ਨੈਸ਼ਨਲ ਹਾਈਵੇਅ ''ਤੇ ਭਿਆਨਕ ਹਾਦਸਾ! ਟਰਾਲੀ ਨਾਲ ਟੱਕਰ ਮਗਰੋਂ ਸੜ ਕੇ ਸੁਆਹ ਹੋਈ ਕਾਰ

Tuesday, Apr 14, 2026 - 11:22 AM (IST)

ਨੈਸ਼ਨਲ ਹਾਈਵੇਅ ''ਤੇ ਭਿਆਨਕ ਹਾਦਸਾ! ਟਰਾਲੀ ਨਾਲ ਟੱਕਰ ਮਗਰੋਂ ਸੜ ਕੇ ਸੁਆਹ ਹੋਈ ਕਾਰ

ਤਪਾ ਮੰਡੀ (ਸ਼ਾਮ,ਗਰਗ): ਬਰਨਾਲਾ–ਬਠਿੰਡਾ ਮਾਰਗ ’ਤੇ ਮਾਰਗ ਤੇ ਓਵਰਬ੍ਰਿਜ ਉੱਪਰ ਰਾਤ ਕਰੀਬ 9 ਵਜੇ ਇੱਕ ਗੰਭੀਰ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਇਕ ਚੱਲਦੀ ਕਾਰ ਟਰੈਕਟਰ-ਟਰਾਲੀ ਨਾਲ ਟੱਕਰ ਮਾਰ ਬੈਠੀ ਅਤੇ ਬਾਅਦ ਵਿਚ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਨਵੀਨ ਵਰਮਾ ਆਪਣੇ ਸਾਥੀ ਕੇਸ਼ਵ ਕੁਮਾਰ ਨਾਲ ਚੰਡੀਗੜ੍ਹ ਤੋਂ ਬਠਿੰਡਾ ਵੱਲ ਜਾ ਰਹੇ ਸਨ। ਜਦੋਂ ਉਹ ਓਵਰਬ੍ਰਿਜ ’ਤੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਅੱਗੇ ਚੱਲ ਰਹੀ ਟਰੈਕਟਰ-ਟਰਾਲੀ ਨਾਲ ਜਾ ਟਕਰਾਈ। ਦੱਸਿਆ ਜਾ ਰਿਹਾ ਹੈ ਕਿ ਟਰੈਕਟਰ-ਟਰਾਲੀ ’ਤੇ ਨਾ ਕੋਈ ਰਿਫਲੈਕਟਰ ਲੱਗਿਆ ਹੋਇਆ ਸੀ ਅਤੇ ਨਾ ਹੀ ਕੋਈ ਪਿੱਛੇ ਲਾਈਟ ਜਲ ਰਹੀ ਸੀ। ਇਸ ਤੋਂ ਇਲਾਵਾ ਓਵਰਬ੍ਰਿਜ ’ਤੇ ਵੀ ਸਟਰੀਟ ਲਾਈਟਾਂ ਬੰਦ ਸਨ, ਜਿਸ ਕਾਰਨ ਡਰਾਈਵਰ ਨੂੰ ਅੱਗੇ ਵਾਹਨ ਦਾ ਅੰਦਾਜ਼ਾ ਨਾ ਲੱਗ ਸਕਿਆ ਅਤੇ ਹਾਦਸਾ ਵਾਪਰ ਗਿਆ।

ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਟਰੈਕਟਰ-ਟਰਾਲੀ ਵਿਚ ਫਸ ਗਈ। ਇਸ ਦੌਰਾਨ ਜਦੋਂ ਟਰੈਕਟਰ-ਟਰਾਲੀ ਦਾ ਮਾਲਕ ਕਾਰ ਨੂੰ ਕੱਢਣ ਲਈ ਵਾਹਨ ਨੂੰ ਅੱਗੇ-ਪਿੱਛੇ ਕਰਨ ਲੱਗਾ ਤਾਂ ਰਗੜ ਦੇ ਨਾਲ ਸਪਾਰਕਿੰਗ ਹੋ ਗਈ। ਸਪਾਰਕਿੰਗ ਨਾਲ ਕਾਰ ਦੀ ਪੈਟਰੋਲ ਟੈਂਕੀ ਨੂੰ ਅੱਗ ਲੱਗ ਗਈ, ਜੋ ਕੁਝ ਹੀ ਪਲਾਂ ਵਿਚ ਭਿਆਨਕ ਅੱਗ ਵਿਚ ਤਬਦੀਲ ਹੋ ਗਈ। ਅੱਗ ਇੰਨੀ ਤੇਜ਼ ਸੀ ਕਿ ਪੂਰੀ ਕਾਰ ਦੇਖਦੇ ਹੀ ਦੇਖਦੇ ਸੜ ਕੇ ਸਵਾਹ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਜਸਪ੍ਰੀਤ ਸਿੰਘ,ਹਰਪ੍ਰੀਤ ਸਿੰਘ ,ਡਰਾਇਵਰ ਬੇਅੰਤ ਸਿੰਘ ਦੀ ਅਗਵਾਈ ਮੌਕੇ ’ਤੇ ਪਹੁੰਚ ਗਈਆਂ। ਉਨ੍ਹਾਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ ਅਤੇ ਸਥਿਤੀ ਨੂੰ ਸੰਭਾਲਿਆ ਗਿਆ।

ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕਾਰ ਪੂਰੀ ਤਰ੍ਹਾਂ ਨਸ਼ਟ ਹੋ ਗਈ। ਇਹ ਹਾਦਸਾ ਸੜਕ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ, ਖਾਸ ਕਰਕੇ ਰਾਤ ਸਮੇਂ ਬਿਨਾਂ ਲਾਈਟਾਂ ਅਤੇ ਰਿਫਲੈਕਟਰਾਂ ਵਾਲੇ ਵਾਹਨਾਂ ਦੀ ਚੱਲਣੀ ਗੰਭੀਰ ਖਤਰਾ ਬਣ ਰਹੀ ਹੈ। ਘਟਨਾ ਦਾ ਪਤਾ ਲੱਗਦਾ ਸੀ ਚੌਂਕੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਤੇ ਥਾਣੇਦਾਰ ਹਰਵਿੰਦਰਪਾਲ ਸਿੰਘ ਦੀ ਅਗਵਾਈ ਵਿਚ ਪੁੱਜੀ ਟੀਮ ਨੇ ਜਾਂ ਲੱਗੇ ਜਾਮ ਨੂੰ ਖੁਲਵਾਇਆ ਅਤੇ ਪੁਲਸ ਦੀ 112 ਗੱਡੀ ਵੀ ਮੋਕੇ ਤੇ ਪਹੁੰਚ ਗਈ।


author

Anmol Tagra

Content Editor

Related News