ਜਿੱਤਣ ਦੇ ਬਾਵਜੂਦ ਸਹੁੰ ਨਹੀਂ ਚੁੱਕ ਸਕਣਗੇ 4 ਜ਼ਿਲ੍ਹਿਆਂ ਦੇ ਪੰਚ-ਸਰਪੰਚ !
Saturday, Nov 02, 2024 - 05:41 AM (IST)
ਲੁਧਿਆਣਾ (ਪੰਕਜ)- ਪੰਜਾਬ ’ਚ ਹੋਈਆਂ ਪੰਚਾਇਤੀ ਚੋਣਾਂ ’ਚ ਜਿੱਤਣ ਦੇ ਬਾਵਜੂਦ 4 ਜ਼ਿਲ੍ਹਿਆਂ ਦੇ ਪੰਚ-ਸਰਪੰਚ ਲੁਧਿਆਣਾ ਦੇ ਧਨਾਨਸੂ ’ਚ ਹੋਣ ਜਾ ਰਹੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਨਹੀਂ ਹੋ ਸਕਣਗੇ, ਜਿਸ ਦਾ ਮੁੱਖ ਕਾਰਨ 4 ਜ਼ਿਲ੍ਹਿਆਂ ’ਚ ਲਾਗੂ ਚੋਣ ਜ਼ਾਬਤਾ ਹੈ।
ਓਧਰ, ਸਹੁੰ ਚੁੱਕ ਸਮਾਗਮ ’ਚ ਭਾਰੀ ਭੀੜ ਨੂੰ ਦੇਖਦੇ ਹੋਏ ਸਰਕਾਰ ਨੇ ਆਖਰੀ ਸਮੇਂ ’ਚ ਸਿਰਫ ਸਰਪੰਚਾਂ ਨੂੰ ਹੀ ਸਹੁੰ ਚੁੱਕ ਸਮਾਗਮ ਦਾ ਹਿੱਸਾ ਬਣਨ ਲਈ ਸੱਦਾ ਦੇਣ ਦਾ ਫੈਸਲਾ ਕੀਤਾ ਹੈ।
ਜਾਣਕਾਰੀ ਮੁਤਾਬਕ ਪੰਜਾਬ ਸਰਕਾਰ 8 ਨਵੰਬਰ ਨੂੰ ਲੁਧਿਆਣਾ ਦੇ ਧਨਾਨਸੂ ਸਥਿਤ ਸਾਈਕਲ ਵੈਲੀ ’ਚ ਵਿਸ਼ਾਲ ਸਹੁੰ ਚੁੱਕ ਸਮਾਗਮ ਕਰਨ ਜਾ ਰਹੀ ਹੈ, ਜਿਸ ਵਿਚ ਪੰਜਾਬ ’ਚ ਪੰਚਾਇਤੀ ਚੋਣਾਂ ਦੌਰਾਨ ਜਿੱਤਣ ਵਾਲੇ ਪੰਚਾਂ-ਸਰਪੰਚਾਂ ਨੂੰ ਸਾਂਝੇ ਤੌਰ ’ਤੇ ਸਹੁੰ ਦਿਵਾਈ ਜਾਵੇਗੀ। ਪਰ ਇਸ ਸਮਾਗਮ ’ਚ ਜਿੱਤਣ ਦੇ ਬਾਵਜੂਦ 4 ਜ਼ਿਲ੍ਹਿਆਂ ਜਿਨ੍ਹਾਂ ’ਚ ਬਠਿੰਡਾ (ਗਿੱਦੜਬਾਹਾ), ਹੁਸ਼ਿਆਰਪੁਰ (ਚੱਬੇਵਾਲ), ਗੁਰਦਾਸਪੁਰ (ਡੇਰਾ ਬਾਬਾ ਨਾਨਕ), ਸੰਗਰੂਰ (ਬਰਨਾਲਾ) ’ਚ ਹੋਣ ਜਾ ਰਹੀਆਂ ਵਿਧਾਨ ਸਭਾ ਉਪ ਚੋਣਾਂ ਕਾਰਨ ਲਾਗੂ ਚੋਣ ਜ਼ਾਬਤੇ ਕਾਰਨ ਸਬੰਧਤ ਪੰਚਾਇਤਾਂ ’ਚ ਜੇਤੂ ਉਮੀਦਵਾਰ ਸਹੁੰ ਚੁੱਕ ਸਮਾਗਮ ਦਾ ਹਿੱਸਾ ਨਹੀਂ ਬਣ ਸਕਣਗੇ।
ਇਹ ਵੀ ਪੜ੍ਹੋ- ਦੀਵਾਲੀ ਮੌਕੇ ਪਟਾਕੇ ਚਲਾਉਂਦੇ ਸਮੇਂ ਨੌਜਵਾਨ ਦੇ ਗਲ਼ੇ 'ਚ ਆ ਵੱਜੀ ਆਤਿਸ਼ਬਾਜ਼ੀ, ਤੜਫ਼-ਤੜਫ਼ ਕੇ ਗੁਆਈ ਜਾਨ
ਓਧਰ, ਸ਼ੁੱਕਰਵਾਰ ਨੂੰ ਸਹੁੰ ਚੁੱਕ ਸਮਾਗਮ ਦਾ ਜਾਇਜ਼ਾ ਲੈਣ ਪੁੱਜੇ ਡੀ.ਸੀ. ਜਤਿੰਦਰ ਜੋਰਵਾਲ ਸਮੇਤ ਹੋਰ ਅਧਿਕਾਰੀਆਂ ਵੱਲੋਂ ਕੀਤੀ ਵੋਟਾਂ ਦੀ ਗਿਣਤੀ ਤੋਂ ਬਾਅਦ ਇਸ ਸਮਾਗਮ ’ਚ ਹੋਣ ਵਾਲੀ ਭਾਰੀ ਭੀੜ ਨੂੰ ਧਿਆਨ 'ਚ ਰੱਖਦੇ ਹੋਏ ਸਿਰਫ਼ ਸਰਪੰਚਾਂ ਨੂੰ ਹੀ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਗਈ ਹੈ।
ਸੂਤਰਾਂ ਦੀ ਮੰਨੀਏ ਤਾਂ ਸੂਬੇ ਭਰ ਤੋਂ ਪੰਚਾਂ-ਸਰਪੰਚਾਂ ਨੂੰ ਲਿਆਉਣ ਲਈ 2,300 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ, ਜਿਨ੍ਹਾਂ ਨੂੰ ਹੁਣ ਘਟਾ ਕੇ 1,800 ਕਰ ਦਿੱਤਾ ਗਿਆ ਹੈ। ਅਚਾਨਕ ਹੋਏ ਇਸ ਬਦਲਾਅ ਤੋਂ ਬਾਅਦ ਨਾ ਸਿਰਫ ਸੂਬੇ ਭਰ ਦੇ ਪੰਚਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ, ਸਗੋਂ ਜਿੱਤਣ ਦੇ ਬਾਵਜੂਦ ਸਹੁੰ ਚੁੱਕ ਸਮਾਗਮ ਦਾ ਹਿੱਸਾ ਬਣਨ ਤੋਂ ਵਾਂਝੇ ਰਹਿਣ ਵਾਲੀਆਂ 4 ਜ਼ਿਲ੍ਹਿਆਂ ਦੀਆਂ ਪੰਚਾਇਤਾਂ ਨਾਲ ਸਬੰਧਤ ਉਮੀਦਵਾਰ ਵੀ ਉਦਾਸ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- ਹੈਂ...! 'ਪਾਈਆ' ਆਲੂਆਂ ਪਿੱਛੇ ਪੈ ਗਿਆ ਪੰਗਾ, ਬੰਦੇ ਨੇ 'ਪਊਆ' ਪੀ ਕੇ ਸੱਦ ਲਈ ਪੁਲਸ, ਕਹਿੰਦਾ- 'ਕਰੋ ਕਾਰਵਾਈ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e