ਰਜਿੰਦਰ ਗੁਪਤਾ ਬਣੇ ਸ੍ਰੀ ਕਾਲੀ ਦੇਵੀ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਬਰਨਾਲਾ ''ਚ ਖੁਸ਼ੀ ਦੀ ਲਹਿਰ
Tuesday, Aug 05, 2025 - 03:05 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ, ਉਮੇਸ਼) : ਪੰਜਾਬ ਸਰਕਾਰ ਨੇ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਅਤੇ ਪਦਮ ਸ਼੍ਰੀ ਨਾਲ ਸਨਮਾਨਿਤ ਉਦਯੋਗਪਤੀ ਰਜਿੰਦਰ ਗੁਪਤਾ ਨੂੰ ਬਰਨਾਲਾ ਸਥਿਤ ਸ੍ਰੀ ਕਾਲੀ ਦੇਵੀ ਮੰਦਰ ਪ੍ਰਬੰਧਕ ਕਮੇਟੀ ਪਟਿਆਲਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਇਤਿਹਾਸਕ ਫੈਸਲੇ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੂੰ ਕਮੇਟੀ ਦਾ ਮੈਂਬਰ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਮੰਦਰ ਪ੍ਰਬੰਧਕ ਕਮੇਟੀ ਦੇ ਚੇਅਰਪਰਸਨ ਦਾ ਅਹੁਦਾ ਡਿਪਟੀ ਕਮਿਸ਼ਨਰ ਕੋਲ ਹੁੰਦਾ ਸੀ ਪਰ ਪਹਿਲੀ ਵਾਰ ਪ੍ਰਸ਼ਾਸਨਿਕ ਪਰੰਪਰਾ ਨੂੰ ਬਦਲਦਿਆਂ ਇਹ ਅਹੁਦਾ ਇਕ ਤਜਰਬੇਕਾਰ ਅਤੇ ਨਾਮਵਰ ਨਾਗਰਿਕ ਨੂੰ ਸੌਂਪਿਆ ਗਿਆ ਹੈ। ਇਸ ਅਹਿਮ ਐਲਾਨ ਨਾਲ ਸ਼ਹਿਰ ਵਾਸੀਆਂ ਵਿਚ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਹੈ। ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਗੁਪਤਾ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਉਮੀਦ ਜਤਾਈ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ ਮੰਦਰ ਕਮੇਟੀ ਹੋਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗੀ।
ਗੁਪਤਾ ਦੀ ਧਾਰਮਿਕ ਤੇ ਸਮਾਜਿਕ ਪਿਛੋਕੜ
ਰਜਿੰਦਰ ਗੁਪਤਾ ਨੂੰ ਇਕ ਧਾਰਮਿਕ ਸੁਭਾਅ ਵਾਲਾ ਵਿਅਕਤੀ ਮੰਨਿਆ ਜਾਂਦਾ ਹੈ। ਉਹ ਪ੍ਰਸਿੱਧ ਰੰਕੇਸ਼ਵਰ ਮਹਾਦੇਵ ਮੰਦਰ ਪ੍ਰਬੰਧਕ ਕਮੇਟੀ ਰਣੀਕੇ ਦੇ ਵੀ ਕਈ ਸਾਲਾਂ ਤੋਂ ਪ੍ਰਧਾਨ ਹਨ ਅਤੇ ਉੱਥੇ ਉਨ੍ਹਾਂ ਨੇ ਧਾਰਮਿਕ ਗਤੀਵਿਧੀਆਂ ਤੇ ਸਹੂਲਤਾਂ ਨੂੰ ਮਜ਼ਬੂਤ ਕਰਨ ਵਿਚ ਅਹਿਮ ਯੋਗਦਾਨ ਦਿੱਤਾ ਹੈ। ਸਮਾਜਿਕ ਕਾਰਜਾਂ ਨਾਲ ਉਨ੍ਹਾਂ ਦਾ ਗਹਿਰਾ ਜੁੜਾਅ ਰਿਹਾ ਹੈ, ਜੋ ਉਨ੍ਹਾਂ ਨੂੰ ਇਕ ਹਰਮਨਪਿਆਰਾ ਅਤੇ ਲੋਕ ਸੰਪਰਕ ਵਿਚ ਨਿਪੁੰਨ ਆਗੂ ਬਣਾਉਂਦਾ ਹੈ।
ਸਥਾਨਕ ਜਥੇਬੰਦੀਆਂ ਨੇ ਦਿੱਤੀਆਂ ਸ਼ੁਭਕਾਮਨਾਵਾਂ
ਲਾਈਨਜ਼ ਕਲੱਬ ਬਰਨਾਲਾ ਦੇ ਪ੍ਰਧਾਨ ਉਮੇਸ਼ ਬਾਂਸਲ ਨੇ ਗੁਪਤਾ ਦੀ ਨਿਯੁਕਤੀ 'ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਸਾਡੇ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਕਿ ਅਜਿਹੇ ਧਾਰਮਿਕ ਅਤੇ ਇਮਾਨਦਾਰ ਵਿਅਕਤੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਯਕੀਨੀ ਤੌਰ 'ਤੇ ਇਸ ਨਾਲ ਸ਼ਰਧਾਲੂਆਂ ਨੂੰ ਲਾਭ ਹੋਵੇਗਾ। ਸ਼ਿਵ ਸੇਵਾ ਸੰਘ ਦੇ ਪ੍ਰਧਾਨ ਪਵਨ ਸਿੰਗਲਾ ਅਤੇ ਸਾਬਕਾ ਪ੍ਰਧਾਨ ਕਮਲ ਗੁਪਤਾ ਬੱਬੂ ਨੇ ਕਿਹਾ ਕਿ ਗੁਪਤਾ ਹਰ ਉਸ ਅਹੁਦੇ ਨਾਲ ਇਨਸਾਫ਼ ਕਰਦੇ ਹਨ, ਜਿਸ 'ਤੇ ਉਹ ਹੁੰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੰਦਰ ਦੀਆਂ ਵਿਵਸਥਾਵਾਂ ਹੁਣ ਹੋਰ ਵੀ ਪਾਰਦਰਸ਼ੀ, ਸੰਗਠਿਤ ਅਤੇ ਸ਼ਰਧਾਲੂਆਂ ਦੇ ਅਨੁਕੂਲ ਹੋਣਗੀਆਂ। ਸਬਜ਼ੀ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਸਿੰਗਲਾ, ਸ਼ਿਵ ਸੇਵਾ ਸੰਘ ਦੇ ਪ੍ਰਧਾਨ ਸੋਮਨਾਥ ਗਰਗ, ਬਰਨਾਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਪ੍ਰਮੋਦ ਅਰੋੜਾ, ਵਪਾਰ ਮੰਡਲ ਦੇ ਪ੍ਰਧਾਨ ਨੀਰਜ ਜਿੰਦਲ, ਬਲਾਕ ਕਾਂਗਰਸ ਦੇ ਪ੍ਰਧਾਨ ਮਹੇਸ਼ ਲੋਟਾ, ਸਾਬਕਾ ਨਗਰ ਕੌਂਸਲ ਚੇਅਰਮੈਨ ਮੱਖਣ ਸ਼ਰਮਾ, ਸਤੀਸ਼ ਚੀਮਾ ਸਮੇਤ ਹੋਰ ਪਤਵੰਤਿਆਂ ਨੇ ਵੀ ਸ੍ਰੀ ਗੁਪਤਾ ਨੂੰ ਵਧਾਈ ਦਿੰਦਿਆਂ ਮੰਦਰ ਕਮੇਟੀ ਦੀ ਨਵੀਂ ਪਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਮੰਦਰ ਦੀਆਂ ਵਿਵਸਥਾਵਾਂ ਵਿਚ ਹੋਵੇਗਾ ਸੁਧਾਰ
ਸਥਾਨਕ ਵਾਸੀਆਂ ਦਾ ਮੰਨਣਾ ਹੈ ਕਿ ਗੁਪਤਾ ਦੇ ਤਜਰਬੇ, ਅਗਵਾਈ ਸਮਰੱਥਾ ਅਤੇ ਸਮਾਜਿਕ ਨਜ਼ਰੀਏ ਦੇ ਚੱਲਦਿਆਂ ਸ੍ਰੀ ਕਾਲੀ ਦੇਵੀ ਮੰਦਰ ਵਿਚ ਸ਼ਰਧਾਲੂਆਂ ਲਈ ਬਿਹਤਰ ਪ੍ਰਬੰਧ ਕੀਤੇ ਜਾਣਗੇ। ਪਾਰਕਿੰਗ, ਸਾਫ਼-ਸਫ਼ਾਈ, ਆਰਤੀ ਵਿਵਸਥਾ, ਲੰਗਰ ਅਤੇ ਤਿਉਹਾਰਾਂ ਦੇ ਆਯੋਜਨ ਵਰਗੇ ਕੰਮ ਹੁਣ ਹੋਰ ਵੀ ਸੁਚਾਰੂ ਢੰਗ ਨਾਲ ਚਲਾਏ ਜਾਣਗੇ।
ਜਨ-ਜਨ ਦੀਆਂ ਉਮੀਦਾਂ ਜੁੜੀਆਂ
ਬਰਨਾਲਾ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਰਜਿੰਦਰ ਗੁਪਤਾ ਤੋਂ ਇਹ ਆਸ ਰੱਖਦੀਆਂ ਹਨ ਕਿ ਉਹ ਮੰਦਰ ਦੀ ਪ੍ਰਾਚੀਨ ਵਿਰਾਸਤ ਨੂੰ ਸਾਂਭਦੇ ਹੋਏ ਆਧੁਨਿਕ ਸਹੂਲਤਾਂ ਦੇ ਨਾਲ ਸ਼ਰਧਾਲੂਆਂ ਲਈ ਇਕ ਮਿਸਾਲੀ ਮਾਹੌਲ ਮੁਹੱਈਆ ਕਰਵਾਉਣਗੇ। ਸਰਕਾਰੀ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੰਦਰ ਇਕ ਆਦਰਸ਼ ਧਾਰਮਿਕ ਕੇਂਦਰ ਦੇ ਰੂਪ ਵਿਚ ਉੱਭਰੇਗਾ। ਸ੍ਰੀ ਕਾਲੀ ਦੇਵੀ ਮੰਦਰ ਕਮੇਟੀ ਦੀ ਪ੍ਰਧਾਨਗੀ ਇਕ ਅਜਿਹੀ ਸ਼ਖਸੀਅਤ ਨੂੰ ਸੌਂਪਣਾ, ਜਿਨ੍ਹਾਂ ਨੇ ਉਦਯੋਗ ਜਗਤ ਤੋਂ ਲੈ ਕੇ ਧਾਰਮਿਕ ਅਤੇ ਸਮਾਜਿਕ ਖੇਤਰ ਤੱਕ ਉੱਚ ਮਾਪਦੰਡ ਸਥਾਪਿਤ ਕੀਤੇ ਹਨ, ਯਕੀਨੀ ਤੌਰ 'ਤੇ ਇਕ ਦੂਰਅੰਦੇਸ਼ੀ ਫੈਸਲਾ ਹੈ। ਇਸ ਨੂੰ ਬਰਨਾਲਾ ਦੇ ਧਾਰਮਿਕ-ਸੱਭਿਆਚਾਰਕ ਵਿਕਾਸ ਦੀ ਦਿਸ਼ਾ ਵਿੱਚ ਇੱਕ ਨਵੀਂ ਸ਼ੁਰੂਆਤ ਮੰਨਿਆ ਜਾ ਰਿਹਾ ਹੈ।