ਔਰਤਾਂ ਅਤੇ ਬੱਚਿਆਂ ''ਚ ਫਿਰਕਾਪ੍ਰਸਤੀ ਅਤੇ ਹਿੰਸਾ ਦੇ ਬੀਜ਼ ਨਾ ਬੀਜੋ

01/25/2020 12:29:39 AM

ਰਾਜਧਾਨੀ ਦਿੱਲੀ ਦਾ ਸ਼ਾਹੀਨ ਬਾਗ ਇਨ੍ਹੀਂ ਦਿਨੀਂ ਦੇਸ਼ ਵਿਚ ਤਾਂ ਸੁਰਖੀਆਂ ਵਿਚ ਬਣਿਆ ਹੀ ਹੋਇਆ ਹੈ, ਸੁਰਖ਼ੀਆਂ ਬਣਾਉਣ ਵਾਲਿਆਂ ਦੀ ਕ੍ਰਿਪਾ ਨਾਲ ਅਨੇਕ ਦੂਜੇ ਦੇਸ਼ਾਂ ਵਿਚ ਵੀ ਇਹ ਚਰਚਾ ਵਿਚ ਹੈ। ਉਥੇ ਜਾਓ ਅਤੇ ਚੁੱਪਚਾਪ ਘਟਨਾਚੱਕਰਾਂ, ਲੋਕਾਂ ਦੀਆਂ ਸਰਗਰਮੀਆਂ, ਉਨ੍ਹਾਂ ਦੀ ਆਪਸੀ ਗੱਲਬਾਤ, ਸਭ ਦਾ ਜਾਇਜ਼ਾ ਲਓ। ਤੁਹਾਡੇ ਸਾਹਮਣੇ ਇਹ ਸਪੱਸ਼ਟ ਹੋ ਜਾਵੇਗਾ ਕਿ ਪੂਰਾ ਧਰਨਾ ਹੀ ਝੂਠ, ਭਰਮ, ਗੈਰ-ਜਾਣਕਾਰੀ, ਨਾਸਮਝੀ, ਪਾਖੰਡ, ਫਿਰਕੂ ਸੋਚ ਅਤੇ ਭਾਜਪਾ, ਸੰਘ ਅਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਪ੍ਰਤੀ ਇਕ ਵੱਡੇ ਵਰਗ ਅੰਦਰ ਪਾਈ ਜਾ ਰਹੀ ਨਫਰਤ ਦੀ ਭਾਵਨਾ ਹੈ। ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਅਤੇ ਗੱਠਜੋੜ ਵੀ ਇਸੇ ਤਰ੍ਹਾਂ ਦੀ ਨਫਰਤ ਅਤੇ ਫਿਰਕਾਪ੍ਰਸਤੀ ਨੂੰ ਉਤਸ਼ਾਹ ਦੇਣ ਵਿਚ ਭੂਮਿਕਾ ਨਿਭਾਅ ਰਹੇ ਹਨ।
ਝੂਠ ਇਹ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਮੁਸਲਮਾਨਾਂ ਦੇ ਵਿਰੁੱਧ ਹੈ। ਕਈ ਲੋਕ ਕਹਿੰਦੇ ਮਿਲ ਜਾਣਗੇ ਕਿ ਮੋਦੀ ਅਤੇ ਸ਼ਾਹ ਮੁਸਲਮਾਨਾਂ ਨੂੰ ਬਾਹਰ ਕੱਢਣਾ ਚਾਹੁੰਦੇ ਹਨ ਜਾਂ ਸਾਨੂੰ ਕੈਦ ਵਿਚ ਰੱਖਣਗੇ। ਇਹ ਭਰਮ ਹੈ, ਜਿਸ ਨੂੰ ਯੋਜਨਾਬੱਧ ਢੰਗ ਨਾਲ ਫੈਲਾਇਆ ਗਿਆ ਹੈ। ਗੈਰ-ਜਾਣਕਾਰੀ ਦਾ ਤਾਂ ਸਾਮਰਾਜ ਹੈ, ਜ਼ਿਆਦਾਤਰ ਨੂੰ ਤਾਂ ਪਤਾ ਹੀ ਨਹੀਂ ਕਿ ਨਾਗਰਿਕਤਾ ਕਾਨੂੰਨ, ਐੱਨ. ਪੀ. ਆਰ. ਜਾਂ ਐੱਨ. ਆਰ. ਸੀ. ਕੀ ਹੈ? ਜਿਸ ਦੀ ਤੁਸੀਂ ਕਲਪਨਾ ਨਹੀਂ ਕਰ ਸਕਦੇ, ਉਹ ਗੱਲਾਂ ਉਥੇ ਸੁਣਨ ਨੂੰ ਮਿਲ ਜਾਣਗੀਆਂ। ਨਾਸਮਝੀ ਇਹ ਹੈ ਕਿ ਇਸ ਦੇ ਪਿੱਛੇ ਭੂਮਿਕਾ ਨਿਭਾਉਣ ਵਾਲੇ ਕੁਝ ਲੋਕ ਮੰਨਦੇ ਹਨ ਕਿ ਇਸ ਨਾਲ ਮੋਦੀ ਸਰਕਾਰ ਵਿਰੁੱਧ ਮਾਹੌਲ ਬਣੇਗਾ ਅਤੇ ਇਹ ਸਮੇਂ ਤੋਂ ਪਹਿਲਾਂ ਹੀ ਡਿੱਗ ਜਾਵੇਗੀ।
ਇਸ ਲੇਖਕ ਨੂੰ ਟੀ. ਵੀ. 'ਤੇ ਲਗਾਤਾਰ ਦਿਸਣ ਵਾਲੇ ਇਕ ਮੌਲਾਨਾ ਨੇ ਖ਼ੁਦ ਕਿਹਾ ਕਿ ਸਰਕਾਰ ਹੁਣ ਜਾਣ ਵਾਲੀ ਹੈ। ਪਾਖੰਡ ਇਹ ਕਿ ਇਸ ਦੇ ਪਿੱਛੇ ਗੰਦੀ ਰਾਜਨੀਤੀ ਹੈ। ਇਸ 'ਤੇ ਆਉਣ ਵਾਲੇ ਭਾਰੀ ਖਰਚ ਨੂੰ ਅਦ੍ਰਿਸ਼ ਸ਼ਕਤੀਆਂ ਸਹਿਣ ਕਰ ਰਹੀਆਂ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਲੋਕ ਖਰਚ ਕਰ ਰਹੇ ਹਨ। ਵਿੱਤ ਪੋਸ਼ਣ ਵੀ ਇਕ ਭੇਤ ਬਣਿਆ ਹੋਇਆ ਹੈ ਕਿ ਆਖਿਰ ਕੌਣ ਇੰਨਾ ਖਰਚ ਕਰ ਰਿਹਾ ਹੈ?
ਸਭ ਤੋਂ ਭਿਆਨਕ ਸਥਿਤੀ ਇਸ ਕਥਿਤ ਅੰਦੋਲਨ ਵਿਚ ਛੋਟੇ-ਛੋਟੇ ਬੱਚਿਆਂ ਦੀ ਦੁਰਵਰਤੋਂ ਹੈ। ਉਨ੍ਹਾਂ ਦੇ ਅੰਦਰ ਕਿਸ ਤਰ੍ਹਾਂ ਦਾ ਜ਼ਹਿਰ ਭਰਿਆ ਜਾ ਰਿਹਾ ਹੈ, ਇਸ ਦੀ ਮਿਸਾਲ ਉਨ੍ਹਾਂ ਦੇ ਬਿਆਨਾਂ ਅਤੇ ਨਾਅਰਿਆਂ ਤੋਂ ਮਿਲ ਜਾਵੇਗੀ। ਇਕ ਬੱਚਾ-ਬੱਚੀ, ਜਿਸ ਨੂੰ ਆਜ਼ਾਦੀ ਦਾ ਅਰਥ ਨਹੀਂ ਪਤਾ, ਉਸ ਨੂੰ ਰਟਵਾ ਕੇ ਨਾਅਰਾ ਲਗਵਾਇਆ ਜਾ ਰਿਹਾ ਹੈ। ਇਕ ਬੱਚੀ ਨੂੰ ਪੂਰਾ ਬਿਆਨ ਰਟਾ ਦਿੱਤਾ ਗਿਆ ਹੈ, ਜਿਸ 'ਚ ਉਹ ਕਹਿ ਰਹੀ ਹੈ ਕਿ ਮੋਦੀ ਅਤੇ ਸ਼ਾਹ ਸਾਨੂੰ ਮਾਰਨ ਵਾਲੇ ਹਨ, ਅਸੀਂ ਉਸ ਨੂੰ ਮਾਰ ਦੇਵਾਂਗੇ। ਇਸ ਬਹੁ-ਪ੍ਰਚਾਰਿਤ ਧਰਨੇ, ਜਿਸ ਨੂੰ ਭਾਰਤ ਦੇ ਸਭ ਤੋਂ ਵੱਡੇ ਅੰਦੋਲਨ ਦੀ ਸੰਗਿਆ ਦਿੱਤੀ ਜਾ ਰਹੀ ਹੈ, ਦਾ ਇਹੀ ਸੱਚ ਹੈ। ਇਸ 'ਚ 6 ਸ਼੍ਰੇਣੀਆਂ ਦੇ ਲੋਕਾਂ ਦੀ ਭੂਮਿਕਾ ਹੈ। ਅਜਿਹੇ ਲੋਕ ਹਨ, ਜਿਨ੍ਹਾਂ ਦੇ ਅੰਦਰ ਵਾਕਈ ਇਹ ਡਰ ਪੈਦਾ ਕਰ ਦਿੱਤਾ ਗਿਆ ਹੈ ਕਿ ਮੋਦੀ ਸਰਕਾਰ ਪੂਰੇ ਮੁਸਲਿਮ ਭਾਈਚਾਰੇ ਵਿਰੁੱਧ ਕੰਮ ਕਰ ਰਹੀ ਹੈ। ਇਸ ਲਈ ਸਾਨੂੰ ਆਪਣੀ ਰੱਖਿਆ ਲਈ ਉਥੇ ਜਾਣਾ ਚਾਹੀਦਾ ਹੈ। ਦੂਜੀ ਸ਼੍ਰੇਣੀ 'ਚ ਉਹ ਲੋਕ ਹਨ, ਜਿਨ੍ਹਾਂ ਨੂੰ ਪੂਰਾ ਸੱਚ ਪਤਾ ਹੈ ਪਰ ਮੋਦੀ ਅਤੇ ਭਾਜਪਾ ਨਾਲ ਨਫਰਤ ਕਾਰਣ ਉਨ੍ਹਾਂ ਨੇ ਇਹ ਅੱਗ ਲਾਈ ਹੈ ਅਤੇ ਉਹ ਉਥੇ ਡਟੇ ਹੋਏ ਹਨ ਤਾਂ ਕਿ ਅੱਗ ਬੁਝੇ ਨਾ। ਤੀਜੀ ਸ਼੍ਰੇਣੀ 'ਚ ਉਹ ਹਨ, ਜਿਨ੍ਹਾਂ ਦਾ ਅੰਦੋਲਨ ਨਾਲ ਕੋਈ ਲੈਣਾ-ਦੇਣਾ ਨਹੀਂ। ਉਹ ਜਾਂ ਤਾਂ ਆਪਣੇ ਨੇਤਾ, ਮਾਲਕ ਜਾਂ ਹੋਰਨਾਂ ਦੇ ਕਹਿਣੇ 'ਚ ਜਾਂ ਫਿਰ ਪੈਸੇ ਅਤੇ ਹੋਰ ਲਾਲਚ 'ਚ ਆ ਜਾਂਦੇ ਹਨ। ਚੌਥੀ ਸ਼੍ਰੇਣੀ ਉਨ੍ਹਾਂ ਨੇਤਾਵਾਂ ਦੀ ਹੈ, ਜੋ ਉਥੇ ਇਸ ਲਈ ਜਾ ਰਹੇ ਹਨ ਤਾਂ ਕਿ ਉਹ ਮੁਸਲਮਾਨਾਂ ਦੇ ਹਮਦਰਦ ਬਣ ਕੇ ਉਨ੍ਹਾਂ ਦੀਆਂ ਵੋਟਾਂ ਪ੍ਰਾਪਤ ਕਰ ਸਕਣ। ਪੰਜਵੀਂ ਸ਼੍ਰੇਣੀ ਉਨ੍ਹਾਂ ਦੀ ਹੈ, ਜੋ ਜੇ. ਐੱਨ. ਯੂ. ਤੋਂ ਲੈ ਕੇ ਜਾਮਾ ਮਸਜਿਦ ਅਤੇ ਕਈ ਥਾਵਾਂ 'ਤੇ ਦੇਸ਼ ਵਿਰੋਧੀ ਨਾਅਰਿਆਂ ਤੋਂ ਲੈ ਕੇ ਖਰੂਦ ਦੇ ਕਾਰਣ ਬਣੇ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਦੇ ਨਾਲ ਜੁੜ ਕੇ ਉਹ ਜ਼ਿਆਦਾ ਤਾਕਤਵਰ ਹੋਣਗੇ ਅਤੇ ਸਰਕਾਰ 'ਤੇ ਦਬਾਅ ਵਧੇਗਾ। 6ਵੀਂ ਸ਼੍ਰੇਣੀ ਮਜ਼ਹਬੀ ਕੱਟੜਪੰਥੀਆਂ ਦੀ ਹੈ, ਜੋ ਦੇਸ਼ ਵਿਚ ਆਪਣੀ ਸੋਚ ਦਾ ਜੇਹਾਦੀ ਮਾਹੌਲ ਪੈਦਾ ਕਰਨ ਲਈ ਸਰਗਰਮ ਰਹੇ ਹਨ।
ਜੇਕਰ ਇਨ੍ਹਾਂ ਸਾਰਿਆਂ ਨੂੰ ਨਾਲ ਮਿਲਾ ਦੇਈਏ ਤਾਂ ਸਿੱਟਾ ਇਹ ਹੈ ਕਿ ਹਰ ਹਾਲ ਵਿਚ ਮੋਦੀ ਸਰਕਾਰ ਨੂੰ ਮੁਸਲਮਾਨ ਵਿਰੋਧੀ, ਫਿਰਕੂ, ਲੋਕਤੰਤਰ ਦਾ ਘਾਣ ਕਰਨ ਵਾਲਾ ਕਰਾਰ ਦੇ ਕੇ ਦੇਸ਼ ਅਤੇ ਦੁਨੀਆ ਵਿਚ ਬਦਨਾਮ ਕਰਨਾ ਅਤੇ ਇਸ ਨੂੰ ਕਮਜ਼ੋਰ ਕਰਨਾ ਹੈ, ਹਾਲਾਂਕਿ ਇਸ ਵਿਚ ਸਫਲਤਾ ਮਿਲਣ ਦੀ ਸੰਭਾਵਨਾ ਇਸ ਲਈ ਨਹੀਂ ਹੈ ਕਿ ਅਜਿਹੇ ਝੂਠ ਅਤੇ ਫਰੇਬ 'ਤੇ ਆਧਾਰਿਤ ਪ੍ਰਦਰਸ਼ਨਾਂ ਨਾਲ ਮੋਦੀ ਸਰਕਾਰ ਦਾ ਸਮਰਥਨ ਜ਼ਿਆਦਾ ਵਧੇਗਾ।

ਮੁਸਲਿਮ ਭਾਈਚਾਰੇ ਅੰਦਰ ਇਹ ਭਾਵਨਾ ਪੈਦਾ ਹੋ ਗਈ ਹੈ ਕਿ ਇਸ ਕਾਨੂੰਨ ਨਾਲ ਸਾਡਾ ਲੈਣਾ-ਦੇਣਾ ਨਹੀਂ
ਅੱਜ ਦੀ ਸਥਿਤੀ ਇਹ ਹੈ ਕਿ ਰਾਜਧਾਨੀ ਦਿੱਲੀ ਦਾ ਵੱਡਾ ਵਰਗ, ਜਿਸ ਦੀ ਗਿਣਤੀ ਲੱਖਾਂ ਵਿਚ ਹੈ, ਉਹ ਇਸ ਧਰਨੇ ਕਾਰਣ ਲੱਗਣ ਵਾਲੇ ਜਾਮ ਤੋਂ ਪ੍ਰੇਸ਼ਾਨ ਹੋ ਕੇ ਇਸ ਦੇ ਵਿਰੁੱਧ ਹੈ। ਲੋਕ ਵਿਰੋਧ ਵਿਚ ਪ੍ਰਦਰਸ਼ਨ ਵੀ ਕਰਨ ਲੱਗੇ ਹਨ। ਮੀਡੀਆ ਦੇ ਵੱਡੇ ਸਮੂਹ ਵਲੋਂ ਤੱਥ ਸਾਹਮਣੇ ਰੱਖਣ ਅਤੇ ਵੱਖ-ਵੱਖ ਸੰਗਠਨਾਂ ਵਲੋਂ ਮੁਹੱਲਾ ਸਭਾਵਾਂ ਵਿਚ ਨਾਗਰਿਕਤਾ ਕਾਨੂੰਨ ਦਾ ਸੱਚ ਦੱਸਣ ਨਾਲ ਮੁਸਲਿਮ ਭਾਈਚਾਰੇ ਦੇ ਅੰਦਰ ਵੀ ਇਹ ਭਾਵਨਾ ਪੈਦਾ ਹੋ ਰਹੀ ਹੈ ਕਿ ਇਸ ਕਾਨੂੰਨ ਨਾਲ ਸਾਡਾ ਤਾਂ ਕੋਈ ਲੈਣਾ-ਦੇਣਾ ਨਹੀਂ। ਇਹ ਭਾਵਨਾ ਜਿਵੇਂ-ਜਿਵੇਂ ਵਧ ਰਹੀ ਹੈ, ਮੋਦੀ ਵਿਰੋਧੀ ਮੁਹਿੰਮਕਰਤਾ ਐੱਨ. ਪੀ. ਆਰ. ਅਤੇ ਐੱਨ. ਆਰ. ਸੀ. ਦੀ ਗੱਲ ਕਰਦੇ ਹੋਏ ਦੱਸ ਰਹੇ ਹਨ ਕਿ ਐੱਨ. ਪੀ. ਆਰ. ਵਿਚ ਤੁਹਾਡੇ ਤੋਂ ਪਛਾਣ ਮੰਗੀ ਜਾਵੇਗੀ, ਤੁਹਾਡੇ ਖਾਨਦਾਨ ਦਾ ਵੇਰਵਾ ਮੰਗਿਆ ਜਾਵੇਗਾ ਅਤੇ ਨਾ ਦੇਣ 'ਤੇ ਤੁਹਾਡੇ ਨਾਂ ਦੇ ਸਾਹਮਣੇ ਸਭ ਕੁਝ ਲਿਖ ਦਿੱਤਾ ਜਾਵੇਗਾ ਅਤੇ ਐੱਨ. ਆਰ. ਸੀ. ਵਿਚ ਤੁਹਾਡਾ ਨਾਂ ਨਹੀਂ ਹੋਵੇਗਾ। ਇਸ ਤਰ੍ਹਾਂ ਤੁਸੀਂ ਭਾਰਤ ਦੇ ਨਾਗਰਿਕ ਨਹੀਂ ਰਹੋਗੇ।
ਇਥੋਂ ਤਕ ਭੰਡੀ-ਪ੍ਰਚਾਰ ਹੈ ਕਿ ਉਸ ਤੋਂ ਬਾਅਦ ਤੁਹਾਨੂੰ ਜਿਸ ਸੈਂਟਰ ਵਿਚ ਰੱਖਿਆ ਜਾਵੇਗਾ, ਉਥੇ ਮੋਦੀ ਅਤੇ ਸ਼ਾਹ ਸਿਰਫ ਇਕ ਸ਼ਾਮ ਦਾ ਭੋਜਨ ਤੁਹਾਨੂੰ ਦੇਣਗੇ। ਤੁਸੀਂ ਜੇਕਰ ਸ਼ਾਹੀਨ ਬਾਗ ਨਹੀਂ ਗਏ ਹੋ ਤਾਂ ਤੁਹਾਨੂੰ ਇਸ 'ਤੇ ਵਿਸ਼ਵਾਸ ਨਹੀਂ ਹੋਵੇਗਾ ਪਰ ਉਥੇ ਚਲੇ ਜਾਓ ਤਾਂ ਤੁਹਾਡਾ ਇਨ੍ਹਾਂ ਮਹਾਨ ਵਿਚਾਰਾਂ ਨਾਲ ਸਾਹਮਣਾ ਹੋ ਜਾਵੇਗਾ।

ਬੱਚਿਆਂ 'ਚ ਫਿਰਕਾਪ੍ਰਸਤੀ ਅਤੇ ਹਿੰਸਾ ਦਾ ਬੀਜ ਬੀਜਣ ਵਾਲੇ ਦੇਸ਼ ਨੂੰ ਕਿੱਧਰ ਲਿਜਾ ਰਹੇ ਹਨ
ਇਸ ਤਰ੍ਹਾਂ ਬੱਚਿਆਂ ਅੰਦਰ ਫਿਰਕਾਪ੍ਰਸਤੀ ਅਤੇ ਹਿੰਸਾ ਦਾ ਬੀਜ ਬੀਜਣ ਵਾਲੇ ਆਖਿਰ ਦੇਸ਼ ਨੂੰ ਕਿੱਧਰ ਲਿਜਾਣਾ ਚਾਹੁੰਦੇ ਹਨ? ਇਨ੍ਹਾਂ ਬੱਚਿਆਂ ਦਾ ਕੀ ਦੋਸ਼ ਹੈ ਪਰ ਇਹ ਵੀ ਰਣਨੀਤੀ ਹੈ। ਬੱਚਿਆਂ ਅਤੇ ਔਰਤਾਂ ਨੂੰ ਅੱਗੇ ਰੱਖੋ ਤਾਂ ਕਿ ਦੁਨੀਆ ਦਾ ਮੀਡੀਆ ਇਹ ਸੁਣੇ ਅਤੇ ਇਨ੍ਹਾਂ 'ਤੇ ਕੋਈ ਕਾਰਵਾਈ ਹੋਵੇ ਤਾਂ ਫਿਰ ਸਾਨੂੰ ਛਾਤੀ ਪਿੱਟਣ ਦਾ ਮੌਕਾ ਮਿਲ ਜਾਵੇ ਕਿ ਔਰਤਾਂ ਅਤੇ ਬੱਚਿਆਂ ਦੇ ਨਾਲ ਜ਼ੁਲਮ ਕੀਤਾ ਗਿਆ। ਇਨ੍ਹਾਂ ਦੇ ਨੇਤਾਵਾਂ ਦੇ ਮੂੰਹੋਂ ਇਹੀ ਨਿਕਲਦਾ ਹੈ ਕਿ ਔਰਤਾਂ ਇਥੇ ਆਪਣੇ ਅਧਿਕਾਰਾਂ ਲਈ ਅਤੇ ਸੰਵਿਧਾਨ ਦੀ ਰੱਖਿਆ ਲਈ ਲੜ ਰਹੀਆਂ ਹਨ ਤਾਂ ਉਨ੍ਹਾਂ ਦੇ ਬੱਚੇ ਕਿੱਥੇ ਜਾਣਗੇ। ਇਹ ਬੱਚੇ ਜੋ ਕਹਿ ਰਹੇ ਹਨ, ਉਹ ਉਨ੍ਹਾਂ ਨੇ ਉਥੇ ਦੇਖਿਆ ਹੈ, ਉਨ੍ਹਾਂ ਨੂੰ ਕਿਸੇ ਨੇ ਸਿਖਾਇਆ ਨਹੀਂ ਹੈ। ਇਕ ਬੱਚਾ ਨਾਅਰਾ ਲਾ ਰਿਹਾ ਹੈ ਕਿ ਜੋ ਹਿਟਲਰ ਦੀ ਚਾਲ ਚੱਲੇਗਾ ਅਤੇ ਉਸ ਦੇ ਨਾਲ ਸਭ ਬੋਲ ਰਹੇ ਹਨ ਕਿ ਉਹ ਹਿਟਲਰ ਦੀ ਮੌਤ ਮਰੇਗਾ। ਕੀ ਕੋਈ ਬੱਚਾ ਬਿਨਾਂ ਸਿਖਾਏ ਇਹ ਨਾਅਰਾ ਬੋਲ ਸਕਦਾ ਹੈ? ਔਰਤਾਂ ਨੂੰ ਅੱਗੇ ਰੱਖਣ ਦੀ ਰਣਨੀਤੀ ਦੇ ਤਹਿਤ ਦਿੱਲੀ ਵਿਚ ਹੀ ਕਈ ਥਾਵਾਂ 'ਤੇ ਅਜਿਹੇ ਧਰਨੇ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਦੇਸ਼ ਦੇ ਕੁਝ ਦੂਜੇ ਹਿੱਸਿਆਂ ਵਿਚ ਵੀ ਇਹ ਬੱਚੇ ਕਿੰਨੀ ਖਤਰਨਾਕ ਮਾਨਸਿਕਤਾ ਨਾਲ ਵੱਡੇ ਹੋਣਗੇ ਅਤੇ ਕੀ ਕਰਨਗੇ, ਇਹ ਸੋਚ ਕੇ ਹੀ ਡਰ ਪੈਦਾ ਹੋ ਜਾਂਦਾ ਹੈ।

ਕਿਸੇ ਵਿਰੋਧ ਜਾਂ ਅੰਦੋਲਨ ਦਾ ਦਲੀਲੀ ਆਧਾਰ ਹੋਣਾ ਚਾਹੀਦਾ ਹੈ
ਸਵਾਲ ਹੈ ਕਿ ਇਹ ਇਸੇ ਤਰ੍ਹਾਂ ਹੀ ਚੱਲੇਗਾ ਜਾਂ ਇਸ 'ਤੇ ਪੂਰੀ ਰੋਕ ਲਾਈ ਜਾਵੇਗੀ? ਇਹ ਕਹਿਣਾ ਕਿ ਵਿਰੋਧ ਪ੍ਰਦਰਸ਼ਨ, ਅੰਦੋਲਨ ਸਾਡਾ ਸੰਵਿਧਾਨਿਕ ਅਧਿਕਾਰ ਹੈ, ਇਸ ਖਤਰਨਾਕ ਮੁਹਿੰਮ ਦਾ ਸਰਲੀਕਰਨ ਕਰਨਾ ਹੈ। ਸਭ ਤੋਂ ਪਹਿਲਾਂ ਤਾਂ ਕਿਸੇ ਵਿਰੋਧ ਜਾਂ ਅੰਦੋਲਨ ਦਾ ਦਲੀਲੀ ਆਧਾਰ ਹੋਣਾ ਚਾਹੀਦਾ ਹੈ। ਨਾਗਰਿਕਤਾ ਕਾਨੂੰਨ ਮੁਸਲਮਾਨਾਂ ਦੇ ਵਿਰੁੱਧ ਹੈ ਹੀ ਨਹੀਂ। ਐੱਨ. ਪੀ. ਆਰ. 2010 ਵਿਚ ਹੋਇਆ, 2015 ਵਿਚ ਉਸ ਨੂੰ ਲਾਗੂ ਕੀਤਾ ਗਿਆ, ਕੋਈ ਸਮੱਸਿਆ ਨਹੀਂ ਆਈ। ਉਹ ਮੂਲ ਮਰਦਮਸ਼ੁਮਾਰੀ ਦਾ ਹਿੱਸਾ ਹੈ ਅਤੇ ਸਰਕਾਰ ਦੇ ਕਲਿਆਣਕਾਰੀ ਪ੍ਰੋਗਰਾਮਾਂ ਲਈ ਜ਼ਰੂਰੀ ਹੈ। ਐੱਨ. ਆਰ. ਸੀ. ਅਜੇ ਆਇਆ ਨਹੀਂ, ਜਦੋਂ ਆਵੇਗਾ ਅਤੇ ਉਸ ਵਿਚ ਕੁਝ ਇਤਰਾਜ਼ਯੋਗ ਗੱਲਾਂ ਹੋਣਗੀਆਂ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ। ਇਸ ਸਮੇਂ ਅਜਿਹਾ ਕੁਝ ਹੈ ਨਹੀਂ, ਤਾਂ ਜਿਸ ਵਿਰੋਧ ਦਾ ਕੋਈ ਦਲੀਲੀ ਆਧਾਰ ਨਹੀਂ ਹੈ, ਜੋ ਵਿਰੋਧ ਦੂਜਿਆਂ ਦੇ ਅਧਿਕਾਰ ਦੀ ਉਲੰਘਣਾ ਕਰ ਰਿਹਾ ਹੈ, ਜਿਸ ਵਿਚ ਬੱਚਿਆਂ ਦਾ ਰੈਡੀਕਲਾਈਜ਼ੇਸ਼ਨ ਕੀਤਾ ਜਾ ਰਿਹਾ ਹੈ, ਜਿਸ ਵਿਚ ਇਕ ਫਿਰਕੇ ਨੂੰ ਭੜਕਾਉਣ ਵਰਗੇ ਫਿਰਕਾਪ੍ਰਸਤੀ ਦੇ ਅਨਸਰ ਸਾਫ ਦਿਸ ਰਹੇ ਹਨ, ਜਿਸ ਦਾ ਪੂਰਾ ਉਦੇਸ਼ ਹੀ ਗਲਤ ਸਿਆਸਤ ਹੈ, ਭਾਵ ਮੋਦੀ-ਸ਼ਾਹ ਨੂੰ ਬਦਨਾਮ ਕਰ ਕੇ ਸਰਕਾਰ ਨੂੰ ਫ਼ਾਸ਼ੀਵਾਦੀ ਸਿੱਧ ਕਰੋ...ਉਹ ਸੰਵਿਧਾਨਿਕ ਅਧਿਕਾਰ ਦੇ ਤਹਿਤ ਨਹੀਂ ਆ ਸਕਦਾ। ਸੰਵਿਧਾਨ ਵਿਚ ਮੌਲਿਕ ਅਧਿਕਾਰਾਂ ਦੇ ਨਾਲ ਮੌਲਿਕ ਫਰਜ਼ ਵੀ ਹਨ। ਅਜਿਹਾ ਨਹੀਂ ਹੋ ਸਕਦਾ ਕਿ ਅਧਿਕਾਰਾਂ ਦੇ ਨਾਂ 'ਤੇ ਅਜਿਹੀ ਸਥਿਤੀ ਪੈਦਾ ਕਰ ਦੇਈਏ, ਜਿਸ ਨਾਲ ਦੂਜਿਆਂ ਲਈ ਫਰਜ਼ਾਂ ਦੀ ਪਾਲਣਾ ਮੁਸ਼ਕਿਲ ਹੋ ਜਾਵੇ ਅਤੇ ਉਹ ਵੀ ਯੋਜਨਾਬੱਧ ਸਿਆਸੀ ਸਾਜ਼ਿਸ਼ ਦੇ ਤਹਿਤ।
ਸਪੱਸ਼ਟ ਹੈ ਕਿ ਸ਼ਾਹੀਨ ਬਾਗ ਦਾ ਅੰਤ ਨਹੀਂ ਹੋਵੇਗਾ ਤਾਂ ਇਸ ਦਾ ਜ਼ਹਿਰੀਲਾ ਵਿਸਤਾਰ ਹੋਰ ਜਗ੍ਹਾ ਹੋ ਸਕਦਾ ਹੈ। ਇਸ ਵਿਚ ਵੱਖ-ਵੱਖ ਗਲਤ ਉਦੇਸ਼ ਨਾਲ ਲੱਗੇ ਲੋਕ ਜਾਣਦੇ ਹਨ ਕਿ ਇਸ ਨੂੰ ਜਗ੍ਹਾ-ਜਗ੍ਹਾ ਫੈਲਾਏ ਬਿਨਾਂ ਉਹ ਮੋਦੀ ਸਰਕਾਰ ਨੂੰ ਖਲਨਾਇਕ ਬਣਾ ਦੇਣ ਵਿਚ ਕਾਮਯਾਬ ਨਹੀਂ ਹੋਣਗੇ। ਇਸ ਲਈ ਜ਼ਿਆਦਾ ਵਿਸਤਾਰ ਤੋਂ ਪਹਿਲਾਂ ਹੀ ਇਸ ਨੂੰ ਰੋਕਣਾ ਪਵੇਗਾ। ਇਸ ਦੇ ਕਾਰਣ ਦੇਸ਼ ਦੇ ਵੱਡੇ ਵਰਗ ਵਿਚ ਗੁੱਸਾ ਪੈਦਾ ਹੋ ਰਿਹਾ ਹੈ, ਤਾਂ ਖਤਰਾ ਇਹ ਹੈ ਕਿ ਕਿਤੇ ਪ੍ਰਤੀਕਿਰਿਆ ਵਿਚ ਉਹ ਵਰਗ ਇਨ੍ਹਾਂ ਨੂੰ ਚੁਣੌਤੀ ਦੇਣ ਲੱਗਾ ਤਾਂ ਫਿਰ ਸਥਿਤੀ ਕੰਟਰੋਲ ਤੋਂ ਬਾਹਰ ਹੋ ਜਾਵੇਗੀ। ਇਸ ਲਈ ਜ਼ਰੂਰੀ ਹੈ ਕਿ ਇਸ ਨੂੰ ਹੁਣੇ ਰੋਕਿਆ ਜਾਵੇ। ਇਸ ਗੱਲ ਦੀ ਚਿੰਤਾ ਕੀਤੇ ਬਿਨਾਂ ਕਿ ਇਹ ਕੀ ਗਲਤ ਪ੍ਰਚਾਰ ਕਰਨਗੇ, ਇਹ ਅੱਗੇ ਕੀ ਕਰਨਗੇ ਅਤੇ ਸਿਆਸੀ ਪਾਰਟੀਆਂ ਇਸ ਨੂੰ ਕਿਸ ਤਰ੍ਹਾਂ ਲੈਣਗੀਆਂ, ਇਸ ਦਾ ਕਾਨੂੰਨੀ ਤਰੀਕੇ ਨਾਲ ਅੰਤ ਕੀਤਾ ਜਾਵੇ।

                                                                                         —ਅਵਧੇਸ਼ ਕੁਮਾਰ


KamalJeet Singh

Content Editor

Related News