ਫੱਗੂਵਾਲਾ ਕੈਂਚੀਆਂ ਵਿਖੇ ਮਿਲੀ ਨੌਜਵਾਨ ਦੀ ਭੇਦਭਰੇ ਹਾਲਾਤਾਂ ''ਚ ਲਾਸ਼
Friday, Apr 03, 2026 - 10:30 PM (IST)
ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਫੱਗੂਵਾਲਾ ਕੈਂਚੀਆਂ ਵਿਖੇ ਸਥਿਤ ਕਾਲੋਨੀਆਂ ਵਿੱਚ ਉਸ ਵੇਲੇ ਸੰਨਾਟਾ ਛਾ ਗਿਆ ਜਦੋਂ ਇਕ 31 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ।
ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਮੁਤਾਬਕ ਗਗਨਦੀਪ ਸਿੰਘ ਮੱਧ ਪ੍ਰਦੇਸ਼ ਵਿੱਚ ਕੰਬਾਈਨ ’ਤੇ ਕੰਮ ਕਰਨ ਗਿਆ ਹੋਇਆ ਸੀ ਅਤੇ ਬੀਤੇ ਦਿਨ ਕਰੀਬ ਸ਼ਾਮ 6:30 ਵਜੇ ਭਵਾਨੀਗੜ੍ਹ ਫੱਗੂਵਾਲਾ ਕੈਂਚੀਆਂ ਵਿਖੇ ਵਾਪਸ ਆਇਆ। ਉਨ੍ਹਾਂ ਦੱਸਿਆ ਕਿ ਉਹ ਘਰ ਆਉਣ ਦੀ ਥਾਂ ਪਹਿਲਾਂ ਘਰ ਦੇ ਨੇੜੇ ਇੱਕ ਦੁਕਾਨ ਵਿੱਚ ਆਪਣਾ ਬੈਗ ਤੇ ਹੋਰ ਸਮਾਨ ਰੱਖ ਕੇ ਉਹ ਕੁਝ ਨੌਜਵਾਨਾਂ ਨਾਲ ਚਲਾ ਗਿਆ, ਪਰ ਰਾਤ ਨੂੰ ਘਰ ਵਾਪਸ ਨਹੀਂ ਆਇਆ ਅਤੇ ਉਹ ਪੂਰੀ ਰਾਤ ਉਸ ਦੀ ਉਡੀਕ ਕਰਦੇ ਰਹੇ।
ਸਵੇਰੇ ਵੀ ਜਦੋਂ ਗਗਨਦੀਪ ਸਿੰਘ ਘਰ ਵਾਪਸ ਨਹੀਂ ਆਇਆ ਤਾਂ ਪਰਿਵਾਰ ਵੱਲੋਂ ਉਸਦੀ ਤਲਾਸ਼ ਸ਼ੁਰੂ ਕੀਤੀ ਗਈ ਜਿਸ ਦੌਰਾਨ ਕਿਸੇ ਵਿਅਕਤੀ ਵੱਲੋਂ ਸੂਚਨਾ ਮਿਲੀ ਕਿ ਗਗਨਦੀਪ ਸਿੰਘ ਦੀ ਲਾਸ਼ ਸੱਤਿਆ ਭਾਰਤੀ ਸਕੂਲ ਨੇੜਲੇ ਬਾਬੇ ਦੀ ਪਹੀ ਦੇ ਨਾਮ ਨਾਲ ਜਾਣੇ ਜਾਂਦੇ ਪਿੰਡ ਦੇ ਖੇਤਾਂ ਵੱਲ ਜਾਂਦੇ ਕੱਚੇ ਰਸਤੇ ’ਤੇ ਪਈ ਹੈ। ਇਸ ਉਪਰੰਤ ਪਰਿਵਾਰ ਵੱਲੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਪਰਿਵਾਰ ਨੇ ਦੋਸ਼ ਲਗਾਇਆ ਕਿ ਜਿਨ੍ਹਾਂ ਨੌਜਵਾਨਾਂ ਨਾਲ ਉਸਦਾ ਪੁੱਤਰ ਗਿਆ ਸੀ ਉਹਨਾਂ ਵੱਲੋਂ ਹੀ ਕਥਿਤ ਤੌਰ 'ਤੇ ਉਹਨਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ ਤੇ ਘਟਨਾ ਤੋਂ ਬਾਅਦ ਇਹ ਨੌਜਵਾਨ ਗਾਇਬ ਹੋ ਗਏ ਹਨ। ਉਹਨਾਂ ਪੁਲਸ ਤੋਂ ਮੰਗ ਕੀਤੀ ਕਿ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ।
ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਤਰਸੇਮ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਨਾਲ ਪਿੰਡ ਵਿੱਚ ਗਹਿਰਾ ਸੋਗ ਪੈਦਾ ਹੋ ਗਿਆ ਹੈ ਅਤੇ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
