ਸ਼ਹਿਰ ’ਚ ਝਪਟਮਾਰ ਸਰਗਰਮ, ਦਸ ਦਿਨਾਂ ਅੰਦਰ 2 ਘਟਨਾਵਾਂ

Saturday, Mar 23, 2024 - 03:46 PM (IST)

ਸ਼ਹਿਰ ’ਚ ਝਪਟਮਾਰ ਸਰਗਰਮ, ਦਸ ਦਿਨਾਂ ਅੰਦਰ 2 ਘਟਨਾਵਾਂ

ਭਵਾਨੀਗੜ੍ਹ (ਵਿਕਾਸ) : ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਸ਼ਹਿਰ ਤੇ ਇਲਾਕੇ ’ਚ ਪੂਰੀ ਤਰ੍ਹਾਂ ਮੂਸਤੈਦ ਹੋਣ ਦਾ ਦਾਅਵਾ ਕਰ ਰਿਹਾ ਹੈ ਤੇ ਇਸੇ ਵਿਚਕਾਰ ਸ਼ਹਿਰ 'ਚ ਝਪਟਮਾਰੀ ਦੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਭਵਾਨੀਗੜ੍ਹ ਸ਼ਹਿਰ ਵਿਚ ਪਿਛਲੇ 10 ਦਿਨਾਂ ਅੰਦਰ ਵਾਪਰੀਆਂ ਦੋ ਝਪਟਮਾਰੀ ਦੀਆਂ ਘਟਨਾਵਾਂ ਕਾਰਨ ਪੁਲਸ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਸਨੈਚਿੰਗ ਦਾ ਤਾਜ਼ਾ ਮਾਮਲਾ ਵੀਰਵਾਰ ਨੂੰ ਸ਼ਹਿਰ ਦੇ ਨਵੇਂ ਬੱਸ ਸਟੈਂਡ ਨੇੜੇ ਸਾਹਮਣੇ ਆਇਆ ਜਿੱਥੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀ ਇਕ ਔਰਤ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ। ਭਾਵੇਂ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਪਰ ਫਿਰ ਵੀ ਅਜਿਹੀਆਂ ਘਟਨਾਵਾਂ ਤੋਂ ਬਾਅਦ ਆਮ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿਉਂਕਿ 10 ਦਿਨ ਪਹਿਲਾਂ ਵੀ ਠੀਕ ਇਸੇ ਤਰ੍ਹਾਂ ਥਾਣੇ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀ ਪੈਦਲ ਜਾ ਰਹੀ ਇੱਕ ਵਿਦਿਆਰਥਣ ਕੋਲੋਂ ਮੋਬਾਈਲ ਖੋਹ ਕਰ ਫਰਾਰ ਹੋ ਗਏ ਸਨ। ਜਿਸ ਸਬੰਧੀ ਪੁਲਸ ਹੁਣ ਤੱਕ ਕੋਈ ਸੁਰਾਗ ਨਹੀਂ ਲਗਾ ਸਕੀ ਹੈ।

ਤਾਜਾ ਮਾਮਲੇ ਅਨੁਸਾਰ ਹਰਪ੍ਰੀਤ ਕੌਰ ਵਾਸੀ ਕਰਨਪੁਰ (ਪਟਿਆਲਾ) ਨੇ ਸਥਾਨਕ ਪੁਲਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਉਹ ਬੀਤੇ ਕੱਲ ਸਵੇਰੇ ਕਰੀਬ 11 ਵਜੇ ਭਵਾਨੀਗੜ੍ਹ ਨਵੇਂ ਬੱਸ ਸਟੈਂਡ ਤੋਂ ਪ੍ਰੀਤ ਨਗਰ ਨੂੰ ਜਾ ਰਹੀ ਸੀ ਤਾਂ ਇਸ ਦੌਰਾਨ ਕਾਲੇ ਰੰਗ ਦੇ ਮੋਟਰਸਾਈਕਲ 'ਤੇ ਪਿੱਛੋਂ ਸਵਾਰ ਹੋ ਕੇ ਆਏ ਦੋ ਅਣਪਛਾਤੇ ਵਿਅਕਤੀ ਅਚਾਨਕ ਉਸ ਦਾ ਬੈਗ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਹਰਪ੍ਰੀਤ ਕੌਰ ਅਨੁਸਾਰ ਬੈਗ ਵਿਚ 3 ਹਜ਼ਾਰ ਰੁਪਏ ਤੇ ਇਕ ਮੋਬਾਈਲ ਫ਼ੋਨ ਮੋਜੂਦ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਘਟਨਾ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ। ਦੂਜੇ ਪਾਸੇ, ਲਗਾਤਾਰ ਹੋ ਰਹੀਆਂ ਖੋਹ ਤੇ ਚੋਰੀ ਦੀਆਂ ਘਟਨਾਵਾਂ ਕਾਰਨ ਇਲਾਕਾ ਨਿਵਾਸੀਆਂ ਵਿਚ ਸਹਿਮ ਦਾ ਮਾਹੌਲ ਹੈ। ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।


author

Gurminder Singh

Content Editor

Related News