ਚੀਨ ਨੂੰ ਦਰਕਿਨਾਰ ਕਰਕੇ ਇਟਲੀ ਆਸੀਆਨ ਦੇਸ਼ਾਂ ਨਾਲ ਕਰ ਰਿਹਾ ਰਣਨੀਤਕ ਸਮਝੌਤੇ

07/22/2023 6:04:21 PM

ਯੂਰਪੀ ਦੇਸ਼ ਇਟਲੀ ਹੁਣ ਚੀਨ ਤੋਂ ਬਚਦਿਆਂ ਦੱਖਣ-ਪੂਰਬੀ ਏਸ਼ੀਆ ’ਚ ਆਪਣੇ ਪੈਰ ਪਸਾਰਨੇ ਚਾਹੁੰਦਾ ਹੈ। ਇਹ ਪੂਰਾ ਖੇਤਰ ਹਿੰਦ-ਪ੍ਰਸ਼ਾਂਤ ’ਚ ਆਉਂਦਾ ਹੈ ਅਤੇ ਇਸ ਖੇਤਰ ’ਚ ਚੀਨ ਆਪਣੀ ਹਮਲਾਵਰ ਨੀਤੀ ਲਈ ਬਦਨਾਮ ਹੈ। ਚੀਨ ਦੇ ਹਮਲਾਵਰ ਰੁਖ ਕਾਰਨ ਹਿੰਦ-ਪ੍ਰਸ਼ਾਂਤ ਖੇਤਰ ’ਚ ਕਈ ਦੇਸ਼ ਚੀਨ ਦੀ ਇਸ ਹਰਕਤ ਤੋਂ ਪ੍ਰੇਸ਼ਾਨ ਹਨ ਅਤੇ ਉਹ ਇਲਾਕਾਈ ਹੱਦਾਂ ਤੋਂ ਅੱਗੇ ਵੱਧ ਕੇ ਦੂਜੇ ਦੇਸ਼ਾਂ ਨਾਲ ਵਪਾਰਕ ਅਤੇ ਰਣਨੀਤਕ ਸਹਿਯੋਗ ਅਤੇ ਗੱਠਜੋੜ ਕਰਨਾ ਚਾਹੁੰਦੇ ਹਨ। ਉੱਥੇ ਹੀ ਇਟਲੀ ਦੀ ਦਿਲਚਸਪੀ ਤਾਂ ਭੂਮੱਧ ਸਾਗਰ ਦੇ ਖੇਤਰ ’ਚ ਹੈ ਪਰ ਜਿਵੇਂ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਇਸ ਸਮੇਂ ਹਿੰਦ-ਪ੍ਰਸ਼ਾਂਤ ਖੇਤਰ ਅਤੇ ਦੱਖਣ-ਪੂਰਬੀ ਏਸ਼ੀਆ ’ਚ ਬਦਲਾਅ ਅਤੇ ਤਰੱਕੀ ਦੀ ਧਾਰਾ ਵਹਿ ਰਹੀ ਹੈ ਤਾਂ ਇਟਲੀ ਖੁਦ ਨੂੰ ਇਸ ਖੇਤਰ ਨਾਲ ਜੋੜਨ ਲਈ ਹਰ ਜੁਗਤ ਦੀ ਵਰਤੋਂ ਕਰ ਰਿਹਾ ਹੈ ਪਰ ਉਹ ਡਿਪਲੋਮੈਟਿਕ ਤਰੀਕੇ ਨਾਲ ਚੀਨ ਤੋਂ ਦੂਰੀ ਵੀ ਬਣਾ ਰਿਹਾ ਹੈ। ਚੀਨ ਦੀ ਕਰਨੀ ਅਤੇ ਉਸ ਦੀ ਚਾਲ ਤੋਂ ਦੁਨੀਆ ਵਾਕਿਫ ਹੈ। ਹਾਲ ਹੀ ’ਚ ਇਟਲੀ ਦੇ ਵਿਦੇਸ਼ ਵਿਭਾਗ ਨੇ ਜਨਵਰੀ 2022 ’ਚ ਇਕ ਦਸਤਾਵੇਜ਼ ਜਾਰੀ ਕਰ ਕੇ ਇਹ ਦੱਸ ਦਿੱਤਾ ਸੀ ਕਿ ਹਿੰਦ-ਪ੍ਰਸ਼ਾਂਤ ਖੇਤਰ ’ਚ ਉਸ ਦੀ ਹਿੱਸੇਦਾਰੀ ਪਹਿਲਾਂ ਤੋਂ ਹੀ ਕਿੰਨੀ ਪੁਰਾਣੀ ਹੈ। ਇਸ ਸਮੇਂ ਇਟਲੀ ਇਸ ਖੇਤਰ ’ਚ ਵਰਤਮਾਨ ਅਤੇ ਭਵਿੱਖ ਨੂੰ ਦੇਖਦਿਆਂ ਚੌਮੁਖੀ ਕਦਮ ਉਠਾ ਰਿਹਾ ਹੈ ਭਾਵ ਹਰ ਖੇਤਰ ’ਚ ਆਪਣੀ ਹਿੱਸੇਦਾਰੀ ਇਸ ਖੇਤਰ ’ਚ ਦਿਖਾ ਰਿਹਾ ਹੈ ਅਤੇ ਕਈ ਦੇਸ਼ਾਂ ਨਾਲ ਸਮਝੌਤਾ ਕਰ ਰਿਹਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਸੰਗਠਨਾਂ ’ਚ ਵੀ ਹਿੱਸਾ ਲੈ ਰਿਹਾ ਹੈ।

ਦਰਅਸਲ ਕੁਝ ਸਾਲ ਪਹਿਲਾਂ ਇਟਲੀ ਦੀ ਆਰਥਿਕ ਹਾਲਤ ਬਹੁਤ ਖਰਾਬ ਹੋ ਗਈ ਸੀ। ਉਸ ਦੌਰਾਨ ਯੂਰਪ ਦੇ ਕੁਝ ਹੋਰ ਦੇਸ਼ ਵੀ ਆਰਥਿਕ ਕੰਗਾਲੀ ਵੱਲ ਜਾ ਰਹੇ ਸਨ ਜਿਨ੍ਹਾਂ ’ਚ ਗ੍ਰੀਸ, ਸਪੇਨ ਅਤੇ ਪੁਰਤਗਾਲ ਸ਼ਾਮਲ ਸਨ। ਅਜਿਹੇ ’ਚ ਇਟਲੀ ਦੀ ਵਰਤਮਾਨ ਸਰਕਾਰ ਸਾਹਮਣੇ ਆਰਥਿਕ ਤਰੱਕੀ ਦਾ ਇਹ ਵੱਡਾ ਮੁੱਦਾ ਸੀ। ਹਾਲਾਂਕਿ ਇਟਲੀ ਦੀ ਪਿਛਲੀ ਸਰਕਾਰ ਨੇ ਇਸ ਲਈ ਚੀਨ ਨਾਲ ਆਪਣੇ ਰਿਸ਼ਤੇ ਵਧਾਏ ਸਨ ਅਤੇ ਚੀਨ ਦੇ ਖਾਹਿਸ਼ੀ ਬੈਲਟ ਐਂਡ ਰੋਡ ਪ੍ਰਾਜੈਕਟ ’ਤੇ ਦਸਤਖਤ ਕਰ ਕੇ ਉਨ੍ਹਾਂ ਦੇ ਨਾਲ ਰਲ ਗਏ ਸਨ ਪਰ ਜਾਰਜੀਆ ਮੇਲੋਨੀ ਚੀਨ ਤੋਂ ਬਚ ਕੇ ਰਹਿਣਾ ਚਾਹੁੰਦੀ ਹੈ ਅਤੇ ਦੱਖਣ-ਪੂਰਬੀ ਏਸ਼ੀਆ ਨਾਲ ਆਪਣੇ ਸੰਪਰਕ ਵਧਾਉਣਾ ਚਾਹੁੰਦੀ ਹੈ। ਇਟਲੀ ਨੇ ਸਾਲ 2019 ’ਚ ਚੀਨ ਦੀ ਬੈਲਟ ਐਂਡ ਰੋਡ ਯੋਜਨਾ ’ਤੇ ਦਸਤਖਤ ਕੀਤੇ ਸਨ। ਉਸ ਪਿੱਛੋਂ ਹੁਣ ਫਿਰ ਸਮਾਂ ਆ ਗਿਆ ਹੈ ਜਦ ਇਟਲੀ ਨੇ ਇਸ ’ਤੇ ਦਸਤਖਤ ਕਰਨੇ ਹਨ ਪਰ ਜਾਣੂ ਦੱਸ ਰਹੇ ਹਨ ਕਿ ਇਸ ਵਾਰ ਇਟਲੀ ’ਚ ਬਦਲੀ ਹੋਈ ਸਰਕਾਰ ਪਿਛਲੀ ਸਰਕਾਰ ਦੇ ਫੈਸਲਿਆਂ ’ਤੇ ਅਮਲ ਨਹੀਂ ਕਰੇਗੀ ਅਤੇ ਬੈਲਟ ਐਂਡ ਰੋਡ ਪ੍ਰਾਜੈਕਟ ਨੂੰ ਹਮਾਇਤ ਨਹੀਂ ਦੇਵੇਗੀ। ਇਸ ਗੱਲ ਤੋਂ ਚੀਨ ਬੁਰੀ ਤਰ੍ਹਾਂ ਖਿੱਝ ਗਿਆ ਹੈ ਅਤੇ ਉਸ ਨੇ ਇਟਲੀ ਨੂੰ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇ ਇਟਲੀ ਨੇ ਬੈਲਟ ਐਂਡ ਰੋਡ ਪ੍ਰਾਜੈਕਟ ’ਤੇ ਹਸਤਾਖਰ ਨਾ ਕੀਤੇ ਤਾਂ ਉਸ ਲਈ ਦੱਖਣੀ ਚੀਨ ਸਾਗਰ ਖੇਤਰ ’ਚ ਰਾਹ ਸੌਖੀ ਨਹੀਂ ਹੋਵੇਗੀ।

ਇਸ ਸਾਲ ਮਾਰਚ ’ਚ ਮੇਲੋਨੀ ਨੇ ਭਾਰਤ ਦੀ ਯਾਤਰਾ ਕਰ ਕੇ ਆਪਣੇ ਰੱਖਿਆ ਸਮਝੌਤਿਆਂ ਨੂੰ ਫਿਰ ਤੋਂ ਸੁਰਜੀਤ ਕੀਤਾ ਹੈ ਅਤੇ ਇਸ ਤੋਂ ਪਹਿਲਾਂ ਜਨਵਰੀ 2023 ’ਚ ਜਾਪਾਨ ਨਾਲ ਵੀ ਰਣਨੀਤਕ ਸਹਿਯੋਗ ਬਣਾਇਆ। ਇਟਲੀ ਦੀ ਵਿਦੇਸ਼ ਨੀਤੀ ਨੇ ਦੱਖਣ-ਪੂਰਬੀ ਏਸ਼ੀਆ ’ਚ ਆਪਣੀ ਦਿਲਚਸਪੀ ਦਿਖਾਉਣੀ ਸ਼ੁਰੂ ਕੀਤੀ। ਇਸ ਨੀਤੀ ਦੌਰਾਨ ਇਟਲੀ ਨੇ ਖੇਤਰ ਦੇ ਲਗਭਗ ਹਰ ਦੇਸ਼ ਨਾਲ ਆਪਣੇ ਸਬੰਧਾਂ ਨੂੰ ਬਿਹਤਰ ਬਣਾਉਣ ਦੇ ਨਾਲ ਹੀ ਆਸੀਆਨ ਦੇਸ਼ਾਂ ਦੇ ਸੰਘ ਨਾਲ ਵੀ ਸਬੰਧਾਂ ਨੂੰ ਬਿਹਤਰ ਬਣਾਇਆ। ਹਾਲਾਂਕਿ ਇਟਲੀ ਦੀ ਤਰਜੀਹ ਵਪਾਰ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ ਦੀ ਹੈ, ਇਸ ਲਈ ਸਾਲ 2017 ਤੋਂ ਹੀ ਆਸੀਆਨ-ਇਟਲੀ ਆਰਥਿਕ ਸਬੰਧਾਂ ਨੂੰ ਲੈ ਕੇ ਸਾਲਾਨਾ ਮੀਟਿੰਗ ਹੁੰਦੀ ਰਹੀ ਹੈ। ਇਸ ਦੇ ਨਾਲ ਹੀ ਸਿਆਸੀ ਅਤੇ ਰਣਨੀਤਕ ਸਬੰਧਾਂ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ, ਖਾਸ ਕਰ ਕੇ ਇਟਲੀ ਦੀ ਦਿਲਚਸਪੀ ਸਮੁੰਦਰੀ ਖੇਤਰ ’ਚ ਹੈ ਜਿੱਥੇ ਰਣਨੀਤਕ ਬਾਜ਼ਾਰ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਇਤਾਲਵੀ ਕੰਪਨੀਆਂ ਆ ਸਕਣ। ਇਟਲੀ ਖਾਸ ਤੌਰ ’ਤੇ ਸਮੁੰਦਰ ’ਚ ਆਪਣੀ ਸੁਰੱਖਿਆ ਵਿਵਸਥਾ ਨੂੰ ਵਧਾਉਣਾ ਚਾਹੁੰਦਾ ਹੈ। ਪਿਛਲੇ 2 ਮਹੀਨਿਆਂ ਮਈ ਅਤੇ ਜੂਨ ’ਚ ਇਟਲੀ ਦੀ ਸਮੁੰਦਰੀ ਫੌਜ ਦੇ ਫ੍ਰਿਗੇਟ ਮੋਰੋਸਿਨੀ ਨੇ ਵੀਅਤਨਾਮ ਦੇ ਹੋ ਚੀ ਮਿਨਹ ਅਤੇ ਬੈਂਕਾਕ ਦਾ ਦੌਰਾ ਕੀਤਾ ਅਤੇ ਇੱਥੇ ਉਸ ਨੇ ਆਪਣੇ ਰੱਖਿਆ ਉਪਕਰਨਾਂ ਦੀ ਪ੍ਰਦਰਸ਼ਨੀ ਵੀ ਲਾਈ। ਇਸ ਦੇ ਨਾਲ ਹੀ ਮੋਰੋਸਿਨੀ ਨੇ ਮਲੇਸ਼ੀਆ ਅਤੇ ਸਿੰਗਾਪੁਰ ’ਚ ਪ੍ਰਦਰਸ਼ਨੀ ਲਾਉਣ ਦੇ ਨਾਲ-ਨਾਲ ਪਹਿਲੀ ਵਾਰ ਇੰਡੋਨੇਸ਼ੀਆ ਦੀਆਂ ਕੋਮੋਡੋ 23 ਜੰਗੀ ਮਸ਼ਕਾਂ ’ਚ ਹਿੱਸਾ ਵੀ ਲਿਆ।

ਇਸ ਤੋਂ ਇਲਾਵਾ ਇਟਲੀ ਦੇ ਰੱਖਿਆ ਮੰਤਰੀ ਕ੍ਰੋਸੇਟੋ ਨੇ ਦਸੰਬਰ 2022 ’ਚ ਜਕਾਰਤਾ ਦੀ ਯਾਤਰਾ ਕਰ ਕੇ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਦਾ ਸਮਝੌਤਾ ਵੀ ਕੀਤਾ ਸੀ, ਜਿਸ ਤਹਿਤ ਅਗਲੇ ਸਾਲ 2021 ’ਚ ਇਟਲੀ ਦੀ ਸਮੁੰਦਰੀ ਫੌਜੀ ਬੇੜੇ ਬਣਾਉਣ ਵਾਲੀ ਕੰਪਨੀ ਫਨਿਕਾਨਤੀਰੀ ਨੇ ਇੰਡੋਨੇਸ਼ੀਆ ਦੀ ਸਮੁੰਦਰੀ ਫੌਜ ਨਾਲ 8 ਫ੍ਰਿਗੇਟ ਬਣਾਉਣ ਦਾ ਕੰਮ ਸ਼ੁਰੂ ਕੀਤਾ ਕਿਉਂਕਿ ਚੀਨ ਤੋਂ ਪ੍ਰੇਸ਼ਾਨ ਇੰਡੋਨੇਸ਼ੀਆ ਆਪਣੀ ਸਮੁੰਦਰੀ ਫੌਜ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ।

ਇੰਡੋਨੇਸ਼ੀਆ ਤੋਂ ਇਲਾਵਾ ਇਸ ਖੇਤਰ ’ਚ ਇਟਲੀ ਦਾ ਇਕ ਹੋਰ ਖੇਤਰੀ ਸਹਿਯੋਗੀ ਵੀਅਤਨਾਮ ਹੈ। ਸਾਲ 2013 ’ਚ ਵੀਅਤਨਾਮ ਨੇ ਇਟਲੀ ਨਾਲ ਆਪਣੀ ਰਣਨੀਤਕ ਸਾਂਝੇਦਾਰੀ ਦੇ ਸਮਝੌਤੇ ’ਤੇ ਦਸਤਖਤ ਕੀਤੇ ਸਨ ਜਿਸ ਪਿੱਛੋਂ ਦੋਵਾਂ ਦੇਸ਼ਾਂ ਦੇ ਰਣਨੀਤਕ ਰਿਸ਼ਤੇ ਮਜ਼ਬੂਤ ਹੋਣ ਲੱਗੇ। ਇਟਲੀ ਨੇ ਇਸ ਖੇਤਰ ਦੇ ਕਈ ਸੰਗਠਨਾਂ ਨਾਲ ਵੀ ਸਮਝੌਤੇ ਕੀਤੇ ਜਿਨ੍ਹਾਂ ’ਚ ਪੈਸੇਫਿਕ ਆਈਲੈਂਡ ਫੋਰਮ, ਦਿ ਇੰਡੀਅਨ ਓਸ਼ੀਅਨ ਰਿਮ ਐਸੋਸੀਏਸ਼ਨ ਅਤੇ ਆਸੀਆਨ ਪ੍ਰਮੁੱਖ ਹਨ। ਇਨ੍ਹਾਂ ’ਚ ਆਸੀਆਨ ਨਾਲ ਇਟਲੀ ਨੇ ਦੋਵਾਂ ਪੱਖਾਂ ਦੇ ਸੰਗਠਨਾਂ ਦਰਮਿਆਨ ਸਮਝੌਤੇ ਕਰਵਾਏ ਜਿਸ ਨਾਲ ਕਈ ਖੇਤਰਾਂ ’ਚ ਦੋਵਾਂ ਦਾ ਆਪਸੀ ਸਹਿਯੋਗ ਜਾਰੀ ਰਹੇਗਾ। ਇਸ ਬਦਲੇ ਸਾਲ 2020 ’ਚ ਆਸੀਆਨ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਇਟਲੀ ਨੂੰ ਤਰੱਕੀ ਦੇ ਸਾਂਝੀਦਾਰ ਦੇਸ਼ ਦੇ ਨਾਂ ਨਾਲ ਸਨਮਾਨਿਤ ਕੀਤਾ। ਇਸ ਤਹਿਤ ਸਮੁੰਦਰੀ ਲੁਟੇਰਿਆਂ, ਸਾਈਬਰ ਸੁਰੱਖਿਆ ਅਤੇ ਸਮੁੰਦਰੀ ਆਵਾਜਾਈ ਦੀ ਤਰੱਕੀ ਦੇ ਖੇਤਰ ’ਚ ਸਮਝੌਤੇ ਹੋਏ। ਉੱਥੇ ਹੀ ਇਟਲੀ ਵੱਲੋਂ ਚੀਨ ਨੂੰ ਪੂਰੀ ਤਰ੍ਹਾਂ ਨਕਾਰਨ ਅਤੇ ਦੂਸਰੇ ਦੇਸ਼ਾਂ ਨਾਲ ਬਹੁਤ ਸਾਰੇ ਸਮਝੌਤੇ ਕਰਨ ਪਿੱਛੋਂ ਚੀਨ ਬੁਰੀ ਤਰ੍ਹਾਂ ਗੁੱਸੇ ’ਚ ਆ ਗਿਆ ਹੈ ਅਤੇ ਇਸ ਨੂੰ ਸਜ਼ਾ ਦੇਣ ਲਈ ਬਹਾਨੇ ਲੱਭ ਰਿਹਾ ਹੈ ਜੋ ਉਸ ਨੂੰ ਬੀ. ਆਰ. ਆਈ. ਨੂੰ ਲੈ ਕੇ ਇਟਲੀ ਦੇ ਬਿਆਨ ਤੋਂ ਮਿਲ ਗਿਆ ਹੈ। ਇਸ ’ਤੇ ਚੀਨ ਦੇ ਰਾਜਦੂਤ ਨੇ ਇਟਲੀ ਨੂੰ ਬੈਲਟ ਐਂਡ ਰੋਡ ਪ੍ਰਾਜੈਕਟ ’ਤੇ ਫਿਰ ਤੋਂ ਦਸਤਖਤ ਨਾ ਕਰਨ ਦੀ ਸਥਿਤੀ ’ਚ ਕਿਹਾ ਹੈ ਕਿ ਇਸ ਨਾਲ ਦੋਹਾਂ ਦੇਸ਼ਾਂ ਦੇ ਵਪਾਰ ’ਤੇ ਬੁਰਾ ਅਸਰ ਪਵੇਗਾ। ਇਹ ਇਟਲੀ ਨੂੰ ਚੀਨ ਦੀ ਸਿੱਧੀ ਧਮਕੀ ਹੈ ਪਰ ਇਟਲੀ ਦੀ ਵਰਤਮਾਨ ਸਰਕਾਰ ਆਪਣੇ ਦੇਸ਼ ਨੂੰ ਆਰਥਿਕ ਤਰੱਕੀ ਦੀ ਰਾਹ ’ਤੇ ਲਿਜਾਣਾ ਚਾਹੁੰਦੀ ਹੈ ਅਤੇ ਅਜਿਹਾ ਕਰਨ ਲਈ ਚੀਨ ਤੋਂ ਦੂਰੀ ਬਣਾਉਣੀ ਬਹੁਤ ਜ਼ਰੂਰੀ ਹੈ।


Gurminder Singh

Content Editor

Related News