ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ’ਚ ਹੀ ਸੰਭਾਲ ਰਿਹੈ ਸਾਧਾ ਸਿੰਘ

Friday, Nov 09, 2018 - 03:08 PM (IST)

ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ’ਚ ਹੀ ਸੰਭਾਲ ਰਿਹੈ ਸਾਧਾ ਸਿੰਘ

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ)- ਖੇਤੀਬਾਡ਼ੀ ਭਾਵੇਂ ਅਜਕੱਲ ਵਧੇਰੇ ਮੁਨਾਫ਼ੇ ਵਾਲਾ ਕਿੱਤਾ ਨਹੀਂ ਰਿਹਾ ਪਰ ਜੇਕਰ ਸਮੇਂ ਦੇ ਨਾਲ ਕਦਮ ਮਿਲਾ ਕੇ ਤੁਰਿਆ ਜਾਵੇ ਤਾਂ ਕੋਈ ਵੀ ਕਿਸਾਨ ਵੀਰ ਪਿੱਛੇ ਨਹੀਂ ਰਹਿ ਸਕਦਾ। ਇਹ ਕਹਿਣਾ ਹੈ ਪਿੰਡ ਸਾਹੋਕੇ ਦੇ ਅਗਾਂਹਵਧੂ ਕਿਸਾਨ ਸਾਧਾ ਸਿੰਘ ਦਾ। ਇਹ ਕਿਸਾਨ ਪਿਛਲੇ ਕਰੀਬ 5 ਸਾਲਾਂ ਤੋਂ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ’ਚ ਹੀ ਸੰਭਾਲਣ ਦੀ ਤਕਨੀਕ ਦਾ ਲਾਭ ਲੈ ਕੇ ਆਪਣੇ ਖੇਤੀ ਖਰਚਿਆਂ ਨੂੰ ਘਟਾਉਣ ’ਚ ਸਫ਼ਲ ਸਾਬਤ ਹੋਇਆ ਹੈ। ਸਾਧਾ ਸਿੰਘ ਅਨੁਸਾਰ ਪਹਿਲਾਂ ਉਹ ਵੀ ਰਵਾਇਤੀ ਸੋਚ ਦਾ ਹੀ ਸ਼ਿਕਾਰ ਸੀ ਅਤੇ ਉਸ ਨੂੰ ਡਰ ਸੀ ਕਿ ਕਿਤੇ ਆਧੁਨਿਕ ਤਕਨੀਕਾਂ ਖੇਤੀ ਲਈ ਨੁਕਸਾਨਦਾਇਕ ਨਾ ਸਾਬਤ ਹੋ ਜਾਣ ਪਰ ਖੇਤੀਬਾਡ਼ੀ ਮਾਹਰਾਂ ਦੀਆਂ ਸਲਾਹਾਂ ’ਤੇ ਅਮਲ ਕਰਦਿਆਂ ਉਹ ਕਰੀਬ 35 ਏਕਡ਼ ’ਚ ਹੁਣ ਸਿੱਧੀ ਬੀਜਾਈ ਹੀ ਕਰ ਰਿਹਾ ਹੈ, ਜਿਸ ਨਾਲ ਉਸ ਨੇ ਕਈ ਪੱਖਾਂ ਤੋਂ ਵੱਡੀ ਰਾਹਤ ਮਹਿਸੂਸ ਕੀਤੀ ਹੈ। ਜ਼ਿਲੇ ਦੇ ਪਿੰਡ ਸਾਹੋਕੇ ਦਾ ਅਗਾਂਹਵਧੂ ਕਿਸਾਨ ਸਾਧਾ ਸਿੰਘ ਖੇਤੀ ਮਾਹਰਾਂ ਦੀ ਪ੍ਰੇਰਣਾ ਸਦਕਾ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ’ਚ ਆਧੁਨਿਕ ਢੰਗ ਨਾਲ ਖੇਤੀ ਕਰ ਕੇ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਕਿਸਾਨ ਸਾਧਾ ਸਿੰਘ ਨੇ ਜ਼ਿਲੇ ਦੇ ਹੋਰਨਾਂ ਕਿਸਾਨ ਵੀਰਾਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਬਸਿਡੀ ’ਤੇ ਮੁਹੱਈਆ ਕਰਵਾਏ ਜਾ ਰਹੇ ਖੇਤੀਬਾਡ਼ੀ ਸੰਦਾਂ ਦਾ ਲਾਭ ਲੈ ਕੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ’ਚ ਰਲਾ ਕੇ ਸਿੱਧੀ ਬੀਜਾਈ ਕਰਨੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਇਸ ਕਿਸਾਨ ਨੂੰ ਬੀਤੇ ਵਰ੍ਹੇ ਖੇਤੀਬਾਡ਼ੀ ਵਿਭਾਗ ਵੱਲੋਂ ਲਾਏ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ’ਚ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਤ ਕਰਨ ਤੋਂ ਇਲਾਵਾ ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਤੰਦਰੁਸਤ ਪੰਜਾਬ ਮਿਸ਼ਨ ਦੀ ਸ਼ੁਰੂਆਤ ਮੌਕੇ ਕੈਬਨਿਟ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਜਾ ਚੁੱਕਾ ਹੈ। ਸਾਧਾ ਸਿੰਘ ਨੇ ਕਿਹਾ ਕਿ ਅਜਿਹੇ ਮਾਣ-ਸਨਮਾਨ ਉਸ ਦੇ ਹੌਸਲੇ ’ਚ ਵਾਧਾ ਕਰਦੇ ਹਨ। ਸਾਧਾ ਸਿੰਘ ਦਾ ਕਹਿਣਾ ਹੈ ਕਿ ਸਿੱਧੀ ਬੀਜਾਈ ਨਾਲ ਉਸ ਦੀ ਫ਼ਸਲ ਬਹੁਤ ਵਧੀਆ ਖਡ਼੍ਹੀ ਹੈ ਅਤੇ ਲਗਭਗ ਪ੍ਰਤੀ ਏਕਡ਼ 4 ਕੁਇੰਟਲ ਝਾਡ਼ ਜ਼ਿਆਦਾ ਆਉਣ ਦਾ ਅਨੁਮਾਨ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਾਧਾ ਸਿੰਘ ਸਮੇਤ ਜ਼ਿਲੇ ਦੇ ਸੈਂਕਡ਼ੇ ਅਗਾਂਹਵਧੂ ਕਿਸਾਨ ਦੀ ਸਾਕਾਰਾਤਮਕ ਸੋਚ ਨੂੰ ਆਉਣ ਵਾਲੀਆਂ ਪੀਡ਼੍ਹੀਆਂ ਲਈ ਚੰਗਾ ਸੰਕੇਤ ਕਰਾਰ ਦਿੱਤਾ ਹੈ। ਸ਼੍ਰੀ ਥੋਰੀ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਦੀ ਇਹ ਮੁਹਿੰਮ ਸਭ ਦੀ ਸਾਂਝੀ ਮੁਹਿੰਮ ਹੈ, ਜਿਸ ’ਚ ਰਲ-ਮਿਲ ਕੇ ਸਹਿਯੋਗ ਪਾਇਆ ਜਾਣਾ ਜ਼ਰੂਰੀ ਹੈ। ਮੁੱਖ ਖੇਤੀਬਾਡ਼ੀ ਅਫ਼ਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ’ਚ ਅੱਗ ਲਾਉਣ ਨਾਲ ਪ੍ਰਤੀ ਏਕਡ਼ 30 ਕਿਲੋ ਨਾਈਟ੍ਰੋਜਨ, 13.8 ਕਿਲੋ ਫਾਸਫੋਰਸ, 30 ਕਿਲੋ ਪੋਟਾਸ਼ੀਅਮ, 6.48 ਕਿਲੋ ਸਲਫਰ ਅਤੇ 2400 ਕਿਲੋ ਕਾਰਬਨ ਸਡ਼ ਕੇ ਤਬਾਹ ਹੋ ਜਾਂਦੀ ਹੈ ਅਤੇ ਮਨੁੱਖ ਅਤੇ ਪਸ਼ੂਆਂ ਦੀ ਸਿਹਤ ’ਤੇ ਵੀ ਮਾਡ਼ਾ ਅਸਰ ਪੈਂਦਾ ਹੈ। ਉਨ੍ਹਾਂ ਜ਼ਿਲੇ ਦੇ ਕਿਸਾਨਾਂ ਨੂੰ ਸਾਧਾ ਸਿੰਘ ਤੋਂ ਪ੍ਰੇਰਣਾ ਲੈ ਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਖੇਤੀਬਾਡ਼ੀ ਮਾਹਰਾਂ ਦੀ ਸਲਾਹ ਨਾਲ ਆਧੁਨਿਕ ਢੰਗ ਨਾਲ ਸਿੱਧੀ ਬੀਜਾਈ ਕਰਨ ’ਤੇ ਜ਼ੋਰ ਦੇਣ ਲਈ ਅਪੀਲ ਕੀਤੀ।


Related News