ਪੁਲਸ ਨੇ 48 ਘੰਟਿਆਂ ''ਚ ਹੱਲ ਕੀਤਾ ਅੰਨ੍ਹਾ ਕਤਲ ਕਾਂਡ, ਹੋਇਆ ਵੱਡਾ ਖੁਲਾਸਾ

07/01/2024 1:48:23 PM

ਸੰਗਰੂਰ (ਸਿੰਗਲਾ) : ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ਅੰਨ੍ਹਾ ਕਤਲ ਕੇਸ 48 ਘੰਟਿਆਂ ’ਚ ਸੁਲਝਾਉਣ ਅਤੇ 2 ਦੋਸ਼ੀਆਂ ਨੂੰ ਵਾਰਦਾਤ ’ਚ ਵਰਤੀ ਕੁਹਾੜੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਸਰਤਾਜ ਸਿੰਘ ਚਾਹਲ ਐੱਸ.ਐੱਸ.ਪੀ ਸੰਗਰੂਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖ਼ਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਧੂਰੀ ਦੇ ਏਰੀਆ ਵਿਚ ਹੋਏ ਅੰਨ੍ਹੇ ਕਤਲ ਨੂੰ 48 ਘੰਟਿਆਂ ’ਚ ਹੱਲ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਚਾਹਲ ਨੇ ਦੱਸਿਆ ਕਿ ਮਿਤੀ 27.06.2024 ਨੂੰ ਬਲਦੇਵ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਭੜੀ ਮਾਨਸਾ ਥਾਣਾ ਅਮਰਗੜ੍ਹ (ਜ਼ਿਲ੍ਹਾ ਮਲੇਰਕੋਟਲਾ) ਨੇ ਪੁਲਸ ਪਾਸ ਇਤਲਾਹ ਦਿੱਤੀ ਕਿ ਉਸਦਾ ਭਰਾ ਗੁਰਜੰਟ ਸਿੰਘ ਉਰਫ ਟੀਟੀ, ਵੀ.ਕੇ ਐਗਰੋ ਇੰਡਸਟਰੀ ਫੈਕਟਰੀ ਮਾਨਵਾਲਾ ਵਿਖੇ ਬਤੋਰ ਡਰਾਇਵਰੀ/ਚੌਂਕੀਦਾਰ ਨੌਕਰੀ ਕਰਦਾ ਸੀ। 

ਉਕਤ ਨੇ ਦੱਸਿਆ ਕਿ ਮਿਤੀ 26/27 ਦੀ ਦਰਮਿਆਨੀ ਰਾਤ ਨੂੰ ਕੁੱਝ ਨਾਮਲੂਮ ਵਿਅਕਤੀਆਂ ਨੇ ਫੈਕਟਰੀ ਅੰਦਰ ਦਾਖਲ ਹੋ ਕੇ ਉਸਦੇ ਭਰਾ ਗੁਰਜੰਟ ਸਿੰਘ ਦੇ ਸੱਟਾਂ ਮਾਰ ਕੇ ਉਸਦਾ ਕਤਲ ਕਰ ਦਿੱਤਾ। ਜਿਸ 'ਤੇ ਬਲਦੇਵ ਸਿੰਘ ਉਕਤ ਦੇ ਬਿਆਨ ’ਤੇ ਮਿਤੀ ਥਾਣਾ ਸਦਰ ਧੂਰੀ ਵਿਖੇ ਬਰਖਿਲਾਫ ਨਾਮਾਲੂਮ ਵਿਅਕਤੀ/ਵਿਅਕਤੀਆ ’ਤੇ ਮਾਮਲਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਦੀ ਗਈ। ਮਾਮਲੇ ਨੂੰ ਟਰੇਸ ਕਰਨ ਲਈ ਪਲਵਿੰਦਰ ਸਿੰਘ ਚੀਮਾਂ, ਕਪਤਾਨ ਪੁਲਸ (ਇਨਵੈਸਟੀਗੇਸ਼ਨ) ਸੰਗਰੂਰ ਦੀ ਅਗਵਾਈ ਹੇਠ ਤਲਵਿੰਦਰ ਸਿੰਘ ਗਿੱਲ ਉਪ ਕਪਤਾਨ ਪੁਲਸ ਸਬ ਡਵੀਜ਼ਨ ਧੂਰੀ ਦੀ ਨਿਗਰਾਨੀ ਹੇਠ ਇੰਸਪੈਕਟਰ ਜਗਦੀਪ ਸਿੰਘ ਮੁੱਖ ਅਫਸਰ ਥਾਣਾ ਸਦਰ ਧੂਰੀ ਅਤੇ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ.ਆਈ.ਏ ਸੰਗਰੂਰ ਦੀਆਂ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ਵਿਚ ਲਿਆਂਦੀ ਗਈ।

ਮਾਮਲੇ ਵਿਚ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਨਿਰਮਲ ਸਿੰਘ ਅਤੇ ਹਰਵਿੰਦਰਪਾਲ ਸਿੰਘ ਉਰਫ ਪ੍ਰਿੰਸ ਪੁੱਤਰ ਗੁਰਦਰਸ਼ਨ ਸਿੰਘ ਵਾਸੀਆਨ ਸ਼ੇਰਪੁਰ ਸੋਢੀਆਂ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਪਾਸੋਂ ਵਾਰਦਾਤ ਸਮੇਂ ਵਰਤੀ ਕੁਹਾੜੀ ਅਤੇ ਸਕੂਟਰੀ (ਜੋ ਦੋਸ਼ੀ ਗੁਰਵਿੰਦਰ ਸਿੰਘ ਉਰਫ ਗਿੰਦਾ ਦੇ ਚਾਚੇ ਦੇ ਲੜਕੇ ਦੀ ਸੀ, ਜੋ ਉਹ ਮੰਗ ਕੇ ਲਿਆਏ ਸਨ। ਬਰਾਮਦ ਕਰਵਾਈ ਗਈ। ਇਸ ਤੋਂ ਇਲਾਵਾ ਮਿਤੀ 29.06.2024 ਨੂੰ ਦੋਸ਼ੀਆਂ ਦੀ ਪੁੱਛ-ਗਿੱਛ ਦੌਰਾਨ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਸ਼ੁਦਾ ਸਕੂਟਰੀ ਯੂਪੀਟਰ ਨੰਬਰ ਪੀ.ਬੀ.-13ਬੀਐੱਨ-0255 ਅਤੇ ਮੋਟਰਸਾਈਕਲ ਡਿਸਕਵਰ ਪੀ.ਬੀ.-13ਏਏ-6119 ਬਰਾਮਦ ਕਰਵਾ ਕੇ ਮੁਕੱਦਮਾ ਉਕਤ ਵਿਚ ਜੁਰਮ 457,380 ਹਿੰ: ਡੰ: ਦਾ ਵਾਧਾ ਕੀਤਾ ਗਿਆ ਤੇ ਅਗਲੇਰੀ ਤਫਤੀਸ਼ ਜਾਰੀ ਹੈ। ਚਹਿਲ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਵਾਰਦਾਤ ਦੀ ਵਜ੍ਹਾ ਕੋਈ ਰੰਜਿਸ਼ ਵਗੈਰਾ ਸਾਹਮਣੇ ਨਹੀਂ ਆਈ ਹੈ। ਦੋਸ਼ੀ ਚੋਰੀ ਕਰਨ ਦੀ ਨੀਅਤ ਨਾਲ ਫੈਕਟਰੀ ਅੰਦਰ ਦਾਖਲ ਹੋਏ ਸਨ, ਜੋ ਮ੍ਰਿਤਕ ਵੱਲੋਂ ਵਿਰੋਧ ਕਰਨ ਤੇ ਦੋਸ਼ੀਆਂ ਨੇ ਉਸਦਾ ਕਤਲ ਕਰ ਦਿੱਤਾ।


Gurminder Singh

Content Editor

Related News