ਜੇ ਦਲਿਤ ਆਪਣੇ ''ਨਾਇਕ'' ਬਣਾਉਣਾ ਚਾਹੁੰਦੇ ਹਨ ਤਾਂ ਇਸ ''ਚ ਗਲਤ ਕੀ ਹੈ

Friday, Dec 30, 2016 - 07:13 AM (IST)

ਜੇ ਦਲਿਤ ਆਪਣੇ ''ਨਾਇਕ'' ਬਣਾਉਣਾ ਚਾਹੁੰਦੇ ਹਨ ਤਾਂ ਇਸ ''ਚ ਗਲਤ ਕੀ ਹੈ

ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛਤਰਪਤੀ ਸ਼ਿਵਾਜੀ ਦੀ ਸਮੁੰਦਰ ਵਿਚ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਲਗਾਉਣ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਦੱਸਿਆ ਜਾਂਦਾ ਹੈ ਕਿ ਇਸ ''ਤੇ 36 ਹਜ਼ਾਰ ਕਰੋੜ ਰੁਪਏ ਖਰਚ ਆਉਣਗੇ। ਇਸ ਤੋਂ ਅਗਲੇ ਦਿਨ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਨੇਤਾ ਮਾਇਆਵਤੀ ਨੇ ਕਿਹਾ ਕਿ ਜੇ ਸ਼ਿਵਾਜੀ, ਸਰਦਾਰ ਪਟੇਲ ਦੀਆਂ ਮੂਰਤੀਆਂ ਲਗਾਉਣਾ ਜਾਇਜ਼ ਹੈ ਤਾਂ ਦਲਿਤ ਨੇਤਾਵਾਂ ਦੀਆਂ ਮੂਰਤੀਆਂ ਲਗਾਉਣਾ ਫਜ਼ੂਲਖਰਚੀ ਕਿਵੇਂ ਹੈ? 
ਮਾਇਆਵਤੀ ਦੀ ਗੱਲ ਸੱਚ ਨਜ਼ਰ ਆਉਂਦੀ ਹੈ। ਆਖਿਰ ਦਲਿਤਾਂ ਨੂੰ ਆਪਣੇ ''ਹੀਰੋ'' ਘੜਨ ਦਾ ਹੱਕ ਕਿਉਂ ਨਹੀਂ ਹੋਣਾ ਚਾਹੀਦਾ? ਹਰੇਕ ਸਮਾਜ ਆਪੋ-ਆਪਣੇ ਹੀਰੋ/ਨਾਇਕ ਬਣਾਉਂਦਾ ਹੈ ਅਤੇ ਅੱਗੇ ਵਧਣ ਲਈ ਉਨ੍ਹਾਂ ਵੱਲ ਹੀ ਦੇਖਦਾ ਹੈ। ਮਾਇਆਵਤੀ ਵੀ ਇਕ ਤਰ੍ਹਾਂ ਨਾਲ ਦਲਿਤਾਂ ਦੀ ''ਹੀਰੋ'' ਹੀ ਹੈ। ਜੇ ਦਲਿਤ ਆਪਣੇ ਨਾਇਕ/ਹੀਰੋ ਬਣਾਉਣਾ ਤੇ ਚੁਣਨਾ ਚਾਹੁੰਦੇ ਹਨ ਤਾਂ ਇਸ ਵਿਚ ਗਲਤ ਕੀ ਹੈ, ਬਾਕੀ ਦਾ ਸਮਾਜ ਤਾਂ ਉਨ੍ਹਾਂ ਨੂੰ ਕੋਈ ਨਾਇਕ ਨਹੀਂ ਸੌਂਪਦਾ। ਇਸ ਯੁੱਗ ਵਿਚ ਵੀ ਦਲਿਤਾਂ ਨੂੰ ਕਈ ਜਗ੍ਹਾ ਮੰਦਿਰਾਂ ਵਿਚ ਜਾਣ ਤੋਂ ਰੋਕਿਆ ਜਾਂਦਾ ਹੈ। 
ਉਂਝ ਕਹਿਣ ਨੂੰ ਅਸੀਂ ਸਾਰੇ ਸਮਾਜ ਵਿਚ ਫੈਲੀ ਜਾਤ ਵਿਵਸਥਾ ਦੇ ਵਿਰੁੱਧ ਹਾਂ ਪਰ ਜਿਵੇਂ ਹੀ ਦਲਿਤਾਂ ਨੂੰ ਕੋਈ ਅਧਿਕਾਰ ਦੇਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਕਿਸੇ ਨਾ ਕਿਸੇ ਬਹਾਨੇ ਨੀਚਾ ਦਿਖਾਉਣ ਦੀ ਕੋਸ਼ਿਸ਼ ਵੀ ਸ਼ੁਰੂ ਹੋ ਜਾਂਦੀ ਹੈ। ਅੱਜ ਜਦੋਂ ਤਕਨੀਕ ਨੇ ਹਰ ਇਕ ਨੂੰ ਬਰਾਬਰੀ ਦੇ ਮੌਕੇ ਮੁਹੱਈਆ ਕਰਵਾਏ ਹਨ, ਗਿਆਨ ਲਈ ਗੁਰੂ ਨਹੀਂ ''ਗੂਗਲ ਗੁਰੂ'' ਕੋਲ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ ਤਾਂ ਇਸ ਜ਼ਮਾਨੇ ਵਿਚ ਵੀ ਜਾਤ-ਪਾਤ ਦਾ ਪ੍ਰੇਤ ਸਾਡਾ ਪਿੱਛਾ ਨਹੀਂ ਛੱਡ ਰਿਹਾ। ਸਮੇਂ-ਸਮੇਂ ''ਤੇ ਮਾਇਆਵਤੀ ਤੇ ਹੋਰ ਦਲਿਤ ਆਗੂ ਵੀ ਇਹ ਗੱਲ ਕਹਿੰਦੇ ਰਹਿੰਦੇ ਹਨ। 
ਮਾਇਆਵਤੀ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਦਲਿਤ ਉਨ੍ਹਾਂ ਨੂੰ ਆਪਣੀ ਨੇਤਾ ਮੰਨਦੇ ਹਨ, ਇਸ ਲਈ ਚੋਣਾਂ ਜਿੱਤਣ-ਹਾਰਨ ''ਤੇ ਵੀ ਉਨ੍ਹਾਂ ਦਾ ਆਧਾਰ ਕਦੇ ਨਹੀਂ ਹਿੱਲਦਾ। ਬਾਕੀ ਲੋਕ ਡਾ. ਅੰਬੇਡਕਰ ਦਾ ਨਾਂ ਜਿੰਨਾ ਮਰਜ਼ੀ ਜਪਦੇ ਰਹਿਣ, ਦਲਿਤਾਂ ਦੇ ਭਲੇ ਦੀਆਂ ਕਸਮਾਂ ਖਾਂਦੇ ਰਹਿਣ ਪਰ ਦਲਿਤ ਉਨ੍ਹਾਂ ''ਤੇ ਭਰੋਸਾ ਨਹੀਂ ਕਰਦੇ। ਆਖਿਰ ਕਰਨ ਵੀ ਕਿਉਂ। 
ਉਹ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਨੂੰ ਮਿੱਠੀਆਂ ਗੱਲਾਂ ਤੇ ਲੁਭਾਉਣੇ ਵਾਅਦਿਆਂ ਦੇ ਜਾਲ ਵਿਚ ਫਸਾ ਕੇ ਅੱਜ ਤਕ ਸਿਰਫ ਵੋਟ ਬੈਂਕ ਸਮਝਿਆ ਜਾਂਦਾ ਰਿਹਾ ਹੈ ਤੇ ਚੋਣਾਂ ਤੋਂ ਬਾਅਦ ਭੁਲਾ ਦਿੱਤਾ ਜਾਂਦਾ ਰਿਹਾ ਹੈ। 
ਕਈ ਸਾਲ ਪਹਿਲਾਂ ਅੰਗਰੇਜ਼ੀ ਦੇ ਇਕ ਅਖ਼ਬਾਰ ਨੇ ਸਰਵੇ ਕੀਤਾ ਸੀ ਤਾਂ ਪਤਾ ਲੱਗਾ ਸੀ ਕਿ ਵੱਡੀ ਗਿਣਤੀ ਵਿਚ ਦਲਿਤ ਕੁੜੀਆਂ ਤੇ ਔਰਤਾਂ ਮਾਇਆਵਤੀ ਨੂੰ ਆਪਣੀ ''ਰੋਲ ਮਾਡਲ'' ਮੰਨਦੀਆਂ ਹਨ। ਇਕ ਗਰੀਬ ਪਰਿਵਾਰ ਤੋਂ ਆਈ ਕੁੜੀ ਦਾ ਯੂ. ਪੀ. ਦੀ ਮੁੱਖ ਮੰਤਰੀ ਬਣ ਜਾਣਾ ਸੱਚਮੁਚ ਇਕ ਕ੍ਰਿਸ਼ਮਾ ਹੈ। ਕੁੜੀਆਂ ਇਸੇ ਨੂੰ ਆਪਣਾ ਅਸਲੀ ਸਸ਼ਕਤੀਕਰਨ ਮੰਨਦੀਆਂ ਸਨ। 
ਹੋਰ ਤਾਂ ਹੋਰ ਮਾਇਆਵਤੀ ਉਨ੍ਹੀਂ ਦਿਨੀਂ ਲੰਮੇ ਵਾਲ ਰੱਖਦੀ ਸੀ ਤੇ ਵਾਲਾਂ ਦੇ ਪਿੱਛੇ ਜਿਸ ਤਰ੍ਹਾਂ ਦਾ ਕਲਰਫੁੱਲ ਪੋਨੀਟੇਲ ਹੇਅਰਬੈਂਡ ਲਗਾਉਂਦੀ ਸੀ, ਕੁੜੀਆਂ ਵੀ ਉਸੇ ਤਰ੍ਹਾਂ ਹੀ ਹੇਅਰਬੈਂਡ ਲਗਾਉਣ ਲੱਗ ਪਈਆਂ ਸਨ। ਇਹੋ ਮਾਇਆਵਤੀ ਦੀ ਤਾਕਤ ਹੈ। 
ਤੁਸੀਂ ਚਾਹੇ ਲੱਖ ਕਹਿੰਦੇ ਰਹੋ ਕਿ ਉਨ੍ਹਾਂ ਕੋਲ ਬਹੁਤ ਪੈਸਾ ਹੈ ਪਰ ਉਹ ਆਇਆ ਕਿੱਥੋਂ, ਤਾਂ ਇਸ ਦਾ ਜਵਾਬ ਮਾਇਆਵਤੀ ਇਹ ਕਹਿ ਕੇ ਦਿੰਦੀ ਹੈ ਕਿ ਸਾਰਾ ਪੈਸਾ ਦਲਿਤਾਂ ਦਾ ਹੈ। ਲੋਕਾਂ ਤੋਂ ਇਹ ਬਰਦਾਸ਼ਤ ਹੀ ਨਹੀਂ ਹੁੰਦਾ ਕਿ ਦਲਿਤ ਵੀ ਚੰਗੀ ਜ਼ਿੰਦਗੀ ਜੀ ਸਕਣ। 
ਕਈ ਸਾਲ ਪਹਿਲਾਂ ਜਦੋਂ ਮਾਇਆਵਤੀ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਨੋਟਾਂ ਦਾ ਇਕ ਵੱਡਾ ਹਾਰ ਪਹਿਨਾਇਆ ਸੀ, ਉਦੋਂ ਕੁਝ ਲੋਕਾਂ ਨੇ ਇਹ ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਸੀ ਕਿ ਉਹ ਨੋਟਾਂ ਦਾ ਹਾਰ ਨਹੀਂ, ਐਨਾਕੋਂਡਾ ਸੱਪ ਹੈ। ਇਹੋ ਨਹੀਂ, ਜਿਸ ਸਮੇਂ ਅੰਗਰੇਜ਼ੀ-ਭਾਸ਼ੀ ਲੋਕਾਂ ਵਿਚ ਕਿਸੇ ਲੜਕੀ ਨੂੰ ''ਭੈਣਜੀ'' ਕਹਿਣਾ ਉਸ ਦਾ ਮਜ਼ਾਕ ਸਮਝਿਆ ਜਾਂਦਾ ਸੀ, ਉਨ੍ਹੀਂ ਦਿਨੀਂ ਮਾਇਆਵਤੀ ਨੂੰ ਉਨ੍ਹਾਂ ਦੇ ਪਾਰਟੀ ਆਗੂ ਤੇ ਸਮਰਥਕ ''ਭੈਣਜੀ'' ਕਹਿ ਕੇ ਬੁਲਾਉਂਦੇ ਸਨ ਤੇ ਅੱਜ ਵੀ ਇਹੋ ਕਹਿੰਦੇ ਹਨ। 
ਇਸ ਤੋਂ ਉਨ੍ਹਾਂ ਦੀ ਤਾਕਤ ਦਾ ਪਤਾ ਲੱਗਦਾ ਹੈ ਕਿ ਜੋ ਸ਼ਬਦ ਕਥਿਤ ਉੱਚ ਵਰਗ ਦੇ ਲੋਕਾਂ ਵਿਚ ਕਿਸੇ ਕੁੜੀ ਜਾਂ ਔਰਤ ਦਾ ਮਜ਼ਾਕ ਉਡਾਉਣ ਲਈ ਵਰਤਿਆ ਜਾਂਦਾ ਹੈ, ਉਹ ਮਾਇਆਵਤੀ ਦੇ ਸੰਦਰਭ ਵਿਚ ਇਕਦਮ ਸਵੀਕਾਰਯੋਗ ਅਤੇ ਆਦਰ ਦਾ ਪ੍ਰਤੀਕ ਹੈ। 
ਮਾਇਆਵਤੀ ਦੀ ਇਕ ਖਾਸੀਅਤ ਹੋਰ ਵੀ ਨਜ਼ਰ ਆਉਂਦੀ ਹੈ ਕਿ ਅੱਜ ਦੇ ਮੀਡੀਆ-ਸੇਵੀ ਯੁੱਗ ਵਿਚ ਜਦੋਂ ਲੋਕਾਂ ਦਰਮਿਆਨ ਪਾਰਟੀਆਂ ਦੇ ਬੁਲਾਰੇ ਬਣਨ ਦੀ ਦੌੜ ਲੱਗੀ ਰਹਿੰਦੀ ਹੈ ਤਾਂ ਕਿ ਦਿਨ-ਰਾਤ ਟੀ. ਵੀ. ''ਤੇ ਆਪਣਾ ਚਿਹਰਾ ਦਿਖਾ ਸਕਣ, ਨੇਤਾ ਛੋਟੀ-ਛੋਟੀ ''ਬਾਈਟ'' ਦੇਣ ਲਈ ਲਾਈਨਾਂ ਲਗਾਈ ਰੱਖਦੇ ਹਨ, ਅਜਿਹੇ ਦਿਨਾਂ ਵਿਚ ਵੀ ਮਾਇਆਵਤੀ ਮੀਡੀਆ ਦੀ ਬਹੁਤੀ ਪਰਵਾਹ ਨਹੀਂ ਕਰਦੀ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਚੋਣਾਂ ਉਹ ਮੀਡੀਆ ਦੇ ਬਣਾਏ ਅਕਸ ਨਾਲ ਨਹੀਂ, ਸਗੋਂ ਆਪਣੇ ਸਮਰਥਕਾਂ ਦੀ ਤਾਕਤ ਨਾਲ ਜਿੱਤਦੀ ਹੈ। ਇਹ ਤਾਕਤ ਦਲਿਤਾਂ ਦੀ ਦਿੱਤੀ ਹੋਈ ਹੈ। ਇਲੈਕਟ੍ਰਾਨਿਕ ਮੀਡੀਆ ਕਦੇ ਉਨ੍ਹਾਂ ਦਾ ਮਿੱਤਰ ਨਹੀਂ ਰਿਹਾ। 


Related News