ਆਮ ਆਦਮੀ ਕਲੀਨਿਕ ਓਗੋਕੇ ਦੇ ਆਰਥੋ ਸਰਜਨ ਨੇ ਦਿੱਤਾ ਅਸਤੀਫ਼ਾ
Friday, Aug 26, 2022 - 06:24 PM (IST)
ਸਹਿਣਾ(ਧਰਮਿੰਦਰ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੋੜਾਮਾਜਰਾ ਵੱਲੋਂ 15 ਅਗਸਤ ਨੂੰ ਪੰਜਾਬ ਅੰਦਰ "ਆਮ ਆਦਮੀ ਕਲੀਨਿਕ" ਦੀ ਸ਼ੁਰੂਆਤ ਕੀਤੀ ਗਈ ਸੀ। ਜ਼ਿਲ੍ਹਾ ਬਰਨਾਲਾ ਅੰਦਰ ਦੋ ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਸਨ। ਜਿਨ੍ਹਾਂ ਵਿੱਚੋਂ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਆਪਣੇ ਜੱਦੀ ਪਿੰਡ ਉਗੋਕੇ ਵਿਖੇ ਰਸਮੀ ਤੌਰ 'ਤੇ ਇਸ ਦਾ ਉਦਘਾਟਨ ਕੀਤਾ ਸੀ ਪਰ ਉਦਘਾਟਨ ਤੋਂ 10 ਦਿਨਾਂ ਬਾਅਦ ਹੀ ਆਮ ਆਦਮੀ ਕਲੀਨਿਕ ਦੇ ਮੁੱਖ ਮੈਡੀਕਲ ਅਫ਼ਸਰ ਡਾ. ਗੁਰਸਾਗਰ ਦੀਪ ਸਿੰਘ ਨੇ ਅਸਤੀਫ਼ਾ ਦੇ ਦਿੱਤਾ।
ਕੀ ਕਹਿੰਦੇ ਹਨ ਅਸਤੀਫਾ ਦੇਣ ਵਾਲੇ ਡਾਕਟਰ
ਅਸਤੀਫ਼ਾ ਦੇਣ ਵਾਲੇ ਮੈਡੀਕਲ ਅਫ਼ਸਰ ਡਾ.ਗੁਰਸਾਗਰ ਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਆਮ ਆਦਮੀ ਕਲੀਨਿਕ ਦੇ ਬਤੌਰ ਮੈਡੀਕਲ ਅਫ਼ਸਰ ਦੀ ਡਿਊਟੀ ਦਿੱਤੀ ਗਈ ਸੀ। ਉਹ ਆਰਥੋ ਦੇ ਸਪੈਸ਼ਲਿਸਟ ਹਨ ਪਰ ਪਿੰਡ ਦੀ ਕਲੀਨਿਕ ਅੰਦਰ ਆਪਰੇਸ਼ਨ ਵਰਗੀਆਂ ਸਹੂਲਤਾਂ ਨਾ ਹੋਣ ਕਾਰਣ ਆਰਥੋ ਵਾਲੇ ਪੀੜਤ ਮਰੀਜ਼ਾਂ ਦਾ ਇਲਾਜ ਸੰਭਵ ਨਹੀਂ ਸੀ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਨੂੰ SIT ਵੱਲੋਂ ਤਲਬ ਕੀਤੇ ਜਾਣ 'ਤੇ ਪੰਚਾਇਤ ਮੰਤਰੀ ਧਾਲੀਵਾਲ ਦਾ ਬਿਆਨ
ਦੂਜਾ ਸਮੇਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਉਨ੍ਹਾਂ ਦੀ ਡਿਗਰੀ ਮੁਤਾਬਕ ਇਹ ਜ਼ਿੰਮੇਵਾਰੀ ਥੋੜ੍ਹੀ ਸੀ ਪਰ ਉਹ ਖ਼ੁਦ ਆਰਥੋ ਦੇ ਮਾਹਿਰ ਡਾਕਟਰ ਹਨ। ਜਿਸ ਲਈ ਉਹ ਜ਼ਿਆਦਾ ਆਰਥੋ ਮਰੀਜ਼ਾਂ ਵਾਲੇ ਸਰਕਾਰੀ ਹਸਪਤਾਲ ਵਿੱਚ ਪੀੜਤ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ। ਇਸ ਕਾਰਨ ਦੇ ਚੱਲਦਿਆਂ ਪਿੰਡ ਵਿਚ ਡਿਊਟੀ ਕਰਨਾ ਸਹੀ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਉਨ੍ਹਾਂ ਨੂੰ ਲੋੜਵੰਦ ਔਰਥੋ ਵਾਲੇ ਸਰਕਾਰੀ ਹਸਪਤਾਲ ਵਿੱਚ ਡਿਊਟੀ ਦਿੰਦੇ ਹਨ ਤਾਂ ਉਹ ਲੋਕਾਂ ਦੀ ਸੇਵਾ ਨੂੰ ਅਹਿਮੀਅਤ ਦੇਣਗੇ।
ਕੀ ਕਹਿੰਦੇ ਹਨ ਸੀਨੀਅਰ ਮੈਡੀਕਲ ਅਫ਼ਸਰ
ਇਸ ਮਾਮਲੇ ਸੰਬੰਧੀ ਡਾ. ਨਵਜੋਤ ਪਾਲ ਸਿੰਘ ਭੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੋਗਤਾ ਅਨੁਸਾਰ ਡਿਊਟੀ ਲਾਈ ਗਈ ਸੀ। ਆਰਥੋ ਡਾਕਟਰ ਨੂੰ ਆਪਰੇਸ਼ਨ ਥੀਏਟਰ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਡਾਕਟਰ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਤਾਂ ਅਸੀਂ ਉਨ੍ਹਾਂ ਨੂੰ ਤਪਾ ਦੇ ਸਰਕਾਰੀ ਹਸਪਤਾਲ ਤਾਇਨਾਤ ਕਰ ਦੇਣਾ ਸੀ ਪਰ ਅਸਤੀਫ਼ਾ ਦੇਣਾ ਮੰਦਭਾਗਾ ਹੈ। ਵਿਭਾਗ ਵੱਲੋਂ ਜਲਦ ਡਾਕਟਰ ਨੂੰ ਤਾਇਨਾਤ ਕਰ ਦਿੱਤਾ ਜਾਵੇਗਾ।
ਕੀ ਕਹਿੰਦੇ ਹਨ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ
ਹਲਕਾ ਭਦੌੜ ਤੋਂ 'ਆਪ' ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਡਾਕਟਰ ਵੱਲੋਂ ਅਸਤੀਫ਼ਾ ਦੇਣਾ ਨਿੱਜੀ ਕਾਰਨ ਹੋ ਸਕਦਾ ਹੈ। ਡਾਕਟਰ ਦੇ ਅਰਜ਼ੀ ਦੇਣ ਤੋਂ ਬਾਅਦ ਹੀ ਉਸ ਨੂੰ ਨਿਯੁਕਤ ਕੀਤਾ ਗਿਆ ਸੀ। ਜਲਦੀ ਨਵੇਂ ਡਾਕਟਰ ਦੀ ਨਿਯੁਕਤੀ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
