ਮੌਜੂਦਾ ਕਿਸਾਨ ਅੰਦੋਲਨ ਕੀ ਕੋਈ ''ਕ੍ਰਾਂਤੀਕਾਰੀ ਤਬਦੀਲੀ'' ਲਿਆਏਗਾ

06/15/2017 12:39:22 AM

ਮਹਾਰਾਸ਼ਟਰ ਦੇ ਇਕ ਪਿੰਡ 'ਚ ਸ਼ੁਰੂ ਹੋਈ ਹੜਤਾਲ ਹੁਣ ਦੇਸ਼ ਭਰ 'ਚ ਕਿਸਾਨਾਂ ਦੀ ਬਗਾਵਤ ਦਾ ਰੂਪ ਅਖਤਿਆਰ ਕਰਦੀ ਜਾ ਰਹੀ ਹੈ। ਸਵਾਲ ਹੈ ਕਿ ਕੀ ਇਹ ਬਗਾਵਤ ਸਿਰਫ ਹਿੰਸਕ ਵਿਰੋਧ ਬਣ ਕੇ ਰਹਿ ਜਾਵੇਗੀ ਜਾਂ ਫਿਰ ਖੇਤੀਬਾੜੀ/ਕਿਸਾਨੀ ਲਈ ਕ੍ਰਾਂਤੀਕਾਰੀ ਤਬਦੀਲੀ ਲਿਆਏਗੀ? ਇਸ ਬਗਾਵਤ ਦੀ ਚੰਗਿਆੜੀ ਨਾਲ ਸਿਰਫ ਬੱਸਾਂ ਤੇ ਟਰੱਕ ਸੜਨਗੇ ਜਾਂ ਫਿਰ ਇਸ ਅੱਗ 'ਚ ਤਪ ਕੇ ਕੋਈ ਨਵੀਂ ਸਿਰਜਣਾ ਹੋਵੇਗੀ? ਅਹਿਮਦਨਗਰ ਜ਼ਿਲੇ ਦੇ ਪੁਣਤਾਂਬੇ ਪਿੰਡ ਤੋਂ ਜੋ ਹੜਤਾਲ ਸ਼ੁਰੂ ਹੋਈ ਸੀ, ਉਹ ਹੁਣ ਸਿਰਫ ਇਕ ਸਥਾਨਕ ਹੜਤਾਲ ਨਹੀਂ ਰਹੀ। ਪਹਿਲਾਂ ਇਹ ਚੰਗਿਆੜੀ ਮੱਧ ਪ੍ਰਦੇਸ਼ ਪਹੁੰਚੀ ਪਰ ਮੰਦਸੌਰ ਦੇ ਗੋਲੀਕਾਂਡ ਤੋਂ ਬਾਅਦ ਇਹ ਅੱਗ ਚਾਰ ਦਿਸ਼ਾਵਾਂ 'ਚ ਫੈਲ ਗਈ ਹੈ। ਹੁਣ ਤਕ ਰਾਜਸਥਾਨ, ਪੰਜਾਬ, ਹਰਿਆਣਾ, ਯੂ. ਪੀ., ਕਰਨਾਟਕ ਅਤੇ ਤਾਮਿਲਨਾਡੂ 'ਚ ਕਿਸਾਨ ਅੰਦੋਲਨ ਫੈਲਣ ਦੀਆਂ ਪੁਖਤਾ ਖਬਰਾਂ ਮਿਲ ਚੁੱਕੀਆਂ ਹਨ।
ਹਰ ਕੋਈ ਹੜਤਾਲ ਦਾ ਸਹਾਰਾ ਨਹੀਂ ਲੈ ਰਿਹਾ—ਕਿਤੇ ਧਰਨਾ, ਕਿਤੇ ਮੁਜ਼ਾਹਰਾ, ਕਿਤੇ ਬੰਦ, ਕਿਤੇ ਚੱਕਾ ਜਾਮ। ਇੰਝ ਲੱਗ ਰਿਹਾ ਹੈ ਜਿਵੇਂ ਵਰ੍ਹਿਆਂ ਤੋਂ ਸੁੱਤਾ ਕਿਸਾਨ ਅੰਦੋਲਨ ਅਚਾਨਕ ਜਾਗ ਪਿਆ ਹੈ, ਥੱਕੇ-ਹਾਰੇ ਕਿਸਾਨ ਆਗੂਆਂ 'ਚ ਨਵਾਂ ਜੋਸ਼ ਆ ਗਿਆ ਹੈ ਅਤੇ ਨਵੀਂ ਪੀੜ੍ਹੀ ਦੇ ਨਵੇਂ ਨੇਤਾ ਉੱਭਰ ਰਹੇ ਹਨ।
10 ਦਿਨਾਂ ਦੇ ਇਸ ਕਿਸਾਨ ਅੰਦੋਲਨ ਨੇ ਉਹ ਹਾਸਲ ਕਰ ਲਿਆ ਹੈ, ਜੋ ਪਿਛਲੇ ਕਿਸਾਨ ਅੰਦੋਲਨ ਬੀਤੇ 20 ਵਰ੍ਹਿਆਂ 'ਚ ਹਾਸਲ ਨਹੀਂ ਕਰ ਸਕੇ। ਸਰਕਾਰਾਂ ਤੇ ਬਾਬੂਆਂ ਕੋਲ ਕਿਸਾਨ ਮੁੱਦਿਆਂ 'ਤੇ ਚਰਚਾ ਕਰਨ ਦਾ ਸਮਾਂ ਨਿਕਲ ਆਇਆ ਹੈ, ਮੀਡੀਆ ਵੀ ਅਚਾਨਕ ਕਿਸਾਨਾਂ ਦੀ ਸਾਰ ਲੈ ਰਿਹਾ ਹੈ ਤੇ ਟੀ. ਵੀ. ਸ਼ੋਅਜ਼ ਵਿਚ ਕਿਸਾਨੀ ਦੀ ਹਾਲਤ ਬਾਰੇ ਚਰਚਾ ਹੋ ਰਹੀ ਹੈ।
ਪਰ ਕੀ ਇਹ ਕਿਸਾਨ ਬਗਾਵਤ ਸਿਰਫ ਦੋ-ਚਾਰ ਦਿਨਾਂ ਦੀਆਂ ਸੁਰਖੀਆਂ ਅਤੇ ਹਮਦਰਦੀ ਬਟੋਰ ਕੇ ਸੰਤੁਸ਼ਟ ਹੋ ਜਾਵੇਗੀ? ਸਰਕਾਰਾਂ ਤੋਂ 'ਇਕ-ਦੋ ਟੁਕੜੇ' ਲੈ ਕੇ ਚੁੱਪ ਹੋ ਜਾਵੇਗੀ? ਜਾਂ ਕਿਸਾਨਾਂ ਦਾ ਇਹ ਉਭਾਰ ਦੇਸ਼ 'ਚ ਉਨ੍ਹਾਂ ਦੀ ਹਾਲਤ ਸੁਧਾਰ ਕੇ ਹੀ ਸਾਹ ਲਵੇਗਾ?
ਇਸ ਦਾ ਜਵਾਬ ਆਉਣ ਵਾਲੇ ਕੁਝ ਦਿਨਾਂ 'ਚ ਮਿਲ ਜਾਏਗਾ। ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਕਿਸਾਨ ਅੰਦੋਲਨ ਇਕ ਸੰਗਠਿਤ ਰੂਪ ਅਖਤਿਆਰ ਕਰਦਾ ਹੈ ਜਾਂ ਨਹੀਂ।
ਅੱਜ ਦੇਸ਼ ਭਰ ਦਾ ਕਿਸਾਨ ਅੰਦੋਲਨ ਖਿੰਡਰਿਆ ਹੋਇਆ ਹੈ। ਚੌਧਰੀ ਮਹਿੰਦਰ ਸਿੰਘ ਟਿਕੈਤ, ਸ਼ਰਦ ਜੋਸ਼ੀ ਵਰਗੇ ਕਿਸਾਨ ਆਗੂ ਨਹੀਂ ਹਨ। ਅੱਜ ਜਾਂ ਤਾਂ ਪਾਰਥੋ ਦੇ ਪਾਲਤੂ ਕਿਸਾਨ ਸੰਗਠਨ ਵਿਰੋਧੀ ਧਿਰ 'ਚ ਹੋਣ 'ਤੇ ਵਿਰੋਧ ਕਰਦੇ ਹਨ ਪਰ ਆਪਣੀ ਪਾਰਟੀ ਦੇ ਸੱਤਾ 'ਚ ਆਉਣ ਤੋਂ ਬਾਅਦ ਪ੍ਰਚਾਰਕ ਜਾਂ ਦਲਾਲ ਬਣ ਜਾਂਦੇ ਹਨ। ਜ਼ਾਹਿਰ ਹੈ ਕਿ ਅਜਿਹੇ ਸੰਗਠਨਾਂ ਦੀ ਮੈਂਬਰਸ਼ਿਪ ਜ਼ਿਆਦਾ ਹੋਣ ਦੇ ਬਾਵਜੂਦ ਭਰੋਸੇਯੋਗ ਨਹੀਂ ਹੁੰਦੀ ਜਾਂ ਫਿਰ ਛੋਟੇ-ਛੋਟੇ ਆਜ਼ਾਦ ਕਿਸਾਨ ਸੰਗਠਨ ਹਨ, ਜਿਨ੍ਹਾਂ ਦਾ ਅਸਰ ਇਕ-ਦੋ ਜ਼ਿਲਿਆਂ ਤੋਂ ਅੱਗੇ ਨਹੀਂ ਹੁੰਦਾ।
ਅੱਜ ਦੇਸ਼ ਦਾ ਕਿਸਾਨ ਅੰਦੋਲਨ ਵੰਡਿਆ ਹੋਇਆ ਹੈ, ਵੱਖ-ਵੱਖ ਸੂਬਿਆਂ ਦੇ ਕਿਸਾਨ, ਵੱਖ-ਵੱਖ ਫਸਲਾਂ ਬੀਜਣ ਵਾਲੇ ਕਿਸਾਨ ਅਤੇ ਵੱਖ-ਵੱਖ ਜਾਤਾਂ ਦੇ ਕਿਸਾਨ ਵੰਡੇ ਹੋਏ ਹਨ, ਜ਼ਮੀਨਾਂ ਦੇ ਮਾਲਕ ਅਤੇ ਬੇਜ਼ਮੀਨੇ ਖੇਤ ਮਜ਼ਦੂਰ ਵੰਡੇ ਹੋਏ ਹਨ।
ਜ਼ਾਹਿਰ ਹੈ ਕਿ ਇਸੇ ਕਾਰਨ ਮੌਜੂਦਾ ਕਿਸਾਨ ਅੰਦੋਲਨ ਇਕ ਸੂਤਰ 'ਚ ਨਹੀਂ ਜੁੜ ਰਿਹਾ ਅਤੇ ਵੱਖ-ਵੱਖ ਸੂਬਿਆਂ 'ਚ ਆਪੋ-ਆਪਣੇ ਢੰਗ ਨਾਲ ਬਗਾਵਤ ਕੀਤੀ ਜਾ ਰਹੀ ਹੈ, ਜੋ ਵੱਖ-ਵੱਖ ਦਿਸ਼ਾਵਾਂ 'ਚ ਵਧ ਰਹੀ ਹੈ। ਆਉਣ ਵਾਲੇ ਦਿਨਾਂ 'ਚ ਵੱਖ-ਵੱਖ ਸੰਗਠਨਾਂ ਨੇ ਵੱਖ-ਵੱਖ ਧਰਨਿਆਂ, ਮੁਜ਼ਾਹਰਿਆਂ, ਚੱਕੇ ਜਾਮ ਕਰਨ ਦਾ ਐਲਾਨ ਕੀਤਾ ਹੈ। ਸ਼ੁਰੂਆਤ 'ਚ ਇਹ ਸੁਭਾਵਿਕ ਹੈ ਪਰ ਜੇ ਛੇਤੀ ਹੀ ਕਿਸਾਨ ਅੰਦੋਲਨ 'ਚ ਕੌਮੀ ਤਾਲਮੇਲ ਨਹੀਂ ਹੁੰਦਾ ਤਾਂ ਇਸ ਨੂੰ ਟਿਕਾਈ ਰੱਖਣਾ ਬਹੁਤ ਮੁਸ਼ਕਿਲ ਹੋਵੇਗਾ।
ਇਸ ਬਗਾਵਤ ਨੂੰ ਕ੍ਰਾਂਤੀ 'ਚ ਬਦਲਣ ਲਈ ਇਕ ਵਿਚਾਰ ਦੀ ਲੋੜ ਹੈ। ਹੁਣ ਤਕ ਜ਼ਿਆਦਾਤਰ ਕਿਸਾਨ ਸੰਗਠਨ ਇਕ ਟਰੇਡ ਯੂਨੀਅਨ ਦੀ ਮਾਨਸਿਕਤਾ ਨਾਲ ਚੱਲਦੇ ਹਨ। ਉਨ੍ਹਾਂ ਨੂੰ ਵਿਕਾਸ ਦੇ ਮਾਡਲ ਤੋਂ ਸ਼ਿਕਾਇਤ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਤਾਂ ਕਿਸਾਨ ਦਾ ਹਿੱਸਾ ਚਾਹੀਦਾ ਹੈ।
ਜੇ ਕਿਸਾਨਾਂ ਦੀ ਹਾਲਤ ਬਦਲਣੀ ਹੈ ਤਾਂ ਉਨ੍ਹਾਂ ਨੂੰ ਖੇਤੀ ਵਿਰੋਧੀ ਵਿਕਾਸ ਦੇ ਇਸ ਮਾਡਲ ਨੂੰ ਖਾਰਿਜ ਕਰਨਾ ਪਏਗਾ। ਇਸ ਦੀ ਸ਼ੁਰੂਆਤ ਅੱਜ ਦੀ ਵਿਵਸਥਾ 'ਚ ਦੋ ਸਵਾਲ ਉਠਾ ਕੇ ਕੀਤੀ ਜਾ ਸਕਦੀ ਹੈ—ਪਹਿਲਾ ਸਵਾਲ ਖੇਤੀ ਉਪਜ ਦੇ ਵਾਜਿਬ ਮੁੱਲ ਦਾ ਹੈ।
ਅੱਜ ਦੀ ਵਿਵਸਥਾ 'ਚ ਕਿਸਾਨਾਂ ਨੂੰ ਸਹੀ ਮੁੱਲ ਦੇਣਾ ਸੰਭਵ ਨਹੀਂ ਹੈ ਤੇ ਦੂਜਾ ਸਵਾਲ ਇਹ ਕਿ ਕਿਸਾਨਾਂ ਨੂੰ ਕਰਜ਼-ਮੁਕਤ ਕੀਤਾ ਜਾਵੇ। ਇਹ ਦੋਵੇਂ ਸਵਾਲ ਅੱਜ ਕਿਸਾਨ ਅੰਦੋਲਨ ਦੇ ਪ੍ਰਮੁੱਖ ਮੁੱਦੇ ਬਣੇ ਹੋਏ ਹਨ ਤੇ ਸਾਰੇ ਅੰਦੋਲਨਕਾਰੀਆਂ ਨੂੰ ਇਨ੍ਹਾਂ ਹੀ ਦੋ ਮੁੱਦਿਆਂ ਨੂੰ ਲੈ ਕੇ ਸਰਗਰਮ ਰਹਿਣਾ ਪਵੇਗਾ।
ਕਿਸਾਨ ਅੰਦੋਲਨ ਨੂੰ ਕ੍ਰਾਂਤੀ 'ਚ ਬਦਲਣ ਲਈ ਸਿਆਸਤ ਨਾਲੋਂ ਨਾਤਾ ਤੋੜਨਾ ਪਵੇਗਾ। ਕਿਸਾਨ ਅੰਦੋਲਨ ਦੇ ਆਗੂਆਂ 'ਚ ਖੁਦ ਨੂੰ ਗੈਰ-ਸਿਆਸੀ ਕਹਿਣ ਦਾ ਰਿਵਾਜ ਹੈ। ਅਤੀਤ 'ਚ ਪਾਰਟੀਆਂ ਅਤੇ ਸਰਕਾਰਾਂ ਤੋਂ ਮਿਲੇ ਧੋਖੇ ਕਾਰਨ ਇਹ ਮੁਹਾਵਰਾ ਖੂਬ ਚੱਲਿਆ ਹੈ ਪਰ ਸੱਚ ਇਹ ਹੈ ਕਿ ਸ਼ਾਇਦ ਹੀ ਕੋਈ ਕਿਸਾਨ ਆਗੂ ਜਾਂ ਸੰਗਠਨ ਸਿਆਸਤ ਤੋਂ ਅਛੂਤਾ ਹੋਵੇ।
ਸਭ ਨੂੰ ਪਤਾ ਹੈ ਕਿ ਕਿਸਾਨਾਂ ਦਾ ਮੁੱਦਾ ਇਕ ਸਿਆਸੀ ਮੁੱਦਾ ਹੈ। ਉਨ੍ਹਾਂ ਨੂੰ ਜੋ ਵੀ ਮਿਲ ਸਕਦਾ ਹੈ, ਉਹ ਸਿਆਸੀ ਦਖਲ ਤੋਂ ਬਿਨਾਂ ਮਿਲਣਾ ਅਸੰਭਵ ਹੈ, ਇਸ ਲਈ ਸਿਆਸਤ ਤੋਂ ਪ੍ਰਹੇਜ਼ ਦੀ ਭਾਸ਼ਾ ਛੱਡ ਕੇ ਕਿਸਾਨ ਅੰਦੋਲਨ ਨੂੰ ਸਿਆਸਤ 'ਚ ਦਖਲ ਦੇਣਾ ਪਵੇਗਾ। ਸਥਾਪਿਤ ਪਾਰਟੀਆਂ ਦੀ ਸਿਆਸਤ ਕਰਨ ਦੀ ਬਜਾਏ ਇਕ ਨਵੀਂ ਕਿਸਮ ਦੀ ਸਿਆਸਤ ਚਲਾਉਣੀ ਪਵੇਗੀ। ਜੇ ਕਿਸਾਨ ਸਿਆਸਤ ਦੀ ਲਗਾਮ ਆਪਣੇ ਹੱਥ 'ਚ ਨਹੀਂ ਫੜਨਗੇ ਤਾਂ ਸੱਤਾ ਦੀ ਸਿਆਸਤ ਕਿਸਾਨਾਂ ਨੂੰ ਹੱਕਦੀ ਰਹੇਗੀ।
yyopinion@gmail.com


Related News