ਬਰਨਾਲਾ ਦੇ ਤਿੰਨ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸ਼ਹਿਰ ''ਚ ਦਹਿਸ਼ਤ ਦਾ ਮਾਹੌਲ
Thursday, Apr 16, 2026 - 10:12 AM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ ਜ਼ਿਲ੍ਹੇ ਦੇ ਤਿੰਨ ਨਾਮੀ ਸਕੂਲਾਂ ਨੂੰ ਅੱਜ ਸਵੇਰੇ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਪੂਰੇ ਸ਼ਹਿਰ ਵਿਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਇਹ ਧਮਕੀ ਟੰਡਨ ਇੰਟਰਨੈਸ਼ਨਲ ਸਕੂਲ, ਵਾਈ.ਐਸ. ਗਰੁੱਪ ਅਤੇ ਆਰਿਆ ਭੱਟ ਸਕੂਲ ਨੂੰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸਰਕਾਰੀ ਹਸਪਤਾਲਾਂ ਦੇ ਖੁੱਲ੍ਹਣ ਦਾ ਸਮਾਂ ਬਦਲਿਆ, ਨਵੇਂ ਹੁਕਮ ਜਾਰੀ
ਈਮੇਲ ਰਾਹੀਂ ਦਿੱਤੀ ਗਈ ਧਮਕੀ
ਜਾਣਕਾਰੀ ਦਿੰਦਿਆਂ ਟੰਡਨ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਸ਼ਿਵ ਸਿੰਗਲਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਸਵੇਰੇ ਸਕੂਲ ਦੀ ਅਧਿਕਾਰਤ ਈਮੇਲ ਚੈੱਕ ਕੀਤੀ ਤਾਂ ਉਸ ਵਿਚ ਬੰਬ ਦੀ ਧਮਕੀ ਦੀ ਇਕ ਮੇਲ ਆਈ ਹੋਈ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਮੇਲ ਕੇਵਲ ਉਨ੍ਹਾਂ ਦੇ ਸਕੂਲ ਨੂੰ ਹੀ ਨਹੀਂ, ਬਲਕਿ ਸ਼ਹਿਰ ਦੇ ਦੋ ਹੋਰ ਵੱਡੇ ਸਕੂਲਾਂ—ਵਾਈ.ਐਸ. ਗਰੁੱਪ ਅਤੇ ਆਰਿਆ ਭੱਟ ਸਕੂਲ ਨੂੰ ਵੀ ਫਾਰਵਰਡ ਕੀਤੀ ਗਈ ਸੀ। ਧਮਕੀ ਬਾਰੇ ਪਤਾ ਲੱਗਦਿਆਂ ਹੀ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਵਿਚ ਭਾਰੀ ਚਿੰਤਾ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਗੈਰੀ ਕਲੈਕਸ਼ਨ ਦੇ ਮਾਲਕ ਨੂੰ ਕਿਸ ਨੇ ਮਾਰੀਆਂ ਗੋਲੀਆਂ ! ਪੁਲਸ ਦਾ ਵੱਡਾ ਖ਼ੁਲਾਸਾ
ਪੁਲਸ ਪ੍ਰਸ਼ਾਸਨ ਹੋਇਆ ਮੁਸਤੈਦ
ਸਕੂਲ ਪ੍ਰਬੰਧਕਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਜ਼ਿਲ੍ਹਾ ਪੁਲਸ ਮੁਖੀ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਅਤੇ ਸਕੂਲਾਂ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ। ਜ਼ਿਲ੍ਹਾ ਪੁਲਸ ਮੁਖੀ ਮੁਹੰਮਦ ਸਰਫਰਾਜ ਆਲਮ ਨੇ ਇਸ ਸੰਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕਈ ਹੋਰ ਥਾਵਾਂ 'ਤੇ ਵੀ ਅਜਿਹੀਆਂ ਗੁੰਮਨਾਮ ਧਮਕੀ ਭਰੀਆਂ ਮੇਲਾਂ ਆਉਣ ਦੇ ਮਾਮਲੇ ਸਾਹਮਣੇ ਆਏ ਹਨ, ਜੋ ਅਕਸਰ ਅਫਵਾਹ ਸਾਬਤ ਹੁੰਦੇ ਹਨ।
ਇਹ ਵੀ ਪੜ੍ਹੋ : ਮਿਡਲ ਸਕੂਲਾਂ ਦੇ ਅਧਿਆਪਕਾਂ ਨੂੰ ਲੈ ਕੇ ਅਨੋਖਾ ਫ਼ਰਮਾਨ, ਨਵੀਂ ਨੀਤੀ ਨੇ ਵਧਾਈ ਚਿੰਤਾ
ਜਾਂਚ ਜਾਰੀ, ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
ਐੱਸ.ਐੱਸ.ਪੀ. ਨੇ ਅੱਗੇ ਕਿਹਾ ਕਿ ਭਾਵੇਂ ਇਹ ਕਿਸੇ ਦੀ ਸ਼ਰਾਰਤ ਲੱਗ ਰਹੀ ਹੈ ਪਰ ਫਿਰ ਵੀ ਪੁਲਸ ਇਸ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੀ ਹੈ। ਅਹਿਤਿਆਤ ਵਜੋਂ ਪੁਲਸ ਦੀਆਂ ਵਿਸ਼ੇਸ਼ ਟੀਮਾਂ ਨੂੰ ਤਿੰਨਾਂ ਸਕੂਲਾਂ ਵਿਚ ਭੇਜ ਦਿੱਤਾ ਗਿਆ ਹੈ ਤਾਂ ਜੋ ਚੈਕਿੰਗ ਕੀਤੀ ਜਾ ਸਕੇ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ ਅਤੇ ਕਿਸੇ ਵੀ ਅਫਵਾਹ 'ਤੇ ਵਿਸ਼ਵਾਸ ਨਾ ਕਰਨ। ਪੁਲਸ ਸਾਈਬਰ ਸੈੱਲ ਦੀ ਮਦਦ ਨਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਈਮੇਲ ਕਿੱਥੋਂ ਅਤੇ ਕਿਸ ਵੱਲੋਂ ਭੇਜੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
