ਕਾਂਗਰਸੀਆਂ ''ਤੇ ਦਰਜ FIR ਇਕ ਹਫ਼ਤੇ ''ਚ ਰੱਦ ਕਰੇ ਪੁਲਸ, ਨਹੀਂ ਤਾਂ ਹਜ਼ਾਰਾਂ ਵਰਕਰਾਂ ਨਾਲ ਖੋਲ੍ਹਾਂਗੇ ਮੋਰਚਾ: MLA ਢਿੱਲੋਂ
Friday, Apr 17, 2026 - 03:36 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਪੁਲਸ ਵੱਲੋਂ 14 ਮਾਰਚ ਨੂੰ ਕਚਹਿਰੀ ਚੌਕ ਵਿਖੇ ਕਾਂਗਰਸ ਪਾਰਟੀ ਵੱਲੋਂ ਦਿੱਤੇ ਗਏ ਧਰਨੇ ਦੇ ਸਬੰਧ ਵਿਚ ਦਰਜ ਕੀਤੀ ਗਈ ਐੱਫ.ਆਈ.ਆਰ. ਨੂੰ ਲੈ ਕੇ ਤਿੱਖਾ ਰੁਖ ਅਪਣਾਇਆ ਹੈ। ਉਨ੍ਹਾਂ ਪੁਲਸ ਨੂੰ ਸਾਫ਼ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਕ ਹਫ਼ਤੇ ਦੇ ਅੰਦਰ-ਅੰਦਰ ਇਹ ਐੱਫ.ਆਈ.ਆਰ. ਰੱਦ ਨਾ ਕੀਤੀ ਗਈ ਤਾਂ ਉਹ ਆਪਣੇ ਹਜ਼ਾਰਾਂ ਸਾਥੀਆਂ ਸਮੇਤ ਭੁੱਖ ਹੜਤਾਲ ‘ਤੇ ਬੈਠਣ ਲਈ ਮਜਬੂਰ ਹੋਣਗੇ।
ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ 14 ਮਾਰਚ ਨੂੰ ਕਾਂਗਰਸ ਪਾਰਟੀ ਵੱਲੋਂ ਦਿੱਤਾ ਗਿਆ ਧਰਨਾ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਸੀ ਅਤੇ ਇਸ ਦੌਰਾਨ ਨਾ ਤਾਂ ਪੁਲਸ ਨਾਲ ਅਤੇ ਨਾ ਹੀ ਕਿਸੇ ਆਮ ਨਾਗਰਿਕ ਨਾਲ ਕੋਈ ਝਗੜਾ ਜਾਂ ਵਿਵਾਦ ਹੋਇਆ ਸੀ। ਉਨ੍ਹਾਂ ਦੱਸਿਆ ਕਿ ਧਰਨਾ ਲੋਕਤਾਂਤਰਿਕ ਢੰਗ ਨਾਲ ਆਪਣੀ ਆਵਾਜ਼ ਉਠਾਉਣ ਲਈ ਕੀਤਾ ਗਿਆ ਸੀ, ਪਰ ਬਾਅਦ ਵਿੱਚ ਪੁਲਿਸ ਵੱਲੋਂ ਕਥਿਤ ਤੌਰ ‘ਤੇ ਝੂਠੀ ਐਫਆਈਆਰ ਦਰਜ ਕਰ ਦਿੱਤੀ ਗਈ।
ਉਨ੍ਹਾਂ ਦੋਸ਼ ਲਗਾਇਆ ਕਿ ਐੱਫ.ਆਈ.ਆਰ. ਵਿਚ ਦਰਜ ਕੀਤਾ ਗਿਆ ਹੈ ਕਿ ਕਾਂਗਰਸੀ ਆਗੂਆਂ ਨੇ ਪੁਲਸ ਨਾਲ ਹੱਥਾਪਾਈ ਕੀਤੀ, ਜੋ ਕਿ ਸਰਾਸਰ ਬੇਬੁਨਿਆਦ ਅਤੇ ਗਲਤ ਹੈ। ਉਨ੍ਹਾਂ ਕਿਹਾ ਕਿ ਧਰਨਾ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਸੀ ਅਤੇ ਅਜਿਹੇ ਦੋਸ਼ ਲਗਾਉਣਾ ਸਿਰਫ਼ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਹੋਰ ਵੀ ਕਿਹਾ ਕਿ ਇਸ ਮਾਮਲੇ ਵਿਚ ਦੋ ਦਰਜਨ ਦੇ ਕਰੀਬ ਕਾਂਗਰਸੀ ਆਗੂਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜੋ ਕਿ ਬੇਬੁਨਿਆਦ ਹੈ। ਉਨ੍ਹਾਂ ਪੁਲਸ ‘ਤੇ ਮਨਘੜਤ ਕਹਾਣੀ ਬਣਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਕਾਰਵਾਈ ਸਿਆਸੀ ਦਬਾਅ ਹੇਠ ਕੀਤੀ ਗਈ ਲੱਗਦੀ ਹੈ।
ਢਿੱਲੋਂ ਨੇ ਖਾਸ ਤੌਰ ‘ਤੇ ਇਸ ਗੱਲ ‘ਤੇ ਵੀ ਨਾਰਾਜ਼ਗੀ ਜਤਾਈ ਕਿ ਐੱਫ.ਆਈ.ਆਰ. ਵਿਚ ਮਹਿਲਾ ਵਰਕਰਾਂ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਨਯੋਗ ਗੱਲ ਹੈ ਅਤੇ ਇਸ ਨਾਲ ਮਹਿਲਾਵਾਂ ਦੀ ਬੇਇਜ਼ਤੀ ਹੋ ਰਹੀ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਜਲਦ ਤੋਂ ਜਲਦ ਐੱਫ.ਆਈ.ਆਰ. ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ ਨੂੰ ਅਣਡਿੱਠਾ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਵੱਲੋਂ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
