ਹੈਰੋਇਨ ਸਮੇਤ ਤਿੰਨ ਨੌਜਵਾਨ ਕਾਬੂ, ਪੁਲਸ ਵੱਲੋਂ ਮਾਮਲਾ ਦਰਜ

Wednesday, Apr 08, 2026 - 09:13 PM (IST)

ਹੈਰੋਇਨ ਸਮੇਤ ਤਿੰਨ ਨੌਜਵਾਨ ਕਾਬੂ, ਪੁਲਸ ਵੱਲੋਂ ਮਾਮਲਾ ਦਰਜ

ਭਵਾਨੀਗੜ੍ਹ, (ਕਾਂਸਲ)– ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਤਿੰਨ ਨੌਜਵਾਨਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਸ ਨੇ ਸੁਨਾਮ ਨੂੰ ਜਾਂਦੀ ਸੜਕ ’ਤੇ ਪਿੰਡ ਝਨੇੜੀ ਨੇੜੇ ਦਿੱਲੀ-ਕੱਟੜਾ ਹਾਈਵੇ ਦੇ ਪੁੱਲ ਹੇਠੋਂ ਉਕਤ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ।

ਇਸ ਸਬੰਧੀ ਘਰਾਚੋਂ ਪੁਲਸ ਚੈੱਕ ਪੋਸਟ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਵਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਭਵਾਨੀਗੜ੍ਹ ਤੋਂ ਸੁਨਾਮ ਵੱਲ ਗਸ਼ਤ ਕਰ ਰਹੀ ਸੀ। ਜਦੋਂ ਉਹ ਪਿੰਡ ਘਰਾਚੋਂ ਨੇੜੇ ਭਾਰਤ ਮਾਲਾ ਹਾਈਵੇ ਦੇ ਪੁੱਲ ਹੇਠਾਂ ਪਹੁੰਚੇ ਤਾਂ ਉੱਥੇ ਖੜੇ ਤਿੰਨ ਨੌਜਵਾਨ ਪੁਲਸ ਨੂੰ ਦੇਖਦੇ ਹੀ ਘਬਰਾ ਗਏ ਅਤੇ ਇੱਕ ਵਸਤੂ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ।

ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਨੂੰ ਕਾਬੂ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਉਨ੍ਹਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਖੇਮ ਸਿੰਘ ਵਾਸੀ ਫੱਗੂਵਾਲਾ (ਹਾਲ ਆਬਾਦ ਕਪਿਆਲ), ਗੁਰਪ੍ਰੀਤ ਸਿੰਘ ਪੁੱਤਰ ਦੀਵਾਨ ਚੰਦ ਵਾਸੀ ਰੇਤਗੜ੍ਹ ਅਤੇ ਵਿਜੇ ਕੁਮਾਰ ਪੁੱਤਰ ਹਰਪਾਲ ਸਿੰਘ ਵਾਸੀ ਰੇਤਗੜ੍ਹ ਵਜੋਂ ਹੋਈ।

ਪੁਲਸ ਵੱਲੋਂ ਸੁੱਟੀ ਗਈ ਵਸਤੂ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਤਿੰਨਾਂ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Rakesh

Content Editor

Related News