SGPC ਪ੍ਰਧਾਨ ਬਣੇ ਧਾਮੀ, ਮਾਨਸਾ 'ਚ ਹੋਇਆ ਧਮਾਕਾ, ਜਾਣੋ ਅੱਜ ਦੀਆਂ ਟੌਪ-10 ਖਬਰਾਂ

Monday, Oct 28, 2024 - 07:00 PM (IST)

ਜਲੰਧਰ : ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਫਿਰ ਤੋਂ ਕਮੇਟੀ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਨੂੰ ਇਸ ਦੌਰਾਨ 107 ਵੋਟਾਂ ਪਈਆਂ। ਉਧਰ ਦੂਜੇ ਪਾਸੇ ਮਾਨਸਾ 'ਚ ਪੈਟਰੋਲ ਪੰਪ ਦੇ ਬਾਹਰ ਇਕ ਧਮਾਕਾ ਹੋਇਆ ਹੈ, ਜਿਸ ਪੰਪ ਦੇ ਬਾਹਰ ਧਮਾਕਾ ਹੋਇਆ ਉਸ ਦੇ ਮਾਲਕ ਨੂੰ ਫਿਰੌਤੀ ਲਈ ਫੋਨ ਵੀ ਆਏ ਸਨ। ਇਹ ਤਾਂ ਗੱਲ ਹੋਈ ਪੰਜਾਬ ਦੀ ਇਸ ਦੇ ਨਾਲ ਹੀ ਜੇਕਰ ਕੌਮਾਂਤਰੀ ਪੱਧਰ ਦੀ ਗੱਲ ਕਰੀਏ ਤਾਂ ਅੱਜ ਮੱਧ ਪ੍ਰਦੇਸ਼ ਦੀ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨੂੰ 4 ਫੀਸਦੀ ਡੀਏ ਦਾ ਤੋਹਫਾ ਦਿੱਤਾ ਹੈ। ਸਰਕਾਰੀ ਮੁਲਾਜ਼ਮਾਂ ਨੂੰ ਇਸ ਤੋਂ ਪਹਿਲਾਂ 46 ਫੀਸਦੀ ਡੀਏ ਮਿਲ ਰਿਹਾ ਸੀ ਜੋ ਵਧ ਕੇ 50 ਫੀਸਦੀ ਹੋ ਗਿਆ ਹੈ। ਇਸ ਦੇ ਨਾਲ ਹੀ ਇਕ ਨਵੰਬਰ ਤੋਂ ਰੇਲਵੇ, ਬੈਂਕਿੰਗ, ਕ੍ਰੈਡਿਟ ਕਾਰਡ, ਕਾਲਿੰਗ ਆਦਿ ਸਮੇਤ ਕਈ ਨਿਯਮਾਂ 'ਚ ਬਦਲਾਅ ਹੋਣ ਜਾ ਰਹੇ ਹਨ। ਅੰਤਰਰਾਸ਼ਟਰੀ ਪੱਧਰ 'ਤੇ ਸਾਹਮਣੇ ਆਈਆਂ ਖਬਰਾਂ ਮੁਤਾਬਕ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੰਸਦ ਮੈਂਬਰਾਂ ਵੱਲੋਂ ਅਹੁਦਾ ਛੱਡਣ ਦਾ ਦਿੱਤਾ ਅਲਟੀਮੇਟਮ ਅੱਜ ਖਤਮ ਹੋ ਰਿਹਾ ਹੈ। ਦੇਖਣਾ ਹੋਵੇਗਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਹੁਣ ਅਸਤੀਫੀ ਦਿੰਦੇ ਹਨ ਤਾਂ ਕੋਈ ਹੋਰ ਪੈਂਤਰਾ ਖੇਡਦੇ ਹਨ। ਆਓ ਇਸ ਦੇ ਨਾਲ ਹੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ :

ਹਰਜਿੰਦਰ ਸਿੰਘ ਧਾਮੀ ਬਣੇ SGPC ਦੇ ਪ੍ਰਧਾਨ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਫ਼ੈਸਲਾ ਅੱਜ ਹੋ ਗਿਆ ਹੈ। ਦੱਸ ਦੇਈਏ ਐਡਵੋਕੇਟ ਹਰਜਿੰਦਰ ਸਿੰਘ ਫਿਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਹਨ। ਦੁਪਹਿਰ 12 ਵਜੇ ਦੇ ਕਰੀਬ ਸ੍ਰੀ ਹਰਿਮੰਦਰ ਸਾਹਿਬ ਸਥਿਤ ਤੇਜ ਸਿੰਘ ਸਮੁੰਦਰੀ ਹਾਲ ਵਿੱਚ ਅਰਦਾਸ ਉਪਰੰਤ ਵੋਟਿੰਗ ਸ਼ੁਰੂ ਹੋਈ। ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਨਵੇਂ ਪ੍ਰਧਾਨ ਲਈ ਵੋਟਿੰਗ ਕੀਤੀ ਗਈ । ਇਸ ਦੌਰਾਨ ਐਡਵੋਕੇਟ ਧਾਮੀ ਨੇ ਬੀਬੀ ਜਗੀਰ ਕੌਰ ਨੂੰ ਹਰਾ ਕੇ ਫਿਰ ਤੋਂ ਚੋਣ ਜਿੱਤੀ ਹੈ। ਧਾਮੀ ਨੂੰ 107 ਵੋਟਾਂ ਮਿਲੀਆਂ ਹਨ ਜਦਕਿ ਬੀਬੀ ਜਗੀਰ ਕੌਰ ਨੂੰ 33 ਵੋਟਾਂ ਪ੍ਰਾਪਤ ਹੋਈਆਂ। ਇੱਥੇ ਇਹ ਵੀ ਦੱਸਣਯੋਗ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਪ੍ਰਧਾਨ ਬਣ ਗਏ ਹਨ। 
ਇਥੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਪੰਜਾਬ ਵਿਚ ਵੱਡਾ ਧਮਾਕਾ, ਕੰਬ ਗਿਆ ਪੂਰਾ ਇਲਾਕਾ
ਮਾਨਸਾ ਵਿਚ ਇਕ ਨਿੱਜੀ ਕੰਪਨੀ ਦੇ ਪੈਟਰੋਲ ਪੰਪ ਦੇ ਬਾਹਰ ਵੱਡਾ ਧਮਾਕਾ ਹੋਇਆ ਹੈ, ਜਿਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਧਮਾਕਾ ਕਿਸ ਤਰ੍ਹਾਂ ਕੀਤਾ ਗਿਆ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਪ ਮਾਲਕ ਨੂੰ ਫਿਰੌਤੀ ਦੇਣ ਲਈ ਫੋਨ ਵੀ ਆਏ ਸੀ ਅਤੇ ਇਸ ਤੋਂ ਬਾਅਦ ਇਹ ਧਮਾਕਾ ਕੀਤਾ ਗਿਆ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਬਾਬਤ ਪੁਲਸ ਫਿਲਹਾਲ ਜ਼ਿਆਦਾ ਕੁਝ ਨਹੀਂ ਬੋਲ ਰਹੀ ਹੈ। 
ਇਥੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਿਆ ਸਪੱਸ਼ਟੀਕਰਨ
ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਵੜਿੰਗ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਦਿੱਤੇ ਗਏ ਇਕ ਬਿਆਨ ਕਾਰਨ ਵਿਵਾਦਾਂ 'ਚ ਘਿਰੇ ਹੋਏ ਹਨ। ਦਰਅਸਲ ਬੀਤੇ ਦਿਨ ਇਕ ਨਿੱਜੀ ਚੈਨਲ ਨਾਲ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਹੀ ਬੋਲਦੇ ਹਨ, ਜੋ ਸੁਖਬੀਰ ਬਾਦਲ ਵੱਲੋਂ ਲਿਖਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਦੇ ਬਿਆਨ 'ਸਕ੍ਰਿਪਟਿਡ ਹੁੰਦੇ ਹਨ।  ਇਸ ਬਿਆਨ ਦੇ ਮਗਰੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਰਾਜਾ ਵੜਿੰਗ ਨੂੰ ਮੁਆਫ਼ੀ ਮੰਗਣ ਲਈ ਕਿਹਾ ਸੀ ਤੇ ਕਿਹਾ ਕਿ ਜੇਕਰ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਨਹੀਂ ਮੰਗਦੇ ਤਾਂ ਉਨ੍ਹਾਂ ਖ਼ਿਲਾਫ਼ ਸਿੱਖ ਮਰਿਆਦਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। 
ਇਥੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਮੁਲਾਜ਼ਮਾਂ ਨੂੰ ਮਿਲਿਆ ਦੀਵਾਲੀ ਦਾ ਤੋਹਫਾ
ਤਿਉਹਾਰਾਂ ਦੇ ਸੀਜ਼ਨ 'ਚ ਜਿੱਥੇ ਮੋਦੀ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ (ਡੀਏ 'ਚ ਵਾਧੇ) ਦਾ ਤੋਹਫਾ ਦਿੱਤਾ, ਉੱਥੇ ਹੀ ਇਸ ਤੋਂ ਬਾਅਦ ਕਈ ਸੂਬਿਆਂ ਨੇ ਵੀ ਆਪਣੇ ਕਰਮਚਾਰੀਆਂ ਲਈ ਖਜ਼ਾਨਾ ਖੋਲ੍ਹ ਦਿੱਤਾ। ਹੁਣ ਇਸ ਸੂਚੀ ਵਿੱਚ ਮੱਧ ਪ੍ਰਦੇਸ਼ ਦਾ ਨਾਮ ਵੀ ਜੁੜ ਗਿਆ ਹੈ। ਮੋਹਨ ਯਾਦਵ ਦੀ ਅਗਵਾਈ ਵਾਲੀ ਐੱਮਪੀ ਸਰਕਾਰ ਨੇ ਰਾਜ ਦੇ ਕਰਮਚਾਰੀਆਂ ਨੂੰ 4 ਫੀਸਦੀ ਡੀਏ ਵਾਧੇ ਦਾ ਦੀਵਾਲੀ ਤੋਹਫ਼ਾ ਦਿੱਤਾ ਹੈ। ਇਸ ਵਾਧੇ ਤੋਂ ਬਾਅਦ ਹੁਣ ਉਨ੍ਹਾਂ ਨੂੰ ਮਿਲਣ ਵਾਲਾ ਮਹਿੰਗਾਈ ਭੱਤਾ ਵਧ ਕੇ 50 ਫੀਸਦੀ ਹੋ ਗਿਆ ਹੈ ਅਤੇ ਇਸ ਵਾਧੇ ਨਾਲ ਮੁਲਾਜ਼ਮਾਂ ਨੂੰ ਵੱਧ ਤਨਖਾਹ ਮਿਲੇਗੀ।
ਇਥੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
 

ਇਸ ਪ੍ਰਸਿੱਧ ਮੰਦਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਦੇਸ਼ ਇਸ ਸਮੇਂ ਬੰਬ ਦੀਆਂ ਮਿਲ ਰਹੀਆਂ ਧਮਕੀਆਂ ਤੋਂ ਪ੍ਰੇਸ਼ਾਨ ਹੈ। ਹਾਲ ਹੀ 'ਚ ਦਿੱਲੀ 'ਚ ਸਕੂਲਾਂ ਅਤੇ ਫਲਾਈਟਾਂ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਤਿਰੂਪਤੀ 'ਚ ਹੋਟਲਾਂ ਨੂੰ ਬੰਬ ਦੀ ਧਮਕੀ ਮਿਲੀ ਸੀ। ਤਿੰਨ ਦਿਨ ਬਾਅਦ ਤਿਰੂਪਤੀ ਵਿੱਚ ਵੀ ਇਸਕਾਨ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਚੇਤਾਵਨੀ ਦਿੱਤੀ ਗਈ ਸੀ। ਧਮਕੀ ਮਿਲਦੇ ਹੀ ਪੁਲਸ ਅਤੇ ਮੰਦਰ ਪ੍ਰਸ਼ਾਸਨ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਤੁਰੰਤ ਫਾਇਰ ਬ੍ਰਿਗੇਡ, ਪੁਲਸ ਟੀਮਾਂ, ਬੰਬ ਨਿਰੋਧਕ ਦਸਤੇ (ਬੀਡੀਐੱਸ) ਅਤੇ ਡੌਗ ਸਕੁਐਡ ਨਾਲ ਮੰਦਰ ਦੀ ਥਾਂ-ਥਾਂ ਤਲਾਸ਼ੀ ਲਈ ਗਈ ਪਰ ਮੰਦਰ ਦੇ ਅਹਾਤੇ ਵਿੱਚੋਂ ਕੋਈ ਵਿਸਫੋਟਕ ਨਹੀਂ ਮਿਲਿਆ। ਇਸ ਤੋਂ ਬਾਅਦ ਮੰਦਰ ਦੀ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਗਿਆ ਹੈ ਅਤੇ ਹਰ ਆਉਣ ਵਾਲੇ ਦੀ ਸਖਤੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਥੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਪੱਪੂ ਯਾਦਵ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਬਿਹਾਰ ਦੇ ਪੂਰਨੀਆ ਤੋਂ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਕਾਰਕੁਨਾਂ ਨੇ ਉਸ ਨੂੰ ਇਹ ਧਮਕੀ ਦਿੱਤੀ ਹੈ। ਪੱਪੂ ਯਾਦਵ ਨੇ ਇਸ ਬਾਰੇ ਡੀਆਈਜੀ, ਪੂਰਨੀਆ ਰੇਂਜ ਦੇ ਐੱਸਪੀ ਅਤੇ ਡੀਜੀਪੀ ਨੂੰ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੱਪੂ ਯਾਦਵ ਨੂੰ ਯੂਏਈ ਦੇ ਇੱਕ ਨੰਬਰ ਤੋਂ ਕਾਲ ਕਰਕੇ ਧਮਕੀ ਦਿੱਤੀ ਗਈ ਹੈ। ਧਮਕੀ ਦੇਣ ਵਾਲਾ ਵਿਅਕਤੀ ਲਾਰੈਂਸ ਗੈਂਗ ਦਾ ਮੈਂਬਰ ਹੋਣ ਦਾ ਦਾਅਵਾ ਕਰ ਰਿਹਾ ਹੈ।
ਇਥੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਅਯੁੱਧਿਆ ਦੀ ਦੀਵਾਲੀ ਇਸ ਸਾਲ ਹੋਵੇਗੀ ਬਹੁਤ ਖ਼ਾਸ
ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਅੱਠਵੇਂ ਦੀਪ ਉਤਸਵ ਤਹਿਤ ਸਰਯੂ ਨਦੀ ਦੇ ਕੰਢੇ 28 ਲੱਖ ਦੀਵੇ ਜਗਾ ਕੇ ਵਿਸ਼ਵ ਰਿਕਾਰਡ ਬਣਾਉਣ ਦੀਆਂ ਤਿਆਰੀਆਂ ਵਿਚਾਲੇ ਇਸ ਵਾਰ ਰਾਮਲਲਾ ਦੇ ਮੰਦਰ 'ਚ ਖਾਸ ਤਰ੍ਹਾਂ ਦੇ ਦੀਵੇ ਜਗਾਉਣ ਦੀ ਯੋਜਨਾ ਹੈ। ਨਵੇਂ ਬਣੇ ਸ਼੍ਰੀ ਰਾਮ ਜਨਮ ਭੂਮੀ ਮੰਦਰ ਵਿੱਚ ਪਹਿਲੀ ਦੀਵਾਲੀ ਲਈ ਸ਼ਾਨਦਾਰ ਅਤੇ "ਈਕੋ-ਚੇਤੰਨ" ਤਿਆਰੀਆਂ ਚੱਲ ਰਹੀਆਂ ਹਨ। ਸਰਯੂ ਦੇ ਘਾਟਾਂ 'ਤੇ 30 ਅਕਤੂਬਰ ਨੂੰ ਹੋਣ ਵਾਲੇ ਪ੍ਰਕਾਸ਼ ਉਤਸਵ 'ਚ 28 ਲੱਖ ਦੀਵੇ ਜਗਾਉਣ ਲਈ 30 ਹਜ਼ਾਰ ਤੋਂ ਵੱਧ ਵਾਲੰਟੀਅਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਦੇ ਬੁਲਾਰੇ ਅਨੁਸਾਰ ਇਹ ਵਿਸ਼ੇਸ਼ ਕਿਸਮ ਦੇ ਦੀਵੇ ਮੰਦਰ ਦੀ ਇਮਾਰਤ ਨੂੰ ਦਾਗ-ਧੱਬਿਆਂ ਅਤੇ ਕਾਲਿਖ ਤੋਂ ਬਚਾ ਕੇ ਰੱਖਣਗੇ ਅਤੇ ਲੰਬੇ ਸਮੇਂ ਤੱਕ ਰੌਸ਼ਨੀ ਵੀ ਪ੍ਰਦਾਨ ਕਰਨਗੇ।
ਇਥੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

1 ਨਵੰਬਰ ਤੋਂ ਹੋਣਗੇ ਕਈ ਵੱਡੇ ਬਦਲਾਅ
ਨਵੰਬਰ ਦਾ ਮਹੀਨਾ ਕੁਝ ਦਿਨਾਂ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ। ਅਗਲੇ ਮਹੀਨੇ ਰੇਲਵੇ, ਬੈਂਕਿੰਗ, ਕ੍ਰੈਡਿਟ ਕਾਰਡ, ਕਾਲਿੰਗ ਆਦਿ ਸਮੇਤ ਕਈ ਨਿਯਮਾਂ 'ਚ ਬਦਲਾਅ ਹੋਣ ਜਾ ਰਹੇ ਹਨ। ਜਿਸ ਬਾਰੇ ਸਭ ਨੂੰ ਪਤਾ ਹੋਣਾ ਚਾਹੀਦਾ ਹੈ। ਜੇਕਰ ਨਵੇਂ ਨਿਯਮ ਲਾਗੂ ਹੁੰਦੇ ਹਨ ਤਾਂ ਇਸ ਦਾ ਅਸਰ ਆਮ ਆਦਮੀ ਦੀ ਜੇਬ 'ਤੇ ਵੀ ਪੈ ਸਕਦਾ ਹੈ। ਕੁਝ ਤਬਦੀਲੀਆਂ ਲਾਭਦਾਇਕ ਹੋ ਸਕਦੀਆਂ ਹਨ ਜਦੋਂ ਕਿ ਦੂਸਰੇ ਵਿੱਤੀ ਬਦਲਾਅ ਬੋਝ ਨੂੰ ਵਧਾ ਸਕਦੇ ਹਨ।
ਇਥੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
 

ਇਸ ਸਾਲ 35 ਵਾਰ ਟੁੱਟੇ ਸੋਨੇ ਦੇ ਰਿਕਾਰਡ
ਸੋਨੇ ਦੀ ਕੀਮਤ ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਸਾਲ ਹੁਣ ਤੱਕ ਸੋਨਾ 35 ਵਾਰ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਚੁੱਕਾ ਹੈ ਅਤੇ ਇਸ ਦੀ ਰਫ਼ਤਾਰ ਰੁਕਣ ਦਾ ਕੋਈ ਸੰਕੇਤ ਨਹੀਂ ਦਿਖਾ ਰਹੀ ਹੈ। ਇਸ ਸਾਲ ਸੋਨੇ ਦੀ ਕੀਮਤ 33 ਫੀਸਦੀ ਵਧੀ ਹੈ। ਸਵਾਲ ਇਹ ਹੈ ਕਿ ਸੋਨੇ ਦੀ ਕੀਮਤ ਇੰਨੀ ਕਿਉਂ ਵਧ ਰਹੀ ਹੈ? ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕਈ ਦੇਸ਼ਾਂ ਦੇ ਕੇਂਦਰੀ ਬੈਂਕ ਵੱਡੀ ਮਾਤਰਾ 'ਚ ਸੋਨਾ ਖਰੀਦ ਰਹੇ ਹਨ। ਇਨ੍ਹਾਂ ਵਿੱਚ ਭਾਰਤ, ਚੀਨ, ਤੁਰਕੀਏ ਅਤੇ ਪੋਲੈਂਡ ਦੇ ਕੇਂਦਰੀ ਬੈਂਕ ਸਭ ਤੋਂ ਅੱਗੇ ਹਨ। ਕੇਂਦਰੀ ਬੈਂਕਾਂ ਕੋਲ ਵਿਸ਼ਵ ਦੇ ਕੁੱਲ ਸੋਨੇ ਦੇ ਭੰਡਾਰ ਦਾ 12.1 ਪ੍ਰਤੀਸ਼ਤ ਹੈ। ਇਹ 1990 ਦੇ ਦਹਾਕੇ ਦੇ ਬਾਅਦ ਸਭ ਤੋਂ ਉੱਚ ਪੱਧਰ ਹੈ।
ਇਥੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

Trudeau ਦੇਣਗੇ ਅਸਤੀਫ਼ਾ! ਫ਼ੈਸਲਾ ਅੱਜ, ਅਲਟੀਮੇਟਮ ਖ਼ਤਮ
ਕੈਨੇਡਾ ਅਤੇ ਭਾਰਤ ਵਿਚਾਲੇ ਤਣਾਅ ਬਰਕਰਾਰ ਹੈ। ਇਸ ਦਾ ਕਾਰਨ ਖੁਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ। ਉਸ ਨੇ ਭਾਰਤ 'ਤੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਨੂੰ ਮਾਰਨ ਦਾ ਦੋਸ਼ ਲਗਾਇਆ। ਹਾਲਾਂਕਿ ਇਸ ਦੋਸ਼ 'ਤੇ ਕੈਨੇਡਾ ਦੀ ਵਿਰੋਧੀ ਪਾਰਟੀ ਤੋਂ ਲੈ ਕੇ ਉਨ੍ਹਾਂ ਦੀ ਆਪਣੀ ਸਾਰੇ ਨੇਤਾਵਾਂ ਨੇ ਉਨ੍ਹਾਂ ਨੂੰ ਘੇਰ ਲਿਆ ਹੈ। ਇੱਥੋਂ ਤੱਕ ਕਿ ਟਰੂਡੋ ਦੀ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਵੀ ਉਨ੍ਹਾਂ ਨੂੰ ਅਹੁਦਾ ਛੱਡਣ ਦਾ ਅਲਟੀਮੇਟਮ ਦਿੱਤਾ ਸੀ। ਇਹ ਅਲਟੀਮੇਟਮ ਅੱਜ ਭਾਵ 28 ਅਕਤੂਬਰ ਨੂੰ ਖ਼ਤਮ ਹੋ ਗਿਆ। ਪਰ ਜਸਟਿਨ ਟਰੂਡੋ ਨੂੰ ਕੋਈ ਫਰਕ ਪੈਂਦਾ ਨਜ਼ਰ ਨਹੀਂ ਆਉਂਦਾ। ਹੁਣ ਅਜਿਹੇ 'ਚ ਸਵਾਲ ਇਹ ਉੱਠਦਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਦਾ ਅਗਲਾ ਕਦਮ ਕੀ ਹੋਵੇਗਾ। ਕੀ ਜਸਟਿਨ ਟਰੂਡੋ ਨੂੰ ਆਪਣੀ ਕੁਰਸੀ ਛੱਡਣੀ ਪਵੇਗੀ ਜਾਂ ਉਨ੍ਹਾਂ ਕੋਲ ਕੋਈ ਹੋਰ ਵਿਕਲਪ ਹੈ।
ਇਥੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।


Baljit Singh

Content Editor

Related News