ਕਾਲਜ ਦੀ ਵਿਦਿਆਰਥਣ ਦੀ ਆਤਮਹੱਤਿਆ ''ਤੇ ਭਾਜਪਾ ਨੇ ਘੇਰੀ ਪੰਜਾਬ ਸਰਕਾਰ
Wednesday, Dec 03, 2025 - 06:03 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਦੇ ਯੂਨੀਵਰਸਿਟੀ ਕਾਲਜ ਵਿਚ ਫੀਸ ਨਾ ਭਰ ਸਕਣ ਕਾਰਨ ਇਕ ਗਰੀਬ ਪਰਿਵਾਰ ਨਾਲ ਸਬੰਧਤ ਮਾਸੂਮ ਵਿਦਿਆਰਥਣ ਵੱਲੋਂ ਕੀਤੀ ਗਈ ਦੁਖਦ ਆਤਮਹੱਤਿਆ ਦੇ ਮਾਮਲੇ ਨੇ ਸਿਆਸੀ ਰੂਪ ਧਾਰਨ ਕਰ ਲਿਆ ਹੈ। ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾਈ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਦੀ ਮੌਜੂਦਾ ਸਰਕਾਰ 'ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਢਿੱਲੋਂ ਨੇ ਦੁਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪੀੜਤ ਪਰਿਵਾਰ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਦਰਦਨਾਕ ਘਟਨਾ ਕੇਵਲ ਇਕ ਪਰਿਵਾਰ ਦਾ ਸੰਘਰਸ਼ ਨਹੀਂ, ਸਗੋਂ ਇਹ ਮੌਜੂਦਾ ਪੰਜਾਬ ਸਰਕਾਰ ਦੀਆਂ ਖੋਖਲੀਆਂ ਨੀਤੀਆਂ, ਝੂਠੇ ਵਾਅਦਿਆਂ ਅਤੇ ਟੁੱਟੇ ਦਾਅਵਿਆਂ ਦਾ ਸਭ ਤੋਂ ਵੱਡਾ ਸਬੂਤ ਹੈ।
ਸਾਬਕਾ ਵਿਧਾਇਕ ਨੇ ਜ਼ੋਰ ਦੇ ਕੇ ਕਿਹਾ ਕਿ ਜਿਹੜੀ ਸਰਕਾਰ ਸੱਤਾ ਵਿਚ ਆਉਣ ਤੋਂ ਪਹਿਲਾਂ ਸਿੱਖਿਆ ਅਤੇ ਸਿਹਤ ਖੇਤਰ ਵਿਚ 'ਕ੍ਰਾਂਤੀ' ਲਿਆਉਣ ਦੇ ਵੱਡੇ-ਵੱਡੇ ਐਲਾਨ ਕਰਦੀ ਫਿਰੀ, ਅੱਜ ਉਨ੍ਹਾਂ ਵਾਅਦਿਆਂ ਦੀ ਹਕੀਕਤ ਇਸ ਮਾਸੂਮ ਵਿਦਿਆਰਥਣ ਦੀ ਮੌਤ ਨੇ ਬੇਨਕਾਬ ਕਰ ਦਿੱਤੀ ਹੈ।
ਢਿੱਲੋਂ ਨੇ 'ਆਪ' ਸਰਕਾਰ 'ਤੇ ਸਿੱਖਿਆ ਸਬੰਧੀ ਕੀਤੇ ਵਾਅਦਿਆਂ ਨੂੰ ਲੈ ਕੇ ਤਿੱਖੇ ਸਵਾਲ ਖੜ੍ਹੇ ਕੀਤੇ:
ਮੁਫ਼ਤ ਸਿੱਖਿਆ ਦਾ ਵਾਅਦਾ ਕਿੱਥੇ ਗਿਆ? ਉਨ੍ਹਾਂ ਪੁੱਛਿਆ ਕਿ ਜਦੋਂ ਇਕ ਗਰੀਬ ਵਿਦਿਆਰਥਣ ਸਿਰਫ਼ ਇਸ ਲਈ ਆਤਮਹੱਤਿਆ ਕਰ ਲੈਂਦੀ ਹੈ ਕਿਉਂਕਿ ਉਹ ਆਪਣੀ ਫ਼ੀਸ ਤੱਕ ਨਹੀਂ ਭਰ ਸਕੀ, ਤਾਂ ਮੁਫ਼ਤ ਸਿੱਖਿਆ ਦੇ ਕੀਤੇ ਗਏ ਵੱਡੇ-ਵੱਡੇ ਐਲਾਨਾਂ ਦਾ ਕੀ ਮਤਲਬ ਰਹਿ ਗਿਆ? ਕੀ ਇਹ ਵਾਅਦੇ ਸਿਰਫ਼ ਵੋਟਾਂ ਲਈ ਸਨ?" ਸਿਹਤ ਤੇ ਸਿੱਖਿਆ ਵਿਚ ਕ੍ਰਾਂਤੀ ਲਿਆਉਣ ਦੇ ਦਾਅਵੇ ਕਾਗਜ਼ਾਂ ਤੱਕ ਹੀ ਕਿਉਂ ਰਹਿ ਗਏ? ਕੇਵਲ ਢਿੱਲੋਂ ਨੇ ਕਿਹਾ ਕਿ ਜਿੱਥੇ ਇੱਕ ਵਿਦਿਆਰਥਣ ਨੂੰ ਆਰਥਿਕ ਤੰਗੀ ਕਾਰਨ ਆਪਣੀ ਜਾਨ ਦੇਣੀ ਪਵੇ, ਉਹ ਕਿਹੜੀ 'ਕ੍ਰਾਂਤੀ' ਹੈ, ਜਿਸਦੇ ਦਾਅਵੇ ਸਰਕਾਰ ਕਰ ਰਹੀ ਹੈ? ਸਰਕਾਰ ਦੇ ਦਾਅਵੇ ਹਕੀਕਤ ਤੋਂ ਬਹੁਤ ਦੂਰ ਹਨ।
ਮੈਡੀਕਲ ਕਾਲਜਾਂ ਦੀ ਵਰਖਾ ਕਰਨ ਦਾ ਦਾਅਵਾ ਕਿੱਥੇ ਪਹੁੰਚਿਆ?
ਉਨ੍ਹਾਂ ਸਰਕਾਰ ਨੂੰ ਯਾਦ ਦਿਵਾਇਆ ਕਿ ਪੰਜਾਬ ਵਿਚ ਸਿੱਖਿਆ ਅਤੇ ਸਿਹਤ ਦਾ ਬੁਨਿਆਦੀ ਢਾਂਚਾ ਸੁਧਾਰਨ ਦੀ ਥਾਂ, ਗਰੀਬ ਬੱਚਿਆਂ ਨੂੰ ਅੱਜ ਵੀ ਆਰਥਿਕ ਮਜਬੂਰੀਆਂ ਕਾਰਨ ਪੜ੍ਹਾਈ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ ਜਾਂ ਅਜਿਹੇ ਦੁਖਦ ਕਦਮ ਚੁੱਕਣੇ ਪੈ ਰਹੇ ਹਨ। ਢਿੱਲੋਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਇਸ ਦੁਖਦ ਘਟਨਾ ਦੀ ਜ਼ਿੰਮੇਵਾਰੀ ਲਵੇ ਅਤੇ ਪੰਜਾਬ ਦੇ ਸਰਕਾਰੀ ਅਤੇ ਯੂਨੀਵਰਸਿਟੀ ਕਾਲਜਾਂ ਵਿਚ ਗਰੀਬ ਵਿਦਿਆਰਥੀਆਂ ਦੀ ਫੀਸ ਮੁਆਫ਼ੀ ਅਤੇ ਆਰਥਿਕ ਸਹਾਇਤਾ ਲਈ ਠੋਸ ਨੀਤੀ ਲਾਗੂ ਕਰੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਭਾਜਪਾ ਪਾਰਟੀ ਇਸ ਮੁੱਦੇ ਨੂੰ ਲੋਕਾਂ ਦੇ ਸਾਹਮਣੇ ਲਿਆਉਂਦੀ ਰਹੇਗੀ ਅਤੇ ਗਰੀਬ ਵਿਦਿਆਰਥੀਆਂ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਕਰੇਗੀ।
