ਨੌਜਵਾਨਾਂ ਨੂੰ ਗਾਰਡ ਨੇ ਨਹੀਂ ਜਾਣ ਦਿੱਤਾ ਅੰਦਰ, ਮੌਕਾ ਦੇਖ ਬਾਹਰ ਸੈਰ ਕਰਦੇ ਬਜ਼ੁਰਗ ਜੋੜੇ ਨਾਲ ਹੀ ਕਰ ਗਏ ''ਕਾਂਡ''
Saturday, Jan 11, 2025 - 08:09 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ)- ਗੁਰੂਹਰਸਹਾਏ ਇਲਾਕੇ 'ਚ ਪਿਛਲੇ ਲੰਮੇ ਸਮੇਂ ਤੋਂ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਹਨ ਅਤੇ ਪੁਲਸ ਪ੍ਰਸ਼ਾਸਨ ਹੱਥ 'ਤੇ ਹੱਥ ਧਰ ਕੇ ਬੈਠਿਆ ਹੋਇਆ ਹੈ। ਉਨ੍ਹਾਂ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ, ਜਿਸ ਕਾਰਨ ਲੁਟੇਰੇ ਆਏ ਦਿਨ ਬੇਖੌਫ ਹੋ ਕੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਅਜਿਹਾ ਹੀ ਮਾਮਲਾ ਗੁਰੂਹਰਸਹਾਏ ਦੀ ਮਸ਼ਹੂਰ ਕਲੋਨੀ ਇੰਪੀਰੀਅਲ ਇਨਕਲੇਵ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਅੱਜ ਸਵੇਰੇ 6 ਵਜੇ ਦੇ ਕਰੀਬ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਕਲੋਨੀ ਦੇ ਬਾਹਰ ਸੈਰ ਕਰ ਰਹੇ ਰਿਟਾਇਰ ਸੂਬੇਦਾਰ ਗੁਰਦੀਪ ਸਿੰਘ ਅਤੇ ਉਸ ਦੀ ਪਤਨੀ 'ਤੇ ਹਮਲਾ ਕਰ ਕੇ ਸੂਬੇਦਾਰ ਨੂੰ ਜ਼ਖਮੀ ਕਰ ਦਿੱਤਾ ਤੇ ਉਸ ਦੀ ਪਤਨੀ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆ ਵਾਲੀਆਂ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਪੀਰੀਅਲ ਕਲੋਨੀ 'ਚ ਰਹਿੰਦੇ ਲੋਕਾਂ ਨੇ ਦੱਸਿਆ ਕਿ ਤੜਕਸਾਰ 6 ਵਜੇ ਦੇ ਕਰੀਬ ਦੋ ਨਕਾਬਪੋਸ਼ ਲੁਟੇਰੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਲੋਨੀ ਅੰਦਰ ਦਾਖਲ ਹੋਏ ਅਤੇ ਜਦ ਗੇਟ 'ਤੇ ਤੈਨਾਤ ਸੇਫਟੀ ਗਾਰਡ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕਿਸ ਨੂੰ ਮਿਲਣਾ ਹੈ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਲੋਨੀ 'ਚ ਰਹਿੰਦੇ ਭਈਏ ਨੂੰ ਮਿਲਣਾ ਹੈ। ਇਸ 'ਤੇ ਗਾਰਡ ਨੇ ਕਿਹਾ ਕਿ ਮੇਰੀ ਉਸ ਨਾਲ ਗੱਲ ਕਰਵਾ ਦਿਓ ਤਾਂ ਉਹ ਗਾਰਡ ਨੂੰ ਇਹ ਕਹਿ ਕੇ ਚਲੇ ਗਏ ਕਿ ਅਸੀਂ ਨੰਬਰ ਲੈ ਕੇ ਆਉਦੇ ਹਾਂ।
ਇਹ ਵੀ ਪੜ੍ਹੋ- ਅੱਧੀ ਰਾਤੀਂ ਪੰਜਾਬ 'ਚ ਹੋ ਗਈ ਵੱਡੀ ਵਾਰਦਾਤ ; ਗੋਲ਼ੀ ਲੱਗਣ ਕਾਰਨ 'ਆਪ' ਵਿਧਾਇਕ ਦੀ ਹੋ ਗਈ ਮੌਤ
ਇਹ ਕਹਿਣ ਮਗਰੋਂ ਉੱਥੋਂ ਚਲੇ ਗਏ ਤੇ ਇਹ ਘਟਨਾ ਕਲੋਨੀ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ। ਇਸ ਦੇ ਨਾਲ ਹੀ ਲੁਟੇਰੇ ਜਦ ਕਲੋਨੀ ਦੇ ਬਾਹਰ ਪਹੁੰਚੇ ਤਾਂ ਉੱਥੇ ਰਿਟਾਇਰ ਸੂਬੇਦਾਰ ਗੁਰਦੀਪ ਸਿੰਘ ਅਤੇ ਉਸ ਦੀ ਪਤਨੀ ਸੈਰ ਕਰ ਰਹੇ ਸਨ। ਲੁਟੇਰਿਆਂ ਨੇ ਮੌਕਾ ਦੇਖ ਕੇ ਰਿਟਾਇਰ ਸੂਬੇਦਾਰ ਦੀ ਪਤਨੀ ਦੇ ਕੰਨਾਂ 'ਚ ਪਾਈਆਂ ਵਾਲੀਆਂ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਰਿਟਾਇਰ ਸੂਬੇਦਾਰ ਨੇ ਇਸ ਦਾ ਵਿਰੋਧ ਕੀਤਾ। ਇਹ ਦੇਖ ਲੁਟੇਰਿਆਂ ਨੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਏ।
ਇਸ ਦੌਰਾਨ ਰਾਹਗੀਰਾਂ ਨੇ ਹਮਲਾ ਹੁੰਦਾ ਦੇਖ ਬਜ਼ੁਰਗ ਜੋੜੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਲੁਟੇਰੇ ਨੇ ਕਿਹਾ ਕਿ ਇਨ੍ਹਾਂ ਦੇ ਗੋਲੀ ਮਾਰ ਦਿਓ ਤਾਂ ਰਾਹਗੀਰ ਉਥੋਂ ਸਾਈਡ ਹੋ ਗਏ। ਇਸ ਦੌਰਾਨ ਲੁਟੇਰਿਆਂ ਨੇ ਔਰਤ ਦੇ ਕੰਨਾਂ 'ਚ ਪਾਈਆਂ ਵਾਲੀਆਂ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਰਿਟਾਇਰ ਸੂਬੇਦਾਰ ਗੁਰਦੀਪ ਸਿੰਘ ਦੇ ਬੇਟੇ ਸਰਬਜੀਤ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ, ਜੋ ਕਿ ਇਸ ਘਟਨਾ ਵਿੱਚ ਜਖ਼ਮੀ ਹੋ ਗਏ ਹਨ, ਨੂੰ ਇਲਾਜ ਲਈ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ।
ਸ਼ਹਿਰ ਵਾਸੀਆਂ ਨੇ ਤੜਕਸਾਰ ਹੋਈ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦ ਫੜ ਕੇ ਉਨ੍ਹਾਂ ਖਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਬਜ਼ੁਰਗ ਜੋੜੇ ਨੂੰ ਇਨਸਾਫ਼ ਮਿਲ ਸਕੇ।
ਇਹ ਵੀ ਪੜ੍ਹੋ- ਅੱਧੀ ਰਾਤੀਂ ਪੰਜਾਬ 'ਚ ਹੋ ਗਈ ਵੱਡੀ ਵਾਰਦਾਤ ; ਗੋਲ਼ੀ ਲੱਗਣ ਕਾਰਨ 'ਆਪ' ਵਿਧਾਇਕ ਦੀ ਹੋ ਗਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e