ਮਾਮਲਾ ਨੋਟਾਂ ਵਾਲੇ ਬਾਬੇ ਗੁਰਮੇਲ ਵੱਲੋਂ ਕਰੋੜਾਂ ਰੁਪਏ ਇਕੱਠੇ ਕਰਕੇ ਲਾਪਤਾ ਹੋਣ ਦਾ, ਚਾਰ ਹੋਰ ਨਾਮਜ਼ਦ

01/27/2021 5:25:04 PM

ਸੰਦੌੜ (ਰਿਖੀ): ਨੇੜਲੇ ਪਿੰਡ ਫਿਰੋਜ਼ਪੁਰ ਕੁਠਾਲਾ ਵਿਖੇ ਪਿਛਲੇ  ਕਈ ਮਹੀਨਿਆਂ ਤੋਂ ਗੁਰਦੁਆਰਾ ਭਗਤ ਰਵਿਦਾਸ  ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਭੇਟਾਂ ਦੇ ਨਾਮ ਉੱਪਰ ਚਲਾਈ ਇੱਕ ਬੇਨਾਮੀ ਸਕੀਮ ਤਹਿਤ ਕਰੋੜਾਂ ਰੁਪਿਆ ਇਕੱਠਾ ਕਰਕੇ ਰੂਹਪੋਸ਼  ਹੋਏ  ਗ੍ਰੰਥੀ ਗੁਰਮੇਲ ਸਿੰਘ  ਪਿੰਡ ਕੁਠਾਲਾ ਦੇ ਮਾਮਲੇ ਵਿੱਚ ਜਿੱਥੇ ਪਹਿਲਾਂ ਹੀ ਬਾਬਾ ਗੁਰਮੇਲ ਸਿੰਘ ਅਤੇ ਕੁਝ ਕਮੇਟੀ ਮੈਂਬਰਾਂ ਤੇ ਧੋਖਾਧੜੀ ਦਾ ਮਾਮਲਾ ਦਰਜ ਹੋ ਚੁੱਕਾ ਹੈ ਜਿਸ ਵਿੱਚ ਕਮੇਟੀ ਮੈਂਬਰ ਪਹਿਲਾਂ ਹੀ ਪੁਲਸ ਵੱਲੋਂ ਹਿਰਾਸਤ ਵਿੱਚ ਲਏ ਜਾ ਚੁੱਕੇ ਹਨ ਪਰ ਹੁਣ ਸੰਦੌੜ ਪੁਲਸ ਵੱਲੋਂ ਇਸ ਮਾਮਲੇ ਵਿੱਚ ਚਾਰ ਹੋਰ ਵਿਅਕਤੀ ਅਤੇ ਦੋ ਗੱਡੀਆਂ ਨੂੰ ਨਾਮਜਦ ਕੀਤਾ ਗਿਆ ਹੈ। ਇਸ ਲਈ ਗ੍ਰਿਫਤਾਰ ਕੀਤੇ ਚਾਰ ਵਿਅਕਤੀ ਅਤੇ ਦੋ ਗੱਡੀਆਂ ਨੇ ਮਾਮਲੇ ਨੂੰ ਨਵਾਂ ਮੋੜ ਦੇ ਦਿੱਤਾ ਹੈ। 

ਸੰਦੌੜ ਪੁਲਸ ਵੱਲੋਂ  ਗ੍ਰੰਥੀ ਬਾਬਾ ਗੁਰਮੇਲ ਸਿੰਘ ਸਮੇਤ ਤਿੰਨ ਕਮੇਟੀ ਮੈਂਬਰਾਂ  ਖਿਲਾਫ਼ ਮੁਕੱਦਮਾ ਨੰਬਰ 9 ਮਿਤੀ 16 ਜਨਵਰੀ 2021 ਅਧੀਨ ਧਾਰਾ 420 ਅਤੇ 120 ਬੀ ਤਹਿਤ ਪਹਿਲਾਂ ਮਾਮਲਾ ਦਰਜ ਕੀਤਾ ਸੀ। ਸੰਦੌੜ ਦੇ ਥਾਣਾ ਮੁਖੀ ਨੇ ਦੱਸਿਆ ਕੇ ਕਮੇਟੀ ਮੈਂਬਰਾਂ ਕੋਲੋਂ ਕੀਤੀ ਪੁੱਛ ਪੜਤਾਲ ਦੌਰਾਨ ਇਸ ਮਾਮਲੇ ਵਿੱਚ ਨਰਿੰਦਰ ਸਿੰਘ ਉਰਫ ਅੱਤਰੀ ਪਿੰਡ ਗੋਬਿੰਦਪੁਰਾ , ਬੂਟਾ ਸਿੰਘ ਪੁੱਤਰ ਕਰਤਾਰ ਸਿੰਘ, ਪਿੰਡ ਗੋਬਿੰਦਪੁਰਾ ਰਣਜੀਤ ਸਿੰਘ ਉਰਫ ਬੰਟੀ ਰੁੜਕਾ ,ਜਸਮੇਲ ਸਿੰਘ ਪੁੱਤਰ ਸੁਖਮੰਦਰ ਪਿੰਡ ਰੰਗੀਆਂ ਨੂੰ ਨਾਮਜ਼ਦ ਕਰਦੇ ਹੋਏ ਗਿ੍ਰਫਤਾਰ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਕੇ ਇਸ ਮਾਮਲੇ ਵਿੱਚ ਦੋ ਐਕਸ ਯੂ ਵੀ ਗੱਡੀਆਂ ਵੀ ਗ੍ਰਿਫਤ ਵਿੱਚ ਕੀਤੀਆਂ ਗਈਆਂ ਹਨ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। 

ਬਾਬੇ ਵੱਲੋਂ ਸੋਸ਼ਲ ਸਾਈਟਾਂ ਤੇ ਗੱਡੀਆਂ ਤੇ ਬੋਲਟ ਮੋਟਰ ਸਾਈਕਲ ਦੇਣ ਦਾ ਕੀਤਾ ਗਿਆ ਸੀ ਦੱਬ ਕੇ ਪ੍ਰਚਾਰ 

ਜ਼ਿਕਰਯੋਗ ਹੈ ਕੇ ਜਦੋਂ ਲੋਕਾਂ ਦੇ ਪੈਸੇ ਦਸ ਗੁਣਾ ਕੀਤੇ ਜਾਣ ਦੀ ਇਹ ਸਕੀਮ ਜੋਰਾਂ ਤੇ ਸੀ ਤਾਂ ਕੁੱਝ  ਲੋਕਾਂ ਵੱਲੋਂ ਸੋਸ਼ਲ ਸਾਈਟਾਂ ਰਾਹੀਂ ਬਾਬੇ ਦੀ ਮਹਿਮਾਂ ਗਾਈ ਜਾਂਦੀ ਰਹੀ ਅਤੇ ਬਾਬੇ ਵੱਲੋਂ ਸੋਸ਼ਲ ਸਾਈਟਾਂ ਤੇ ਗੱਡੀਆਂ ਤੇ ਬੋਲਟ ਮੋਟਰ ਸਾਈਕਲ ਲੋਕਾਂ ਦੇਣ ਦਾ ਵੀ ਪ੍ਰਚਾਰ  ਕੀਤਾ ਗਿਆ ਸੀ ਜਿਸ ਨਾਲ ਹਜ਼ਾਰਾਂ ਭੋਲੇ ਭਾਲੇ ਲੋਕ ਝਾਂਸੇ ਵਿੱਚ ਆ ਕੇ ਇਸ ਸਕੀਮ ਵਿੱਚ ਪੈਸੇ ਲਗਾ ਬੈਠੇ ਸਨ ਇੱਥੇ ਇਹ ਵੀ ਦੱਸਣਯੋਗ ਹੈ ਕੇ ਇਹ ਅਜੇ ਤੱਕ ਭੇਦ ਹੀ ਹੈ ਕੇ ਉਹ ਬੋਲਟ ਅਤੇ ਗੱਡੀਆਂ ਅਸਲ ਵਿੱਚ ਕੀਹਦੇ ਵੱਲੋਂ ਆਈਆਂ ਸਨ ਅਤੇ ਕਿਹੜੇ ਪੈਸੇ ਨਾਲ ਖ਼ਰੀਦੀਆਂ ਗਈਆਂ ਸਨ ਜੇਕਰ ਉਹ ਲੋਕਾਂ ਦੀਆਂ ਸਨ ਤਾਂ ਸੋਸ਼ਲ ਸਾਈਟਾਂ ਤੇ ਬਾਬੇ ਵੱਲੋਂ ਦਿੱਤੇ ਜਾਣ ਦੇ ਗੁਣ ਕਿਉਂ ਗਾਏ ਗਏ ?  ਜੇ ਬਾਬੇ ਵੱਲੋਂ ਦਿੱਤੀਆਂ ਗਈਆਂ ਸਨ ਤਾਂ ਕੁੱਝ ਲੋਕਾਂ ਤੇ ਹੀ ਇਹ ਮਿਹਰਬਾਨੀ ਕਿਉਂ ਕੀਤੀ ਗਈ? ਹੁਣ ਇਹ ਸਾਰੇ ਖੁਲਾਸੇ ਹੋਣ ਦੀ ਆਸ ਹੈ ਅਤੇ ਇਸ ਮਾਮਲੇ ਵਿੱਚ ਅਜੇ ਹੋਰ ਲੋਕਾਂ ਦੇ ਨਾਮ ਸ਼ਾਮਿਲ ਹੋਣ ਦੇ ਖਦਸ਼ੇ ਵੀ ਵਧ ਗਏ ਹਨ।

ਕਈ ਲੋਕਾਂ ਨੇ ਆਪਣੇ ਗਹਿਣੇ ਵੇਚ ਕੇ ਪੈਸੇ ਕਈ ਗੁਣਾ ਕਰਨ ਦੇ ਲਾਲਚ ਵਿੱਚ ਭਰੀ ਸੀ ਕਿਸ਼ਤ - ਇਸ ਮੌਕੇ ਇਕੱਤਰ ਹੋਏ  ਲੋਕਾਂ ਨੇ ਦੱਸਿਆ ਕਿ ਸੁਣਦੇ ਹਾਂ ਕੇ ਬਾਬੇ ਕੋਲ ਆਪਣੇ ਘਰ ਦੇ ਗਹਿਣੇ, ਪਸ਼ੂ  ਅਤੇ ਪਲਾਟ ਵੇਚ ਕੇ ਪੈਸੇ  ਕਈ ਗੁਣਾਂ ਕਰਨ ਦੇ ਲਾਲਚ ਵੱਸ ਪੈ ਕੇ ਕਮੇਟੀਆਂ ਦੇ ਰੂਪ ਵਿਚ ਭਰੇ ਸਨ।


Shyna

Content Editor

Related News