ਵਿਧਾਇਕ ਭਰਾਜ ਨੇ ਇਕ ਕਰੋੜ ਤੋਂ ਵੱਧ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ

Saturday, Jan 04, 2025 - 05:32 PM (IST)

ਵਿਧਾਇਕ ਭਰਾਜ ਨੇ ਇਕ ਕਰੋੜ ਤੋਂ ਵੱਧ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਕਰਵਾਈ ਸ਼ੁਰੂਆਤ

ਭਵਾਨੀਗੜ੍ਹ (ਵਿਕਾਸ ਮਿੱਤਲ) : ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸ਼ੁੱਕਰਵਾਰ ਨੂੰ ਇੱਥੇ ਸ਼ਹੀਦ ਭਗਤ ਸਿੰਘ ਚੌਕ ਸੰਗਤਸਰ ਤੇ ਜੋਗਿੰਦਰ ਨਗਰ ਤੋਂ ਇਕ ਕਰੋੜ ਤੋਂ ਵਧੇਰੇ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਭਗਵਾਨ ਵਾਲਮੀਕਿ ਚੌਂਕ ਤੋਂ ਮਾਹੀਆਂ ਪੱਤੀ ਤੱਕ ਤਕਰੀਬਨ 46.20 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਲਗਾਉਣ, ਲਾਭ ਸਿੰਘ ਤੋਂ ਜੋਗਿੰਦਰ ਨਗਰ ਤੱਕ 30 ਲੱਖ ਰੁਪਏ ਦੀ ਲਾਗਤ ਨਾਲ ਸੜਕ ਦੀ ਉਸਾਰੀ ਤੇ ਬਲਿਆਲ ਰੋਡ ਤੋਂ ਸੰਗਤਸਰ ਨਗਰ ਤੱਕ ਤਕਰੀਬਨ 25 ਲੱਖ ਰੁਪਏ ਦੀ ਲਾਗਤ ਨਾਲ ਮੈਟਲਡ ਰੋਡ ਬਣਵਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਬੋਲਦਿਆਂ ਵਿਧਾਇਕ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਹਰ ਲੋੜੀਂਦੀ ਸੁਵਿਧਾ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ ਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਸਾਲਾਂ ਬੱਧੀ ਲਟਕੇ ਕੰਮ ਕਰਵਾਉਣੇ ਯਕੀਨੀ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਸੰਗਤਸਰ ਤੋਂ ਹਰ ਸਾਲ ਨਗਰ ਕੀਰਤਨ ਨਿਕਲਦਾ ਹੈ ਪਰ ਕੱਚਾ ਰਸਤਾ ਹੋਣ ਕਾਰਨ ਸੰਗਤ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸਦਾ ਹੁਣ ਪੱਕਾ ਹੱਲ ਕਰਵਾਇਆ ਜਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਲੋਕਾਂ ਨਾਲ ਵਿਤਕਰਾ ਕਰਕੇ ਵਿਕਾਸ ਦੇ ਕੰਮ ਉਲੀਕੇ ਜਾਂਦੇ ਸਨ ਪਰ ਹੁਣ ਸਭ ਦੇ ਕੰਮ ਬਿਨ੍ਹਾਂ ਕਿਸੇ ਸਿਫਾਰਸ਼ ਜਾਂ ਭ੍ਰਿਸ਼ਟਾਚਾਰ ਤੋਂ ਕਰਵਾਏ ਜਾਣੇ ਯਕੀਨੀ ਬਣਾਏ ਜਾ ਰਹੇ ਹਨ। ਵਿਧਾਇਕ ਭਰਾਜ ਨੇ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਤੋਂ ਪਹਿਲਾਂ ਵੀ ਭਵਾਨੀਗੜ੍ਹ ਸ਼ਹਿਰ 'ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ ਜਿਨ੍ਹਾਂ ਵਿਚ ਡਾ. ਅੰਬੇਡਕਰ ਦੇ ਨਾਂ ‘ਤੇ ਨਵੀਂ ਲਾਇਬਰੇਰੀ, ਪਾਰਕ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਮੁੱਖ ਮੰਤਰੀ ਮਾਨ ਵੱਲੋਂ ਇਲਾਕਾ ਵਾਸੀਆਂ ਲਈ ਸਿਹਤ ਦੇ ਖੇਤਰ ਵਿੱਚ ਸੁਧਾਰ ਲਿਆਉਣ ਲਈ 7 ਕਰੋੜ ਰੁਪਏ ਦੀ ਲਾਗਤ ਨਾਲ ਭਵਾਨੀਗੜ੍ਹ ਹਸਪਤਾਲ ਦਾ ਆਧੁਨਿਕੀਕਰਨ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਧੁਨਿਕੀਕਰਨ ਤੋਂ ਬਾਅਦ ਇੱਥੇ 20 ਨਵੇਂ ਬਿਸਤਰਿਆਂ ਦੀ ਥਾਂ ਅਤੇ ਵੱਖ-ਵੱਖ ਰੋਗਾਂ ਦੇ ਸਪੈਸ਼ਲਿਸਟ ਡਾਕਟਰ ਮਰੀਜ਼ਾਂ ਲਈ ਉਪਲੱਬਧ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਭਵਾਨੀਗੜ੍ਹ ਦੇ ਪ੍ਰਧਾਨ ਨਰਿੰਦਰ ਸਿੰਘ ਹਾਕੀ, ਕੌੰਸਲਰ ਗੁਰਵਿੰਦਰ ਸਿੰਘ ਸੱਗੂ, ਵਿੱਦਿਆ ਦੇਵੀ, ਜਗਤਾਰ ਸਿੰਘ, ਵਿੱਕੀ ਬਾਜਵਾ, ਰੌਸ਼ਨ ਲਾਲ, ਰਾਜ ਨਫਰੀਆ, ਵਿਕਰਮ ਨਕਟੇ ਸਮੇਤ 'ਆਪ' ਵਰਕਰ ਤੇ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।


author

Gurminder Singh

Content Editor

Related News