ਡਾਕਟਰਾਂ ਅਤੇ ਮਸ਼ੀਨਾਂ ਦਰਮਿਆਨ ‘ਖਿਡੌਣਾ’ ਬਣ ਕੇ ਰਹਿ ਗਿਐ ਮਨੁੱਖੀ ਜੀਵਨ

11/10/2018 7:24:15 AM

ਮਨੁੱਖੀ ਇਲਾਜ ਨਾਲ ਸਬੰਧਤ ਆਧੁਨਿਕ ਵਿਗਿਆਨ ਦੇਖਣ ’ਚ ਤਾਂ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਦਾ ਨਜ਼ਰ ਆ ਰਿਹਾ ਹੈ ਪਰ ਅਸਲੀਅਤ ’ਚ ਇਨ੍ਹਾਂ ਨਵੀਅਾਂ ਖੋਜਾਂ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਮਨੁੱਖੀ ਜੀਵਨ ਡਾਕਟਰਾਂ ਅਤੇ ਮਸ਼ੀਨਾਂ ਦਰਮਿਆਨ ਇਕ ਖਿਡੌਣਾ ਬਣ ਕੇ ਰਹਿ ਗਿਆ ਹੈ। ਡਾਕਟਰ, ਦਵਾਈਅਾਂ ਬਣਾਉਣ ਵਾਲੀਅਾਂ ਕੰਪਨੀਅਾਂ, ਮਸ਼ੀਨਾਂ ਬਣਾਉਣ ਵਾਲੇ ਸਭ ਰੋਗੀਅਾਂ ਨੂੰ ਬੀਮਾਰੀਅਾਂ ਦਾ ਡਰਾਵਾ ਦਿਖਾ ਕੇ ਖੂਬ ਪੈਸਾ ਬਟੋਰ ਰਹੇ ਹਨ। 
ਮਨੁੱਖ ਇਸ ਗਲਤਫਹਿਮੀ ’ਚ ਹੀ ਰਹਿੰਦਾ ਹੈ ਕਿ ਉਸ ਦਾ ਇਲਾਜ ਵਧੀਆ ਹੋਵੇਗਾ, ਬੀਮਾਰੀ  ਤੋਂ ਛੁਟਕਾਰਾ ਮਿਲ ਜਾਵੇਗਾ ਪਰ ਆਮ ਤੌਰ ’ਤੇ  ਦੇਖਣ  ’ਚ ਆਉਂਦਾ ਹੈ ਕਿ ‘ਸਾਈਡ ਇਫੈਕਟ’ ਦੇ ਨਾਂ ’ਤੇ ਰੋਗ ਵਧਦੇ ਜਾਂਦੇ ਹਨ, ਮਨੁੱਖੀ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ ਅਤੇ ਡਾਕਟਰਾਂ ਕੋਲ ਪੈਸਾ ਲੁਟਾਉਣ ਦਾ ਸਿਲਸਿਲਾ ਆਦਮੀ ਦੀ ਮੌਤ ਤਕ ਚਲਦਾ ਰਹਿੰਦਾ ਹੈ। 
ਮੈਡੀਕਲ ਉਦਯੋਗ ਦੀਅਾਂ ਆਰਥਿਕ ਸਾਜ਼ਿਸ਼ਾਂ ਨੂੰ ਅੱਜ ਸਮਝਦਾਰ ਆਦਮੀ ਵੀ ਸਮਝਣ ’ਚ ਨਾਕਾਮ ਹੈ। ਆਧੁਨਿਕ ਇਲਾਜ ਪ੍ਰਣਾਲੀਆਂ ਦੀਅਾਂ ਕਮੀਅਾਂ ਤੋਂ ਇਲਾਵਾ ਆਦਮੀ ਖ਼ੁਦ ਨੂੰ ਉਦੋਂ ਠੱਗਿਆ ਹੋਇਆ ਮਹਿਸੂਸ ਕਰਦਾ ਹੈ, ਜਦੋਂ ਡਾਕਟਰਾਂ ਜਾਂ ਉਨ੍ਹਾਂ ਦੇ ਅਧੀਨ ਕੰਮ ਕਰਨ ਵਾਲੇ ਮੁਲਾਜ਼ਮਾਂ ਆਦਿ ਦੀ ਲਾਪ੍ਰਵਾਹੀ ਹੀ ਰੋਗੀ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ। 
ਗੈਰ-ਕਾਨੂੰਨੀ ਢੰਗ ਨਾਲ ਹੱਡੀਅਾਂ ਦੇ ਤਰੁਟੀਪੂਰਨ ਸੈੱਟ ਭਾਰਤ ਭੇਜੇ
ਅਮਰੀਕਾ ਦੀ ਇਕ ਪ੍ਰਸਿੱਧ ਕੰਪਨੀ ‘ਜਾਨਸਨ ਐਂਡ ਜਾਨਸਨ’ ਨੇ ਚੂਲ੍ਹੇ ਦੀਅਾਂ ਹੱਡੀਅਾਂ ਦੇ ਸੈੱਟ ਦਾ ਉਤਪਾਦਨ ਸ਼ੁਰੂ ਕੀਤਾ ਤੇ ਸਰਕਾਰ ਦੀ ਇਜਾਜ਼ਤ ਲਏ ਬਿਨਾਂ ਗੈਰ-ਕਾਨੂੰਨੀ ਢੰਗ ਨਾਲ ਇਹ ਸੈੱਟ ਹਜ਼ਾਰਾਂ ਦੀ ਗਿਣਤੀ ’ਚ ਭਾਰਤ ਭੇਜ ਦਿੱਤੇ ਗਏ। ਇਨ੍ਹਾਂ ਗੈਰ-ਕਾਨੂੰਨੀ ਹਰਕਤਾਂ ਤੋਂ ਇਲਾਵਾ ਜ਼ਿਆਦਾ ਚਿੰਤਾਜਨਕ ਤੱਥ ਇਹ ਰਿਹਾ ਕਿ ਭਾਰਤ ਦੇ ਵੱਡੇ ਹਸਪਤਾਲਾਂ ’ਚ 14525 ਮਰੀਜ਼ਾਂ ਦੇ ਆਪ੍ਰੇਸ਼ਨ ਕਰ ਕੇ ਉਨ੍ਹਾਂ ਨੂੰ ਇਹ ਸੈੱਟ ਲਾ ਦਿੱਤੇ ਗਏ, ਜੋ ਬਾਅਦ ’ਚ ਮਰੀਜ਼ਾਂ ਲਈ ਕਈ ਪ੍ਰੇਸ਼ਾਨੀਅਾਂ ਦਾ ਸਬੱਬ ਬਣ ਗਏ। ਇਥੋਂ ਤਕ ਕਿ ਕਈ ਮਰੀਜ਼ਾਂ ਦੀ ਤਾਂ ਮੌਤ ਵੀ ਹੋ ਗਈ। 
ਕੇਂਦਰੀ ਸਿਹਤ ਮੰਤਰਾਲੇ ਨੇ ਇਸ ਸਾਰੇ ਕਾਂਡ ਦੀ ਜਾਂਚ ਲਈ ਮਾਹਿਰਾਂ ਦੀ ਇਕ ਕਮੇਟੀ ਕਾਇਮ ਕੀਤੀ। ਦਿੱਲੀ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਪ੍ਰੋਫੈਸਰ ਡਾ. ਅਰੁਣ ਅਗਰਵਾਲ ਦੀ ਪ੍ਰਧਾਨਗੀ ਹੇਠ ਬਣੀ ਇਸ ਕਮੇਟੀ ਨੇ ਸਿੱਟਾ ਕੱਢਿਆ ਕਿ ਜਾਨਸਨ ਕੰਪਨੀ ਹੀ ਇਸ ਸਾਰੀ ਮੈਡੀਕਲ ਲਾਪ੍ਰਵਾਹੀ ਦੀ ਸਾਫ-ਸਾਫ ਦੋਸ਼ੀ ਹੈ ਪਰ ਕੇਂਦਰ ਸਰਕਾਰ ਨੇ ਪੀੜਤ ਮਰੀਜ਼ਾਂ ਦੀ ਸੁਰੱਖਿਆ ਲਈ ਕੋਈ ਯਤਨ ਨਹੀਂ ਕੀਤੇ। 
ਉਨ੍ਹਾਂ ਮਰੀਜ਼ਾਂ ’ਚੋਂ ਹੀ ਇਕ ਮ੍ਰਿਤਕ ਦੇ ਬੇਟੇ ਅਰੁਣ ਕੁਮਾਰ ਗੋਇਨਕਾ ਨੇ ਇਸ ਸਾਰੇ ਕਾਂਡ ਨੂੰ ਜ਼ਾਹਿਰ ਕਰਦਿਅਾਂ ਸੁਪਰੀਮ ਕੋਰਟ ’ਚ ਰਿੱਟ ਦਾਇਰ ਕਰ ਦਿੱਤੀ। ਸੁਪਰੀਮ ਕੋੋਰਟ ਦੇ ਚੀਫ ਜਸਟਿਸ ਸ਼੍ਰੀ ਰੰਜਨ ਗੋਗੋਈ, ਜਸਟਿਸ ਸ਼੍ਰੀ ਐੱਮ. ਕੇ. ਕੌਲ ਅਤੇ ਸ਼੍ਰੀ ਕੇ. ਐੱਮ. ਜੋਸਫ ਦੇ ਬੈਂਚ ਨੇ ਇਸ ਕਾਂਡ ’ਤੇ ਸੁਣਵਾਈ ਸ਼ੁਰੂ ਕਰਦਿਅਾਂ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। 
ਇਹ ਰਿੱਟ ਪਟੀਸ਼ਨ ਇਕ ਤਰ੍ਹਾਂ ਨਾਲ ਵਿਆਪਕ ਜਨਹਿੱਤ ਪਟੀਸ਼ਨ ਹੈ, ਜਿਸ ’ਚ ਸਾਰੇ ਪੀੜਤ ਮਰੀਜ਼ਾਂ ਦੇ ਮੁਆਵਜ਼ੇ ਆਦਿ ’ਤੇ ਵਿਚਾਰ ਕੀਤਾ ਜਾ ਸਕਦਾ ਹੈ ਪਰ ਤ੍ਰਾਸਦੀ ਇਹ ਹੈ ਕਿ ਭਾਰਤ ਦੀਅਾਂ ਸਾਰੀਅਾਂ ਵਿਵਸਥਾਵਾਂ, ਇਥੋਂ ਤਕ ਕਿ ਜੱਜਾਂ ਦੀ ਮਾਨਸਿਕਤਾ ਵੀ ਅਜੇ ਤਕ ਉਸ ਪੱਧਰ ਤਕ ਵਿਕਸਿਤ ਨਹੀਂ ਹੋ ਸਕੀ, ਜਿਸ  ਨਾਲ ਇਲਾਜ ਦੇ ਨਾਂ ’ਤੇ ਹੋਣ ਵਾਲੀ ਲੁੁੱਟ, ਖਾਸ ਤੌਰ ’ਤੇ ਡਾਕਟਰਾਂ ਦੀ ਲਾਪ੍ਰਵਾਹੀ ’ਤੇ ਰੋਕ ਲਾਉਣ ਦਾ ਕੋਈ ਸਥਾਈ ਹੱਲ ਲੱਭਿਆ ਜਾ ਸਕੇ। 
ਜਦੋਂ ਤਕ ਇਸ ’ਤੇ ਰੋਕ ਨਹੀਂ ਲੱਗਦੀ, ਉਦੋਂ ਤਕ ਅਦਾਲਤਾਂ ਤੇ ਸਰਕਾਰਾਂ ਨੂੰ ਅਜਿਹੀ ਲੁੱਟ ਤੇ ਲਾਪ੍ਰਵਾਹੀ ਵਿਰੁੱਧ ਪੀੜਤਾਂ ਲਈ ਮੁਆਵਜ਼ੇ ਦਾ ਪ੍ਰਬੰਧ ਇੰਨਾ ਜ਼ੋਰਦਾਰ ਬਣਾਉਣਾ ਚਾਹੀਦਾ ਹੈ ਕਿ ਡਾਕਟਰਾਂ ਦੇ ਦਿਮਾਗ ਆਪਣੇ ਆਪ ਸੁਧਾਰ ਦੇ ਰਾਹ ’ਤੇ ਚੱਲ ਪੈਣ। 
ਅਮਰੀਕਾ ’ਚ ਰੋਗੀਅਾਂ ਨੂੰ ਮੁਆਵਜ਼ਾ ਮਿਲਿਆ
ਸੁਪਰੀਮ ਕੋਰਟ ’ਚ ਸੁਣਵਾਈ ਦੌਰਾਨ ਜਾਨਸਨ ਕੰਪਨੀ ਦੇ ਇਸ ਮੈਡੀਕਲ ਕਾਂਡ ਦੇ ਹੋਰ ਵੀ ਕਈ ਤੱਥ ਸਾਹਮਣੇ ਆਏ। ਅਮਰੀਕਾ ’ਚ ਵੀ ਇਸ ਕੰਪਨੀ ਦੇ ਬਣਾਏ ਚੂਲ੍ਹੇ ਦੇ ਸੈੱਟ ਹਜ਼ਾਰਾਂ ਲੋਕਾਂ ਨੂੰ ਲਗਾਏ ਗਏ ਪਰ ਮਰੀਜ਼ਾਂ ਲਈ ਇਹ ਨਵੀਂ ਖੋਜ ਸਮੱਸਿਆਵਾਂ ਦਾ ਕਾਰਨ ਹੀ ਬਣੀ। 
ਅਮਰੀਕਾ ਦੀ ਨਿਅਾਂ ਪ੍ਰਣਾਲੀ ਨੇ ਮਰੀਜ਼ਾਂ ਦੇ ਪੱਖ ’ਚ ਜ਼ੋਰਦਾਰ ਹਮਦਰਦੀ ਦਿਖਾਉਂਦਿਅਾਂ ਲੱਗਭਗ 9000 ਰੋਗੀਅਾਂ ’ਚ 4 ਕਰੋੜ ਡਾਲਰ ਤੋਂ ਵੀ ਜ਼ਿਆਦਾ ਰਕਮ ਮੁਆਵਜ਼ੇ ਵਜੋਂ ਵੰਡਣ ਦਾ ਹੁਕਮ ਜਾਰੀ ਕਰ ਦਿੱਤਾ। ਇਸੇ ਵਿਸ਼ੇ ਨੂੰ ਲੈ ਕੇ ਅਮਰੀਕਾ ਦੀਅਾਂ ਅਦਾਲਤਾਂ ’ਚ ਲੱਗਭਗ 1500 ਮੁਕੱਦਮੇ ਅਜੇ ਵੀ ਵਿਚਾਰਅਧੀਨ ਹਨ। 
ਅਮਰੀਕਾ ’ਚ ਕਿਸੇ ਖੋਜ ਦੀ ਇੰਨੀ ਦੁਰਦਸ਼ਾ ਹੋਣ ਦੇ ਬਾਵਜੂਦ ਉਹੀ ਯੰਤਰ (ਸੈੱਟ) ਭਾਰਤ ਦੇ ਲੋਕਾਂ ਤੋਂ ਲਾਭ ਕਮਾਉਣ ਲਈ ਇਥੇ ਕਿਵੇਂ ਪਹੁੰਚ ਗਏ? ਸਰਕਾਰ ਤੋਂ ਇਨ੍ਹਾਂ ਸੈੱਟਾਂ ਦੀ ਦਰਾਮਦ ਲਈ ਇਜਾਜ਼ਤ ਵੀ ਨਹੀਂ ਲਈ ਗਈ ਸੀ। ਇਹ ਸਾਰੇ ਤੱਥ ਸਿੱਧ ਕਰਦੇ ਹਨ ਕਿ ਆਧੁਨਿਕ ਡਾਕਟਰੀ ਭਾਈਚਾਰਾ ਭਾਰਤੀ ਰੋਗੀਅਾਂ ਦੀ ਜਾਨ ਨਾਲ ਖੇਡਣ ਨੂੰ ਪੈਸਾ ਕਮਾਉਣ ਦੀ ਲਾਲਸਾ ਤੋਂ ਜ਼ਿਆਦਾ ਕੁਝ ਨਹੀਂ ਸਮਝਦਾ ਪਰ ਤ੍ਰਾਸਦੀ ਇਹ ਹੈ ਕਿ ਭਾਰਤ ਦੀਅਾਂ ਅਦਾਲਤਾਂ ਤੇ ਸਰਕਾਰਾਂ ਕਿਉਂ ਸੁੱਤੀਅਾਂ ਪਈਅਾਂ ਹਨ? ਭਾਰਤ ਦੀਅਾਂ ਅਦਾਲਤਾਂ ਤੋਂ ਉਮੀਦ ਹੈ ਕਿ ਉਹ ਮੈਡੀਕਲ ਉਦਯੋਗ ਦੀਅਾਂ ਲਾਪ੍ਰਵਾਹੀਅਾਂ ਨਾਲ ਜੁੁੜੇ ਮਾਮਲਿਅਾਂ ਨੂੰ ਵਿਸ਼ੇਸ਼ ਹਮਦਰਦੀ ਨਾਲ ਦੇਖਣ।
ਡਾਕਟਰੀ ਲਾਪ੍ਰਵਾਹੀ ਦੇ ਅਣਗਿਣਤ ਮਾਮਲੇ
ਦਿੱਲੀ ਸਰਕਾਰ ਦੇ ਇਕ ਹੰਗਾਮੀ ਦੁਰਘਟਨਾ ਹਸਪਤਾਲ ’ਚ ਇਕ ਪੀੜਤ ਦੀ ਲੱਤ ਦਾ ਆਪ੍ਰੇਸ਼ਨ ਕਰ ਦਿੱਤਾ ਗਿਆ, ਜਦਕਿ ਉਸ ਦੇ ਸਿਰਫ ਸਿਰ ’ਚ ਸੱਟ ਲੱਗੀ ਸੀ। ਦਿੱਲੀ ਦੇ ਹੀ ਇਕ ਹੋਰ ਡਾਕਟਰੀ ਲਾਪ੍ਰਵਾਹੀ ਦੇ ਮਾਮਲੇ ’ਚ 4 ਮਹੀਨਿਅਾਂ ਦੇ ਇਕ ਬੱਚੇ ਨੂੰ ਅਜਿਹੀਅਾਂ ਦਰਦ ਨਿਵਾਰਕ ਦਵਾਈਅਾਂ ਦੇ ਦਿੱਤੀਅਾਂ ਗਈਅਾਂ ਕਿ ਉਸ ਦੀ ਮੌਤ ਹੀ ਹੋ ਗਈ।
ਤੇਲੰਗਾਨਾ ਹਸਪਤਾਲ ’ਚ 3 ਮਹੀਨਿਅਾਂ ਦੇ ਇਕ ਬੱਚੇ ਦੀ ਲਾਸ਼ ਚੂਹਿਅਾਂ ਵਲੋਂ ਖਾਧੇ ਜਾਣ ਦਾ ਮਾਮਲਾ ਵੀ ਸੁਰਖ਼ੀਅਾਂ ’ਚ ਰਿਹਾ। ਇਸੇ ਤਰ੍ਹਾਂ ਬਿਹਾਰ ਦੀ ਇਕ 60 ਸਾਲਾ ਔਰਤ ਦੀ ਅੱਖ ਦਾ ਆਪ੍ਰੇਸ਼ਨ ਹੋਇਆ। ਆਪ੍ਰੇਸ਼ਨ ਤੋਂ ਬਾਅਦ ਜਦੋਂ ਉਸ ਨੇ ਨਰਸ ਤੋਂ ਪੀਣ ਲਈ ਪਾਣੀ ਮੰਗਿਆ ਤਾਂ ਨਰਸ ਨੇ ਉਸ ਨੂੰ ਤੇਜ਼ਾਬ ਪਿਲਾ ਦਿੱਤਾ, ਜਿਸ ਕਾਰਨ ਉਸ ਔਰਤ ਦੀ ਮੌਤ ਹੋ ਗਈ। ਮਥੁਰਾ ’ਚ 6 ਸਾਲਾਂ ਦੇ ਇਕ ਬੱਚੇ ਦੇ ਸਿਰ ਦਾ ਆਪ੍ਰੇਸ਼ਨ ਕਰਦੇ ਸਮੇਂ ਡਾਕਟਰ ਵਲੋਂ ਇਕ ਸੂਈ ਉਸ ਦੇ ਦਿਮਾਗ ’ਚ ਹੀ ਛੱਡ ਦਿੱਤੀ ਗਈ। 
ਦੇਸ਼  ਦੀ ਪ੍ਰਸਿੱਧ ਮੈਡੀਕਲ ਸੰਸਥਾ ‘ਏਮਜ਼’ ਵਿਚ ਬਿਹਾਰ ਦੀ ਇਕ ਔਰਤ ਨੇ ਲੰਮੇ ਸਮੇਂ ਤੋਂ ਪੇਟ ਦਰਦ ਰਹਿਣ ਦੀ ਸ਼ਿਕਾਇਤ ਕੀਤੀ ਤਾਂ ਡਾਕਟਰਾਂ ਨੇ ਉਸ ਦਾ ਡਾਇਲਸਿਸ ਸ਼ੁਰੂ ਕਰ ਦਿੱਤਾ। ਏਮਜ਼ ਮੈਨੇਜਮੈਂਟ ਨੇ ਸਬੰਧਤ ਡਾਕਟਰ ਤੋੋਂ ਡਾਕਟਰੀ ਦਾ ਕੰਮ ਵਾਪਿਸ ਲੈ ਲਿਆ। ਡਾਕਟਰਾਂ ਦੀ ਅਜਿਹੀ ਲਾਪ੍ਰਵਾਹੀ ਦੀ ਸੂਚੀ ਬਹੁਤ ਲੰਮੀ ਹੈ। ਦੇਸ਼ ਦੀ ਨਿਅਾਂ ਪ੍ਰਣਾਲੀ ਨੂੰ ਅਜਿਹੇ ਮਾਮਲਿਅਾਂ ’ਚ ਸੰਵੇਦਨਸ਼ੀਲਤਾ ਵਿਕਸਿਤ ਕਰਨ ਦੀ ਲੋੜ ਹੈ। 
ਸੁਪਰੀਮ ਕੋਰਟ ਨੇ ਕੁਝ ਸਾਲ ਪਹਿਲਾਂ ਡਾਕਟਰੀ ਲਾਪ੍ਰਵਾਹੀ ਦੇ ਅਜਿਹੇ ਹੀ ਇਕ ਮਾਮਲੇ ’ਚ ਪੀੜਤ ਨੂੰ 11 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਜਾਰੀ ਕਰ ਕੇ ਇਸ ਨਵੀਂ ਸੰਵੇਦਨਸ਼ੀਲਤਾ ਦਾ ਰਾਹ ਪੱਧਰਾ ਕੀਤਾ ਸੀ ਪਰ ਅਜੇ ਵੀ ਸਾਡੇ ਦੇਸ਼ ਦੀ ਨਿਅਾਂ ਪ੍ਰਣਾਲੀ ਇਸ ਵਿਸ਼ੇ ’ਤੇ ਪੂਰੀ ਤਰ੍ਹਾਂ ਜਾਗਰੂਕ ਨਹੀਂ ਹੋ ਸਕੀ। ਹਰੇਕ ਡਾਕਟਰੀ ਲਾਪ੍ਰਵਾਹੀ ਨੂੰ ਇਕ ਬਹੁਤ ਵੱਡੇ ਮੈਡੀਕਲ ਕਾਂਡ ਵਾਂਗ ਸਮਝਿਆ ਜਾਣਾ ਚਾਹੀਦਾ ਹੈ।                   (vimalwadhawan@yahoo.co.in)


Related News