ਰਾਮ ਲੀਲਾ ਕਮੇਟੀ ਦੀ ਮੀਟਿੰਗ ਖੂਨੀ ਝੜਪ ''ਚ ਬਦਲੀ! ਇਕ ਜ਼ਖ਼ਮੀ
Thursday, Sep 11, 2025 - 02:53 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਬਰਨਾਲਾ ਦੇ ਪੁਰਾਣੇ ਸ੍ਰੀ ਰਾਮ ਲੀਲਾ ਗਰਾਊਂਡ ਵਿਚ ਰਾਮਲੀਲਾ ਮੰਚਨ ਨੂੰ ਲੈ ਕੇ ਬੁਲਾਈ ਗਈ ਸ੍ਰੀ ਰਾਮ ਲੀਲਾ ਕਮੇਟੀ ਦੀ ਮੀਟਿੰਗ ਆਪਸੀ ਤਕਰਾਰ ਤੋਂ ਬਾਅਦ ਖੂਨੀ ਝੜਪ ਵਿਚ ਬਦਲ ਗਈ। ਇਸ ਝੜਪ ਵਿਚ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਮੀਟਿੰਗ ਦਾ ਮਾਹੌਲ ਤਣਾਅਪੂਰਨ ਹੋਇਆ
ਮੀਟਿੰਗ ਦੌਰਾਨ ਮੈਂਬਰਾਂ ਵਿਚਕਾਰ ਆਪਸੀ ਵਿਚਾਰਕ ਮੱਤਭੇਦ ਅਤੇ ਕਈ ਸਵਾਲਾਂ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਗਈ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਗਾਲੀ-ਗਲੋਚ ਤੋਂ ਬਾਅਦ ਗੱਲ ਹੱਥੋਪਾਈ ਤੱਕ ਪਹੁੰਚ ਗਈ। ਹਾਲਾਂਕਿ, ਮੀਟਿੰਗ ਵਿਚ ਮੌਜੂਦ ਹੋਰ ਮੈਂਬਰਾਂ ਨੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਮਾਹੌਲ ਨੂੰ ਵੇਖਦੇ ਹੋਏ ਮੀਟਿੰਗ ਅੱਧ ਵਿਚਕਾਰ ਹੀ ਖ਼ਤਮ ਕਰ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲਾਂ ਲਈ ਨਵੇਂ ਹੁਕਮ; 30 ਸਤੰਬਰ ਤਕ...
ਗਰਾਊਂਡ ਦੇ ਬਾਹਰ ਹੋਈ ਝੜਪ
ਜਦੋਂ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਸਾਰੇ ਮੈਂਬਰ ਆਪੋ-ਆਪਣੇ ਘਰਾਂ ਨੂੰ ਜਾਣ ਲੱਗੇ ਅਤੇ ਰਾਮਲੀਲਾ ਗ੍ਰਾਊਂਡ ਤੋਂ ਬਾਹਰ ਆਏ, ਤਾਂ ਦੋ ਧੜਿਆਂ ਨੇ ਇੱਕ-ਦੂਜੇ ਨੂੰ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ। ਦੇਖਦੇ ਹੀ ਦੇਖਦੇ ਦੋ ਗੁੱਟ ਆਪਸ ਵਿੱਚ ਭਿੜ ਗਏ। ਇਸ ਦੌਰਾਨ ਰੌਲੇ, ਬੇਸਬਾਲ, ਹਾਕੀ, ਡੰਡੇ, ਇੱਟਾਂ, ਰੋੜੇ ਅਤੇ ਪੱਥਰਾਂ ਦੀ ਵਰਖਾ ਸ਼ੁਰੂ ਹੋ ਗਈ। ਝੜਪ ਵਿਚ ਕਈ ਮੈਂਬਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦੋਂ ਕਿ ਇੱਕ ਵਿਅਕਤੀ ਦੇ ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਉਸਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਵਿਵਾਦ ਦਾ ਕਾਰਨ
ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਰਾਮ ਲੀਲਾ ਦੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਹਿਸਾਬ-ਕਿਤਾਬ ਦੇ ਲੈਣ-ਦੇਣ ਅਤੇ ਪੁਰਾਣੇ ਮੈਂਬਰਾਂ ਨੂੰ ਮੁੜ ਤੋਂ ਰਾਮ ਲੀਲਾ ਕਮੇਟੀ ਵਿਚ ਸ਼ਾਮਲ ਕਰਨ ਨੂੰ ਲੈ ਕੇ ਸ਼ੁਰੂ ਹੋਇਆ। ਪੁਲਸ ਪ੍ਰਸ਼ਾਸਨ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਝੜਪ ਵਿਚ ਸ਼ਾਮਲ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8