪੈ ਗਏ। ਜਲੰਧਰ ਸਰਕਲ ਤਹਿਤ ਬਿਜਲੀ ਦੀ ਖ਼ਰਾਬੀ ਸਬੰਧੀ 4500 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਨ੍ਹਾਂ ਵਿਚੋਂ ਕਈ ਸ਼ਿਕਾਇਤਾਂ ਨੂੰ ਠੀਕ ਕਰਨ ਦਾ ਸਿਲਸਿਲਾ ਸ਼ੁੱਕਰਵਾਰ ਰਾਤ ਖ਼ਬਰ ਲਿਖੇ ਜਾਣ ਤਕ ਜਾਰੀ ਰਿਹਾ। ਕਈ ਇਲਾਕਿਆਂ ਦੇ ਟਰਾਂਸਫਾਰਮਰਾਂ ਦੀ ਮੁਰੰਮਤ ਹੋਣਾ ਅਜੇ ਬਾਕੀ ਹੈ। ਇਨ੍ਹਾਂ ’ਤੇ ਮੁਰੰਮਤ ਦਾ ਕੰਮ ਸ਼ਨੀਵਾਰ ਨੂੰ ਕਰਵਾਇਆ ਜਾਵੇਗਾ। ਹਨ੍ਹੇਰੀ ਕਾਰਨ ਫਾਲਟ ਪੈਣ ਕਰਕੇ ਕਈ ਇਲਾਕਿਆਂ ਵਿਚ ਰਾਤ 1 ਵਜੇ ਬੰਦ ਹੋਈ ਬਿਜਲੀ ਸ਼ੁੱਕਰਵਾਰ 6 ਵਜੇ ਤੋਂ ਬਾਅਦ ਚਾਲੂ ਹੋ ਸਕੀ। ਸਭ ਤੋਂ ਲੇਟ ਠੀਕ ਹੋਣ ਵਾਲੇ ਫੀਡਰਾਂ ਵਿਚ ਵਰਿਆਮ ਨਗਰ, ਅਰਬਨ ਅਸਟੇਟ, ਮਾਡਲ ਟਾਊਨ ਅਤੇ ਧੀਣਾ ਦੇ ਇਲਾਕੇ ਸ਼ਾਮਲ ਹਨ। ਇਥੇ ਸ਼ਾਮ 5 ਵਜੇ ਤੋਂ ਬਾਅਦ ਵੀ ਕੰਮ ਚੱਲ ਰਿਹਾ ਸੀ।

ਇਹ ਵੀ ਪੜ੍ਹੋ: ਵੱਡੇ ਭਰਾ ਨੂੰ ਬਚਾਉਂਦੇ ਸਮੇਂ ਦਰਿਆ 'ਚ ਡੁੱਬਿਆ ਛੋਟਾ ਭਰਾ, ਹਿਮਾਚਲ ਤੋਂ ਪੰਜਾਬ ਆਏ ਸੀ ਘੁੰਮਣ

ਜਾਣਕਾਰੀ ਮੁਤਾਬਕ ਹਨੇਰੀ ਤੋਂ ਬਾਅਦ ਵਿਭਾਗ ਨੇ ਬਿਜਲੀ ਸਪਲਾਈ ਨੂੰ ਅਹਿਤਿਆਤ ਵਜੋਂ ਬੰਦ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਰਾਤ 1 ਵਜੇ ਸਪਲਾਈ ਚਾਲੂ ਕਰਵਾਈ ਗਈ ਤਾਂ ਜਲੰਧਰ ਸਰਕਲ ਦੇ 22 ਦੇ ਲੱਗਭਗ ਫੀਡਰ ਚਾਲੂ ਨਹੀਂ ਹੋ ਸਕੇ। ਉਥੇ ਹੀ, ਜ਼ੋਨ ਵਿਚ 200-250 ਦੇ ਲੱਗਭਗ ਫੀਡਰਾਂ ਵਿਚ ਦਿੱਕਤ ਪਾਈ ਗਈ। ਉਥੇ ਹੀ ਦਰੱਖਤ ਆਦਿ ਡਿੱਗਣ ਕਾਰਨ ਕਈ ਥਾਵਾਂ ’ਤੇ ਤਾਰਾਂ ਸੜਕਾਂ ’ਤੇ ਡਿੱਗ ਚੁੱਕੀਆਂ ਸਨ ਅਤੇ ਪੈਟਰੋਲਿੰਗ ਕਰ ਕੇ ਫਾਲਟ ਲੱਭਣਾ ਸੰਭਵ ਨਹੀਂ ਹੋ ਪਾ ਰਿਹਾ ਸੀ। ਹਨੇਰੀ ਰੁਕਣ ਤੋਂ ਬਾਅਦ ਲਾਈਟ ਨਾ ਹੋਣ ਕਾਰਨ ਰਾਤ ਦੇ ਸਮੇਂ ਸ਼ਿਕਾਇਤਾਂ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਪਰ ਜਿਹੜੇ ਫੀਡਰਾਂ ਵਿਚ ਦਿੱਕਤ ਸੀ, ਬਿਜਲੀ ਕਰਮਚਾਰੀ ਉਨ੍ਹਾਂ ਸ਼ਿਕਾਇਤਾਂ ਨੂੰ ਠੀਕ ਕਰਨ ਲਈ ਮੁਹੱਲਿਆਂ ਵਿਚ ਨਹੀਂ ਗਏ ਕਿਉਂਕਿ ਸਪਲਾਈ ਫੀਡਰ ਚੱਲਣ ’ਤੇ ਹੀ ਠੀਕ ਹੋ ਸਕਦੀ ਸੀ, ਇਸ ਕਾਰਨ ਕਈ ਪਾਸ਼ ਇਲਾਕਿਆਂ ਦੇ ਲੋਕ ਲਗਾਤਾਰ ਸ਼ਿਕਾਇਤਾਂ ਲਿਖਵਾਉਂਦੇ ਰਹੇ।
ਸਰਕਲ ਦੇ 22 ਦੇ ਲਗਭਗ ਫੀਡਰਾਂ ਦੇ ਬੰਦ ਰਹਿਣ ਕਾਰਨ ਸਵੇਰ ਤਕ ਸ਼ਿਕਾਇਤਾਂ ਦਾ ਢੇਰ ਲੱਗ ਚੁੱਕਾ ਸੀ, ਜਿਹੜਾ ਦੇਰ ਸ਼ਾਮ ਤਕ ਵਧਦਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦਰਜਨਾਂ ਫੀਡਰਾਂ ਨੂੰ ਸਵੇਰੇ 9 ਵਜੇ ਤਕ ਚਾਲੂ ਕਰ ਦਿੱਤਾ ਗਿਆ ਸੀ। ਫੀਲਡ ਅਧਿਕਾਰੀਆਂ ਦੀ ਗੱਲ ਮੰਨੀਏ ਤਾਂ ਵੀਰਵਾਰ ਦੇਰ ਰਾਤ ਰਿਪੇਅਰ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ 'ਚ ASI ਰੰਗੇ ਹੱਥੀਂ ਗ੍ਰਿਫ਼ਤਾਰ, ਕਾਰਨਾਮਾ ਅਜਿਹਾ ਕਿ ਸੁਣ ਨਹੀਂ ਹੋਵੇਗਾ ਯਕੀਨ

ਬਿਜਲੀ ਬੰਦ ਰਹਿਣ ਕਾਰਨ ਪਾਣੀ ਦੀ ਸਮੱਸਿਆ ਨੇ ਧਾਰਿਆ ਭਿਆਨਕ ਰੂਪ
ਕਈ ਇਲਾਕਿਆਂ ਵਿਚ ਬਿਜਲੀ ਬੰਦ ਹੋਣ ਕਾਰਨ ਪਾਣੀ ਦੀ ਸਮੱਸਿਆ ਨੇ ਭਿਆਨਕ ਰੂਪ ਧਾਰਨ ਕਰ ਲਿਆ। ਹਾਲਾਂਕਿ ਅਧਿਕਾਰੀਆਂ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਕਿ ਪਾਣੀ ਦੀਆਂ ਮੋਟਰਾਂ ਨੇੜੇ ਜਿਹੜੀਆਂ ਲਾਈਨਾਂ ਹਨ, ਉਨ੍ਹਾਂ ਦੀ ਮੁਰੰਮਤ ਪਹਿਲਾਂ ਕੀਤੀ ਜਾਵੇ ਤਾਂ ਕਿ ਇਲਾਕਿਆਂ ਨੂੰ ਪਾਣੀ ਮਿਲ ਸਕੇ ਪਰ ਇਸ ਦੇ ਬਾਵਜੂਦ ਸ਼ਹਿਰ ਵਿਚ ਕਈ ਥਾਵਾਂ ’ਤੇ ਪਾਣੀ ਦੀ ਦਿੱਕਤ ਰਹੀ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਪੇਸ਼ ਆਈਆਂ। ਸ਼ਹਿਰ ਵਿਚ ਅੱਧੀ ਦਰਜਨ ਇਲਾਕਿਆਂ ਵਿਚ ਦੁਪਹਿਰ ਤਕ ਸਪਲਾਈ ਚਾਲੂ ਨਹੀਂ ਹੋ ਸਕੀ, ਜਿਸ ਕਰ ਕੇ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਤਰਸਣਾ ਪਿਆ। ਕਈ ਲੋਕਾਂ ਨੇ ਦੱਸਿਆ ਕਿ ਪਹਿਲਾਂ ਸਵੇਰੇ ਪਾਣੀ ਨਹੀਂ ਆਇਆ। ਇਸ ਤੋਂ ਬਾਅਦ ਦੁਪਹਿਰ ਵੀ ਬਿਜਲੀ ਦੀ ਉਡੀਕ ਵਿਚ ਲੰਘੀ ਅਤੇ ਸ਼ਾਮ ਨੂੰ 7 ਵਜੇ ਸਪਲਾਈ ਠੀਕ ਹੋਣ ਤੋਂ ਬਾਅਦ ਪਾਣੀ ਦੀ ਸਪਲਾਈ ਬਹਾਲ ਹੋ ਸਕੀ।

ਇਹ ਵੀ ਪੜ੍ਹੋ: ਪੰਜਾਬ 'ਚ ਅੱਜ ਲੱਗੇਗਾ ਲੰਬਾ Power Cut, ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਗੁੱਲ

ਵਧੇਰੇ ਸ਼ਿਕਾਇਤਾਂ ਨਾਲ ਓਵਰਲੋਡ ਹੋਇਆ 1912
ਬਿਜਲੀ ਦੀਆਂ ਸ਼ਿਕਾਇਤਾਂ ਵਧਣ ਕਾਰਨ ਪਾਵਰਕਾਮ ਦਾ 1912 ਸ਼ਿਕਾਇਤ ਕੇਂਦਰ ਸਿਸਟਮ ਵੀ ਓਵਰਲੋਡ ਰਿਹਾ, ਜਿਸ ਕਰ ਕੇ ਖਪਤਕਾਰਾਂ ਨੂੰ ਸ਼ਿਕਾਇਤ ਕੇਂਦਰਾਂ ਤਕ ਜਾਣਾ ਪਿਆ। ਦੱਸਿਆ ਜਾ ਿਰਹਾ ਹੈ ਕਿ ਸੂਬਾ ਪੱਧਰੀ ਸ਼ਿਕਾਇਤ ਕੇਂਦਰ ਨੰਬਰ 1912 ਦੇਰ ਰਾਤ ਹੀ ਓਵਰਲੋਡ ਹੋ ਗਿਆ ਸੀ। ਬਿਜਲੀ ਦੇ ਫਾਲਟ ਬੇਹੱਦ ਵਧਣ ਕਾਰਨ ਲੋਕਾਂ ਵੱਲੋਂ ਸ਼ਿਕਾਇਤਾਂ ਲਿਖਵਾਉਣ ਲਈ ਵਾਰ-ਵਾਰ ਫੋਨ ਕੀਤਾ ਜਾ ਰਿਹਾ ਸੀ ਪਰ ਫੋਨ ਨਹੀਂ ਮਿਲ ਪਾ ਰਿਹਾ ਸੀ। ਇਸ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਫਾਲਟ ਬੇਹੱਦ ਵਧੇਰੇ ਸਨ, ਜਿਸ ਕਾਰਨ ਸ਼ਿਕਾਇਤ ਕੇਂਦਰ ਵੀ ਖਾਲੀ ਸੀ। ਇਸ ਕਾਰਨ ਲੋਕਾਂ ਨੂੰ ਸ਼ਿਕਾਇਤ ਕੇਂਦਰਾਂ ਵਿਚ ਜਾ ਕੇ ਵੀ ਨਿਰਾਸ਼ ਹੱਥ ਲੱਗ ਰਹੀ ਸੀ। ਲੋਕਾਂ ਦਾ ਕਹਿਣਾ ਹੈ ਕਿ ਸ਼ਿਕਾਇਤ ਕੇਂਦਰ ਨੰਬਰ ਦੀਆਂ ਲਾਈਨਾਂ ਵਧਾਉਣੀਆਂ ਚਾਹੀਦੀਆਂ ਹਨ ਕਿਉਂਕਿ ਹਰ ਵਾਰ ਇਹ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ।

ਸੀਨੀਅਰ ਅਧਿਕਾਰੀ ਦੇਰ ਰਾਤ ਫੀਲਡ ਵਿਚ ਉਤਾਰੇ : ਇੰਜੀ. ਚੁਟਾਨੀ
ਸਰਕਲ ਹੈੱਡ ਅਤੇ ਸੁਪਰਿੰਟੈਂਡੈਂਟ ਇੰਜੀ. ਗੁਲਸ਼ਨ ਚੁਟਾਨੀ ਨੇ ਕਿਹਾ ਕਿ ਸਾਰੇ ਸੀਨੀਅਰ ਅਧਿਕਾਰੀਆਂ ਜਿਵੇਂ ਐੱਸ. ਡੀ. ਓ. ਅਤੇ ਐਕਸੀਅਨਾਂ ਨੂੰ ਦੇਰ ਰਾਤ ਫੀਲਡ ਵਿਚ ਉਤਾਰ ਦਿੱਤਾ ਗਿਆ ਸੀ। ਸਵੇਰੇ 9 ਵਜੇ ਤਕ ਅੱਧੇ ਫੀਡਰ ਚਾਲੂ ਕਰਵਾ ਦਿੱਤੇ ਗਏ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਆਵੇਗਾ ਤੂਫ਼ਾਨ ਤੇ ਪਵੇਗਾ ਮੀਂਹ, ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਹ ਜ਼ਿਲ੍ਹੇ ਰਹਿਣ ਸਾਵਧਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News