ਕਿਸਾਨਾਂ ਨੂੰ ਮੰਡੀਆਂ ''ਚ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ : ਅਨੁਰਾਗ ਵਰਮਾ
Sunday, Apr 21, 2024 - 04:13 PM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸੂਬੇ 'ਚ ਚੱਲ ਰਹੇ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਅਤੇ ਬੇਮੌਸਮੀ ਮੀਂਹ ਨਾਲ ਖ਼ਰਾਬ ਹੋਈ ਫ਼ਸਲ ਦਾ ਜਾਇਜ਼ਾ ਲੈਣ ਲਈ ਅੱਜ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਹੰਗਾਮੀ ਮੀਟਿੰਗ ਕੀਤੀ। ਮੀਟਿੰਗ 'ਚ ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤਾ ਕਿ ਉਹ ਹਰ ਹਾਲਤ 'ਚ ਯਕੀਨੀ ਬਣਾਉਣ ਕਿ ਕਿਸਾਨਾਂ ਵੱਲੋਂ ਮੰਡੀ 'ਚ ਲਿਆਂਦੀ ਗਈ ਫ਼ਸਲ ਦੀ ਫੌਰੀ ਤੌਰ 'ਤੇ ਖ਼ਰੀਦ ਹੋਵੇ। ਇਸ ਦੇ ਨਾਲ ਹੀ 48 ਘੰਟੇ ਦੇ ਅੰਦਰ-ਅੰਦਰ ਖ਼ਰੀਦੀ ਫ਼ਸਲ ਦੀ ਅਦਾਇਗੀ ਕਿਸਾਨ ਦੇ ਖ਼ਾਤੇ ਵਿੱਚ ਯਕੀਨੀ ਬਣਾਈ ਜਾਵੇ।
ਵਰਮਾ ਨੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤਾ ਕਿ ਉਹ ਹਰ ਰੋਜ਼ ਆਪਣੇ ਜ਼ਿਲ੍ਹੇ ਦੀਆਂ ਖ਼ਰੀਦ ਏਜੰਸੀਆਂ ਨਾਲ ਮੀਟਿੰਗ ਕਰਨ, ਜਿਸ 'ਚ ਉਹ ਜ਼ਿਲ੍ਹੇ ਦੀ ਹਰ ਮੰਡੀ 'ਚ ਹੋ ਰਹੀ ਖ਼ਰੀਦ ਦੀ ਸਮੀਖਿਆ ਕਰਨ। ਵਰਮਾ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਹੁਕਮ ਦਿੱਤੇ ਕਿ ਉਹ ਨਿੱਜੀ ਤੌਰ 'ਤੇ ਮੰਡੀਆਂ ਦਾ ਦੌਰਾ ਕਰਨ। ਵਰਮਾ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਬੇਮੌਸਮੀ ਬਾਰਸ਼ ਨਾਲ ਹੋਏ ਕਿਸਾਨਾਂ ਦੇ ਨੁਕਸਾਨ ਸਬੰਧੀ ਸਰਕਾਰ ਨੂੰ ਫੌਰੀ 'ਤੇ ਰਿਪੋਰਟ ਭੇਜਣ। ਜਿਸ ਕਿਸੇ ਪਿੰਡ ਵਿੱਚ ਵੀ ਬੇਮੌਸਮੀ ਬਾਰਸ਼ ਕਾਰਨ ਫ਼ਸਲ ਦਾ ਨੁਕਸਾਨ ਹੋਇਆ ਹੈ, ਉਸ ਪਿੰਡ ਦਾ ਡਿਪਟੀ ਕਮਿਸ਼ਨਰ ਜਾਂ ਐੱਸ. ਡੀ. ਐੱਮ. ਵੱਲੋਂ ਨਿੱਜੀ ਤੌਰ 'ਤੇ ਦੌਰਾ ਕੀਤਾ ਜਾਵੇ।