ਲੰਮੀ ਸਿਆਸੀ ਪਾਰੀ ਨਹੀਂ ਖੇਡ ਸਕੇ ''ਨੇਤਾ'' ਬਣੇ ਅਭਿਨੇਤਾ
Sunday, Apr 28, 2019 - 05:45 AM (IST)
ਤਮਿਲ ਫਿਲਮਾਂ ਦੀ 'ਹੀਰੋ-ਵਰਸ਼ਿਪ' ਹੁਣ ਉੱਤਰ ਭਾਰਤ ਦੀ ਸਿਆਸਤ 'ਚ ਵੀ ਆਪਣਾ ਪ੍ਰਭਾਵ ਵਧਾਉਣ ਲੱਗੀ ਹੈ। ਕਦੇ ਤੇਲਗੂ ਫਿਲਮਾਂ ਦੇ ਹੀਰੋ ਐੱਮ. ਜੀ. ਰਾਮਚੰਦਰਨ ਉਥੋਂ ਦੇ ਲੋਕਾਂ ਲਈ ਇਕ ਆਦਰਸ਼ ਸਨ। ਐੱਮ. ਜੀ. ਆਰ. ਵਾਂਗ ਕਰੁਣਾਨਿਧੀ ਵੀ ਤਾਮਿਲਨਾਡੂ ਦੇ 4-5 ਵਾਰ ਮੁੱਖ ਮੰਤਰੀ ਬਣੇ। ਦ੍ਰਵਿੜ ਸਿਆਸਤ ਦੇ ਘਾਗ ਕਰੁਣਾਨਿਧੀ ਦੱਖਣ ਭਾਰਤ ਦੇ ਫਿਲਮ ਉਦਯੋਗ 'ਚੋਂ ਹੀ ਆਏ ਸਨ।
ਦੱਖਣ 'ਚ ਐੱਮ. ਜੀ. ਆਰ. ਦਾ ਇੰਨਾ ਕ੍ਰੇਜ਼ ਸੀ ਕਿ ਲੋਕਾਂ ਨੇ ਉਨ੍ਹਾਂ ਦੇ ਨਾਂ 'ਤੇ ਮੰਦਰ ਤਕ ਬਣਾ ਦਿੱਤੇ। ਉਹ ਵੀ ਕਈ ਸਾਲ ਤਾਮਿਲਨਾਡੂ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਦੀ ਹੀ ਚੇਲੀ ਜੈਲਲਿਤਾ ਨਾ ਸਿਰਫ ਤਾਮਿਲਨਾਡੂ ਦੀ ਮੁੱਖ ਮੰਤਰੀ ਰਹੀ, ਸਗੋਂ ਆਲ ਇੰਡੀਆ ਦ੍ਰਵਿੜ ਮੁਨੇਤਰ ਕੜਗਮ (ਅੰਨਾ ਡੀ. ਐੱਮ. ਕੇ.) ਦੀ ਪ੍ਰਧਾਨ ਵੀ ਰਹੀ। ਸਵ. ਜੈਲਲਿਤਾ ਵੀ ਫਿਲਮਾਂ 'ਚ ਕੰਮ ਕਰਦੀ ਸੀ।
ਇਹੋ ਹਾਲ ਆਂਧਰਾ ਪ੍ਰਦੇਸ਼ 'ਚ ਪੌਰਾਣਿਕ ਫਿਲਮਾਂ ਦੇ ਹੀਰੋ ਐੱਨ. ਟੀ. ਰਾਮਾਰਾਓ ਦਾ ਰਿਹਾ। ਉਹ ਆਂਧਰਾ ਪ੍ਰਦੇਸ਼ ਦੇ ਇਕ ਸਫਲ ਮੁੱਖ ਮੰਤਰੀ ਰਹੇ, ਜਿਨ੍ਹਾਂ ਨੇ ਭਾਰਤ ਦੀ ਕੌਮੀ ਸਿਆਸਤ 'ਚ ਵੀ ਆਪਣਾ ਪ੍ਰਭਾਵ ਛੱਡਿਆ। ਅੱਜ ਵੀ ਤੇਲਗੂਦੇਸ਼ਮ ਪਾਰਟੀ ਦੇ ਪ੍ਰਧਾਨ ਚੰਦਰਬਾਬੂ ਨਾਇਡੂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਹਨ, ਜੋ ਐੱਨ. ਟੀ. ਰਾਮਾਰਾਓ ਦੇ ਜਵਾਈ ਹਨ।
ਦੱਖਣ 'ਚ ਰਜਨੀਕਾਂਤ ਤੇ ਕਮਲ ਹਸਨ ਵਰਗੇ ਸਫਲ ਫਿਲਮੀ ਹੀਰੋ ਸਿਆਸਤ 'ਚ ਆ ਚੁੱਕੇ ਹਨ। ਕੇਰਲ 'ਚ ਮਲਿਆਲਮ ਫਿਲਮਾਂ ਦੇ ਹੀਰੋ ਮਧੂ, ਐੱਸ. ਨਜ਼ੀਰ ਤੇ ਅਭਿਨੇਤਰੀ ਸ਼ੀਲਾ ਨੂੰ ਲੋਕ ਬਹੁਤ ਪਿਆਰ ਕਰਦੇ ਹਨ। ਹੋਰ ਵੀ ਕਈ ਫਿਲਮ ਅਭਿਨੇਤਾ ਜਿਥੇ ਫਿਲਮਾਂ 'ਚ ਸਫਲ ਰਹੇ, ਉਥੇ ਹੀ ਸਿਆਸਤ 'ਚ ਵੀ ਉਨ੍ਹਾਂ ਨੇ ਝੰਡੇ ਗੱਡੇ। ਦੱਖਣ ਭਾਰਤ 'ਚ ਅੱਜ ਵੀ ਲੋਕਾਂ ਅੰਦਰ ਫਿਲਮੀ ਨਾਇਕਾਂ ਪ੍ਰਤੀ ਭਾਵਨਾਤਮਕ ਲਗਾਅ ਹੈ। ਦੱਖਣ ਭਾਰਤ ਦੇ ਲੋਕ ਇਨ੍ਹਾਂ ਫਿਲਮੀ ਅਭਿਨੇਤਾਵਾਂ ਤੇ ਅਭਿਨੇਤਰੀਆਂ ਦੇ ਦੀਵਾਨੇ ਹਨ।
ਜਿੱਥੇ ਉੱਤਰ ਭਾਰਤ 'ਚ ਸਿਨੇਮਾਘਰ ਹੌਲੀ-ਹੌਲੀ ਬੰਦ ਹੁੰਦੇ ਜਾ ਰਹੇ ਹਨ, ਉਥੇ ਹੀ ਦੱਖਣ ਭਾਰਤ 'ਚ ਸਿਨੇਮਾਘਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਦੱਖਣ ਭਾਰਤ ਦੀ ਸੱਭਿਅਤਾ ਉੱਤਰ ਭਾਰਤ ਦੀ ਸੱਭਿਅਤਾ ਨਾਲੋਂ ਪੂਰੀ ਤਰ੍ਹਾਂ ਵੱਖਰੀ ਹੈ। ਦੱਖਣ ਭਾਰਤ 'ਚ ਫਿਲਮਾਂ ਨਾਲ ਦਰਸ਼ਕਾਂ ਦਾ ਪਿਆਰ ਪਾਗਲਪਣ ਦੀ ਹੱਦ ਤਕ ਦੇਖਿਆ ਗਿਆ ਹੈ। ਉਥੇ 'ਹੀਰੋ-ਵਰਸ਼ਿਪ' ਹੈ ਤੇ ਲੋਕ ਆਪਣੇ ਹੀਰੋ ਨੂੰ ਜਾਨ ਤੋਂ ਵਧ ਕੇ ਪਿਆਰ ਕਰਦੇ ਹਨ।
ਉੱਤਰ ਭਾਰਤ 'ਚ ਫਿਲਮੀ ਅਭਿਨੇਤਾ
ਉਸੇ ਦੀ ਦੇਖਾ-ਦੇਖੀ ਉੱਤਰ ਭਾਰਤ ਦੀਆਂ ਸਿਆਸੀ ਪਾਰਟੀਆਂ ਵੀ ਧੜਾਧੜ ਫਿਲਮੀ ਅਭਿਨੇਤਾਵਾਂ 'ਤੇ ਦਾਅ ਲਾਉਣ ਲੱਗੀਆਂ ਹਨ। ਜਾਂ ਤਾਂ ਉਨ੍ਹਾਂ ਨੂੰ ਆਪਣੇ ਵਰਕਰਾਂ ਦੀ ਵਫਾਦਾਰੀ 'ਤੇ ਭਰੋਸਾ ਨਹੀਂ ਜਾਂ ਉਨ੍ਹਾਂ ਨੂੰ ਲੱਗਣ ਲੱਗਾ ਹੈ ਕਿ ਫਿਲਮੀ ਹੀਰੋ ਲੋਕਾਂ 'ਚ ਹਰਮਨਪਿਆਰੇ ਹੋਣ ਕਰਕੇ ਆਸਾਨੀ ਨਾਲ ਜਿੱਤ ਜਾਣਗੇ।
ਇਕ ਵਾਰ ਤਾਂ ਇਨ੍ਹਾਂ ਸਿਆਸੀ ਪਾਰਟੀਆਂ ਦੀ ਦਾਲ ਗਲ਼ ਜਾਂਦੀ ਹੈ ਪਰ ਦੂਜੀ ਵਾਰ ਲੋਕ ਜਾਂ ਤਾਂ ਇਨ੍ਹਾਂ ਫਿਲਮੀ ਅਭਿਨੇਤਾਵਾਂ ਨੂੰ ਨਕਾਰ ਦਿੰਦੇ ਹਨ ਜਾਂ ਫਿਰ ਇਹ ਖ਼ੁਦ ਹੀ ਸਿਆਸਤ ਤੋਂ ਤੌਬਾ ਕਰ ਜਾਂਦੇ ਹਨ ਕਿਉਂਕਿ ਫਿਲਮੀ ਹੀਰੋ ਸਿਆਸਤ ਦੀ ਮਾਰ ਨਹੀਂ ਝੱਲ ਸਕਦੇ। ਅਸਲ 'ਚ ਸਿਆਸਤ ਇਕ ਪੂਜਾ ਹੈ, ਸੇਵਾ ਹੈ। ਸੱਚਾ ਸਿਆਸਤਦਾਨ ਆਪਣੇ ਵੋਟਰਾਂ ਨੂੰ ਦੇਵਤਾ ਮੰਨਦਾ ਹੈ ਤੇ ਉਨ੍ਹਾਂ ਲਈ 24 ਘੰਟੇ ਆਪਣੇ ਘਰ ਦੇ ਬੂਹੇ ਖੁੱਲ੍ਹੇ ਰੱਖਦਾ ਹੈ, ਹਰ ਦੁੱਖ-ਸੁੱਖ 'ਚ ਉਨ੍ਹਾਂ ਦਾ ਸਾਥ ਦਿੰਦਾ ਹੈ।
ਪਰ ਇਨ੍ਹਾਂ ਫਿਲਮੀ ਹੀਰੋਜ਼ ਦੀ ਦੌੜ-ਭੱਜ ਤਾਂ ਹੀਰੋਇਨਾਂ ਦੇ ਆਲੇ-ਦੁਆਲੇ ਹੀ ਲੱਗੀ ਰਹਿੰਦੀ ਹੈ, ਜਿਨ੍ਹਾਂ ਨੂੰ ਰੋਣ ਦੇ ਵੀ ਪੈਸੇ ਮਿਲਦੇ ਹਨ ਅਤੇ ਹੱਸਣ ਦੇ ਵੀ। ਕਲਾਕਾਰ ਕੋਮਲ ਭਾਵਨਾਵਾਂ ਦਾ ਪ੍ਰਤੀਕ ਹੁੰਦੇ ਹਨ ਪਰ ਸਿਆਸਤ ਬਹੁਤ ਮੁਸ਼ਕਿਲ ਰਾਹ ਹੈ ਕਿਉਂਕਿ ਆਪਣੇ ਵੋਟਰਾਂ ਦੀਆਂ ਗਾਲ੍ਹਾਂ ਖਾ ਕੇ ਵੀ ਸਿਆਸਤਦਾਨਾਂ ਨੂੰ ਹੱਸਣਾ ਪੈਂਦਾ ਹੈ ਪਰ ਫਿਲਮੀ ਹੀਰੋ ਅਜਿਹਾ ਨਹੀਂ ਕਰ ਸਕਦੇ (ਸੁਨੀਲ ਦੱਤ, ਸ਼ਤਰੂਘਨ ਸਿਨ੍ਹਾ, ਵਿਨੋਦ ਖੰਨਾ ਅਪਵਾਦ ਹੋ ਸਕਦੇ ਹਨ) ਪਰ ਆਮ ਤੌਰ 'ਤੇ ਫਿਲਮੀ ਹੀਰੋ ਸਿਆਸਤ 'ਚ ਫੇਲ ਹਨ।
ਇਥੇ ਇਕ ਗੱਲ ਜ਼ਰੂਰ ਹੈ ਕਿ ਫਿਲਮੀ ਹੀਰੋਜ਼ ਨੇ ਹੰਢੇ ਹੋਏ ਸਿਆਸਤਦਾਨਾਂ ਅਤੇ ਸਿਆਸਤ ਦੇ ਸੱਚੇ ਸੇਵਕਾਂ ਦੀਆਂ ਗੋਡਣੀਆਂ ਜ਼ਰੂਰ ਲਗਵਾਈਆਂ ਹਨ। ਇਸ ਦੀਆਂ ਕੁਝ ਮਿਸਾਲਾਂ ਹਨ, ਜਿਵੇਂ ਯੂ. ਪੀ. ਦੇ ਸ਼ਕਤੀਸ਼ਾਲੀ ਮੁੱਖ ਮੰਤਰੀ ਸਨ ਹੇਮਵਤੀ ਨੰਦਨ ਬਹੂਗੁਣਾ। ਉਹ ਆਪਣੇ ਵੇਲੇ ਦੇ ਡਾਇਨਾਮਿਕ ਰਾਜਨੇਤਾ ਸਨ। ਉਨ੍ਹਾਂ ਵਿਰੁੱਧ 1984 'ਚ ਇਲਾਹਾਬਾਦ ਤੋਂ ਫਿਲਮ ਨਗਰੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਤੇ ਬਹੂਗੁਣਾ ਨੂੰ ਹਰਾਇਆ। ਉਦੋਂ ਅਮਿਤਾਭ ਬੱਚਨ ਨੂੰ 297461, ਜਦਕਿ ਬਹੂਗੁਣਾ ਨੂੰ 90666 ਵੋਟਾਂ ਮਿਲੀਆਂ। ਬਹੂਗੁਣਾ ਚੋਣਾਂ 'ਚ ਕੀ ਹਾਰੇ, ਉਨ੍ਹਾਂ ਦਾ ਸਿਆਸੀ ਕੈਰੀਅਰ ਹੀ ਖਤਮ ਹੋ ਗਿਆ ਪਰ ਜਿੱਤਣ ਵਾਲੇ ਅਮਿਤਾਭ ਬੱਚਨ 2 ਸਾਲਾਂ 'ਚ ਹੀ ਸਿਆਸਤ ਤੋਂ ਤੌਬਾ ਕਰ ਗਏ। ਇਥੋਂ ਤਕ ਕਿ ਨਹਿਰੂ ਪਰਿਵਾਰ ਨਾਲ ਵੀ ਉਨ੍ਹਾਂ ਦੀ ਨੇੜਤਾ ਨਹੀਂ ਰਹੀ।
ਸਿਆਸਤ ਦੇ ਭੀਸ਼ਮ ਪਿਤਾਮਾ ਲਾਲ ਕ੍ਰਿਸ਼ਨ ਅਡਵਾਨੀ ਨਵੀਂ ਦਿੱਲੀ ਦੀ ਉਪ-ਚੋਣ 'ਚ (1991) ਸੁਪਰਸਟਾਰ ਰਾਜੇਸ਼ ਖੰਨਾ ਤੋਂ ਹਾਰ ਗਏ ਸਨ ਤੇ ਉਹ ਵੀ ਸਿਰਫ 1570 ਵੋਟਾਂ ਨਾਲ। 1992 'ਚ ਨਵੀਂ ਦਿੱਲੀ ਦੀਆਂ ਚੋਣਾਂ 'ਚ ਸ਼ਤਰੂਘਨ ਸਿਨ੍ਹਾ ਤੇ ਰਾਜੇਸ਼ ਖੰਨਾ ਵਿਚਾਲੇ ਮੁਕਾਬਲਾ ਸੀ ਤੇ ਰਾਜੇਸ਼ ਖੰਨਾ ਜਿੱਤ ਗਏ। ਸਿਆਸਤ ਵਿਚ ਸਿਰਫ ਸ਼ਤਰੂਘਨ ਸਿਨ੍ਹਾ ਹੀ ਹਨ, ਜੋ ਅੱਜ ਤਕ ਡਟੇ ਹੋਏ ਹਨ, ਰਾਜੇਸ਼ ਖੰਨਾ ਦੀ ਸਿਆਸਤ ਤਾਂ 2 ਸਾਲਾਂ 'ਚ ਹੀ ਖਤਮ ਹੋ ਗਈ ਸੀ।
ਰਾਜਸਥਾਨ ਦੇ ਬੀਕਾਨੇਰ ਤੋਂ 2004 'ਚ ਫਿਲਮ ਨਗਰੀ ਦੇ 'ਹੀਮੈਨ' ਧਰਮਿੰਦਰ ਨੇ ਲੋਕ ਸਭਾ ਦੀ ਚੋਣ ਲੜੀ ਤੇ ਉਨ੍ਹਾਂ ਨੂੰ 517802 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਤੇ ਕਾਂਗਰਸ ਦੇ ਉਮੀਦਵਾਰ ਰਾਮੇਸ਼ਵਰ ਲਾਲ ਨੂੰ 460621 ਵੋਟਾਂ ਮਿਲੀਆਂ ਪਰ ਧਰਮਿੰਦਰ ਵਿਰੁੱਧ 1 ਸਾਲ 'ਚ ਹੀ ਪੋਸਟਰ ਲੱਗ ਗਏ ਕਿ 'ਸਾਡੇ ਉਮੀਦਵਾਰ ਨੂੰ ਲੱਭ ਕੇ ਲਿਆਉਣ ਵਾਲੇ ਨੂੰ 1 ਲੱਖ ਰੁਪਏ ਇਨਾਮ'। ਆਖਿਰ ਧਰਮਿੰਦਰ ਨੂੰ ਇਹ ਕਹਿ ਕੇ ਅਸਤੀਫਾ ਦੇਣਾ ਪਿਆ ਕਿ ਸਿਆਸਤ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ।
ਇਸੇ ਤਰ੍ਹਾਂ ਇਕ ਹੋਰ ਫਿਲਮ ਅਭਿਨੇਤਾ ਪਰੇਸ਼ ਰਾਵਲ ਨੇ 2014 ਦੀ ਲੋਕ ਸਭਾ ਚੋਣ ਗੁਜਰਾਤ ਦੇ ਅਹਿਮਦਾਬਾਦ ਤੋਂ ਲੜੀ ਤੇ ਜਿੱਤ ਗਏ ਪਰ ਅਗਲੀਆਂ ਚੋਣਾਂ 'ਚ ਉਹ ਥੱਕ ਕੇ ਚੂਰ ਹੋ ਗਏ। ਸਵ. ਵਿਨੋਦ ਖੰਨਾ ਨੇ 5 ਵਾਰ ਲੋਕ ਸਭਾ ਦੀਆਂ ਚੋਣਾਂ ਜਿੱਤਣ ਵਾਲੀ ਇਕ ਬਹੁਤ ਹੀ ਸਾਊ ਮਹਿਲਾ ਨੇਤਾ ਨੂੰ ਗੁਰਦਾਸਪੁਰ ਸੰਸਦੀ ਹਲਕੇ 'ਚ ਹਰਾਇਆ। ਇਕ ਸਮਾਂ ਸੀ, ਜਦੋਂ ਗੁਰਦਾਸਪੁਰ 'ਚ ਸ਼੍ਰੀਮਤੀ ਸੁਖਬੰਸ ਕੌਰ ਭਿੰਡਰ ਦੀ ਹੀ ਤੂਤੀ ਬੋਲਦੀ ਸੀ।
ਅੰਮ੍ਰਿਤਸਰ ਦੇ ਰਘੁਨੰਦਨ ਲਾਲ ਭਾਟੀਆ ਸਿਆਸਤ ਦੇ ਘਾਗ ਖਿਡਾਰੀ ਸਨ ਪਰ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਅਜਿਹੀ ਪਟਕਣੀ ਦਿੱਤੀ ਕਿ ਉਹ ਸਿਆਸਤ 'ਚੋਂ ਹੀ ਬਾਹਰ ਹੋ ਗਏ। ਮੈਨੂੰ ਆਪਣੀ ਪਾਰਟੀ ਦੇ ਬਜ਼ੁਰਗ ਨੇਤਾ ਤੇ 6 ਵਾਰ ਲੋਕ ਸਭਾ ਦੀ ਚੋਣ ਜਿੱਤਣ ਵਾਲੇ ਰਾਮਨਾਇਕ 'ਤੇ ਤਰਸ ਆਉਂਦਾ ਹੈ, ਜੋ ਫਿਲਮ ਅਭਿਨੇਤਾ ਗੋਵਿੰਦਾ ਤੋਂ ਮੁੰਬਈ ਨਾਰਥ ਹਲਕੇ 'ਚ ਹਾਰ ਗਏ ਸਨ। ਫਿਲਮ ਅਭਿਨੇਤਾ ਸਵ. ਸੁਨੀਲ ਦੱਤ ਨੇ ਮਧੂਕਰ ਨੂੰ ਚੋਣਾਂ 'ਚ ਹਰਾਇਆ, ਜੋ ਦੁਬਾਰਾ ਨਜ਼ਰ ਨਹੀਂ ਆਏ।
ਜਯਾ ਪ੍ਰਦਾ ਨੂੰ ਦੇਖ ਲਓ। ਉਨ੍ਹਾਂ ਨੇ ਫਿਲਮੀ ਦੁਨੀਆ ਛੱਡ ਕੇ ਤੇਲਗੂਦੇਸ਼ਮ ਤੋਂ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ। ਫਿਰ ਉਹ ਰਾਸ਼ਟਰੀ ਲੋਕ ਦਲ 'ਚ ਆ ਗਈ ਤੇ ਉਥੋਂ ਸਪਾ 'ਚ ਚਲੀ ਗਈ। ਹੁਣ ਉਹ ਭਾਜਪਾ ਦੀ ਪਨਾਹ 'ਚ ਆ ਗਈ ਹੈ। ਇਸੇ ਤਰ੍ਹਾਂ 2014 'ਚ 'ਡ੍ਰੀਮ ਗਰਲ' ਹੇਮਾ ਮਾਲਿਨੀ ਨੇ ਮਥੁਰਾ 'ਚ ਜੈਅੰਤ ਚੌਧਰੀ ਨੂੰ ਪਟਕਣੀ ਦਿੱਤੀ ਪਰ ਹੁਣ ਇਸ ਵਾਰ ਦੀਆਂ ਚੋਣਾਂ ਜਿੱਤਣ ਲਈ ਹੇਮਾ ਨੂੰ ਅੱਡੀ-ਚੋਟੀ ਦਾ ਜ਼ੋਰ ਲਾਉਣਾ ਪੈ ਰਿਹਾ ਹੈ।
ਕਹਿਣ ਦਾ ਭਾਵ ਇਹ ਹੈ ਕਿ ਇਹ ਫਿਲਮੀ ਐਕਟਰ ਸਿਆਸਤ 'ਚ ਬੇਸ਼ੱਕ ਹੀ ਸਥਾਪਿਤ ਨੇਤਾਵਾਂ ਨੂੰ ਵੀ ਹਰਾ ਦੇਣ ਪਰ ਇਹ ਖ਼ੁਦ ਸਿਆਸਤ 'ਚ ਬਹੁਤੀ ਦੇਰ ਨਹੀਂ ਟਿਕਦੇ। ਲੋਕ ਇਨ੍ਹਾਂ ਨੂੰ ਲੱਭਦੇ ਰਹਿੰਦੇ ਹਨ ਪਰ ਇਹ ਨਜ਼ਰ ਨਹੀਂ ਆਉਂਦੇ। ਇਨ੍ਹਾਂ ਨੂੰ ਸਿਆਸਤ ਦੇ ਯਥਾਰਥ ਦਾ ਨਹੀਂ ਪਤਾ ਹੁੰਦਾ। ਇਹ ਲੋਕ ਤੂਫਾਨ ਵਾਂਗ ਸਿਆਸਤ 'ਚ ਆਉਂਦੇ ਹਨ ਤੇ ਹਨੇਰੀ ਵਾਂਗ ਅਲੋਪ ਹੋ ਜਾਂਦੇ ਹਨ ਕਿਉਂਕਿ ਸਿਆਸਤ ਇਨ੍ਹਾਂ ਦੇ ਵੱਸ ਦੀ ਗੱਲ ਨਹੀਂ। ਹਾਂ, ਇਨ੍ਹਾਂ ਨੂੰ ਰਾਜ ਸਭਾ 'ਚ ਭੇਜ ਦਿਓ, ਜਿਵੇਂ ਰੇਖਾ ਗਈ, ਜਯਾ ਬੱਚਨ ਗਈ। ਨਰਗਿਸ, ਵੈਜੰਤੀ ਮਾਲਾ, ਪ੍ਰਿਥਵੀਰਾਜ ਕਪੂਰ ਵਰਗੇ ਐਕਟਰ ਵੀ ਰਾਜ ਸਭਾ ਦੇ ਮੈਂਬਰ ਰਹੇ ਹਨ।
—ਮਾ. ਮੋਹਨ ਲਾਲ