18 ਦਿਨਾਂ ਬਾਅਦ ਕੈਨੇਡਾ ਤੋਂ ਪਿੰਡ ਠੀਕਰੀਵਾਲਾ ਪੁੱਜੀ ਨੌਜਵਾਨ ਬੇਅੰਤ ਸਿੰਘ ਦੀ ਦੇਹ

Sunday, Jul 20, 2025 - 07:04 PM (IST)

18 ਦਿਨਾਂ ਬਾਅਦ ਕੈਨੇਡਾ ਤੋਂ ਪਿੰਡ ਠੀਕਰੀਵਾਲਾ ਪੁੱਜੀ ਨੌਜਵਾਨ ਬੇਅੰਤ ਸਿੰਘ ਦੀ ਦੇਹ

ਮਹਿਲ ਕਲਾਂ (ਹਮੀਦੀ) : ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਇਤਿਹਾਸਿਕ ਪਿੰਡ ਠੀਕਰੀਵਾਲਾ ਨਾਲ ਸਬੰਧਤ 31 ਸਾਲਾ ਨੌਜਵਾਨ ਬੇਅੰਤ ਸਿੰਘ ਉਰਫ਼ ਜਗਤਾਰ ਪੁੱਤਰ ਮਰਹੂਮ ਬਚਿਤਰ ਸਿੰਘ ਦੀ ਲਾਸ਼ 18 ਦਿਨਾਂ ਬਾਅਦ ਕੈਨੇਡਾ ਤੋਂ ਪਿੰਡ ਠੀਕਰੀਵਾਲਾ ਵਿਖੇ ਐਤਵਾਰ ਨੂੰ ਪਹੁੰਚੀ। 2 ਜੁਲਾਈ ਨੂੰ ਸਰੀ (ਕੈਨੇਡਾ) ‘ਚ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ। ਲਾਸ਼ ਦੁਪਹਿਰ 12:30 ਵਜੇ ਦੇ ਕਰੀਬ ਪਿੰਡ ਪਹੁੰਚੀ ਜਿੱਥੇ ਪਰਿਵਾਰ, ਇਲਾਕਾ ਨਿਵਾਸੀਆਂ ਤੇ ਸਿਆਸੀ ਆਗੂਆਂ ਦੀ ਹਾਜ਼ਰੀ ‘ਚ 1:30 ਵਜੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਪਿੰਡ ਦਾ ਹਰੇਕ ਨਾਗਰਿਕ ਇਸ ਦੁਖਦਾਈ ਮੌਕੇ 'ਤੇ ਮੌਜੂਦ ਸੀ। 

ਮ੍ਰਿਤਕ ਬੇਅੰਤ ਸਿੰਘ ਦੇ ਚਾਚਾ ਹਰਭਗਵਾਨ ਸਿੰਘ, ਨਛੱਤਰ ਸਿੰਘ ਤੇ ਚਚੇਰੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੇਅੰਤ ਸਿੰਘ ਇਸੇ ਸਾਲ ਅਪ੍ਰੈਲ ਵਿੱਚ ਰੋਜ਼ੀ-ਰੋਟੀ ਦੀ ਖਾਤਰ ਕੈਨੇਡਾ ਗਿਆ ਸੀ। ਪਰ 2 ਜੁਲਾਈ ਨੂੰ ਉਸ ਨੂੰ ਹਾਰਟ ਅਟੈਕ ਆਇਆ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ। ਪਰਿਵਾਰ ਨੂੰ ਇਹ ਜਾਣਕਾਰੀ ਕੈਨੇਡਾ ਰਹਿ ਰਹੇ ਰਿਸ਼ਤੇਦਾਰਾਂ ਵੱਲੋਂ ਫ਼ੋਨ ਰਾਹੀਂ ਮਿਲੀ। ਉਨ੍ਹਾਂ ਦੱਸਿਆ ਕਿ ਬੇਅੰਤ ਸਿੰਘ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਆਪਣੀ ਵਿਧਵਾ ਮਾਂ ਮਲਕੀਤ ਕੌਰ ਦਾ ਇਕੱਲਾ ਸਹਾਰਾ ਸੀ। ਪਰਿਵਾਰ ਨੇ ਕਰਜ਼ਾ ਚੁੱਕ ਕੇ ਉਸਨੂੰ ਵਿਦੇਸ਼ ਭੇਜਿਆ ਸੀ, ਪਰ ਉਥੇ ਇਹ ਵਿਗੜਾ ਨਸੀਬ ਉਸ ਦਾ ਸਾਥੀ ਬਣ ਗਿਆ। ਇਹ ਵੀ ਦੱਸਿਆ ਗਿਆ ਕਿ ਬੇਅੰਤ ਸਿੰਘ ਇਸ ਤੋਂ ਪਹਿਲਾਂ ਪੰਜ ਸਾਲ ਸਿੰਗਾਪੁਰ 'ਚ ਮਿਹਨਤ-ਮਜ਼ਦੂਰੀ ਕਰ ਕੇ ਵਾਪਸ ਆਇਆ ਸੀ। ਇੱਥੇ ਆ ਕੇ ਦੁਬਾਰਾ ਆਪਣੀ ਜ਼ਿੰਦਗੀ ਨੂੰ ਠੀਕ ਕਰਨ ਦੀ ਆਸ ‘ਚ ਕੈਨੇਡਾ ਰਵਾਨਾ ਹੋਇਆ, ਪਰ ਉਥੇ ਜਾ ਕੇ ਵਾਪਸੀ ਸਦੀਵੀ ਚੁਪ 'ਚ ਹੋ ਗਈ। 

ਅੰਤਿਮ ਸੰਸਕਾਰ ਮੌਕੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਦਰਸਨ ਸਿੰਘ ਮੰਡੇਰ, ਕੌਮੀ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਗੁਰਜੰਟ ਸਿੰਘ ਕੱਟੂ, ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸੁਖਵਿੰਦਰ ਦਾਸ ਕੁਰੜ, ਭਾਈ ਮਨਜੀਤ ਸਿੰਘ ਸਹਿਜੜਾ, ਸਤੀਸ਼ ਕੁਮਾਰ ਮਹਿਲ ਕਲਾਂ ਸਮੇਤ ਕਈ ਆਗੂਆਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੇ ਨਾਲ ਹੀ ਸਰਪੰਚ ਕਿਰਨਜੀਤ ਸਿੰਘ ਹੈਪੀ, ਆਪ ਆਗੂ ਡਾ. ਦਰਸਨ ਸਿੰਘ ਠੀਕਰੀਵਾਲ, ਪੰਚ ਰਣਜੀਤ ਸਿੰਘ, ਜਸਪ੍ਰੀਤ ਸਿੰਘ ਹੈਪੀ, ਸੁਖਦੇਵ ਸਿੰਘ, ਮਹੰਤ ਗੁਰਮੀਤ ਸਿੰਘ ਠੀਕਰੀਵਾਲ, ਪਰਗਟ ਸਿੰਘ ਠੀਕਰੀਵਾਲ, ਸਾਬਕਾ ਸਰਪੰਚ ਲਖਵੀਰ ਸਿੰਘ ਠੀਕਰੀਵਾਲ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਸੀਰ ਸਿੰਘ ਔਲਖ, ਅਕਾਲੀ ਆਗੂ ਗੁਰਦਿਆਲ ਸਿੰਘ ਮਾਨ, ਮਹੰਤ ਮਨਜੀਤ ਸਿੰਘ, ਜਥੇਦਾਰ ਜੀਤ ਸਿੰਘ ਮਾਂਗੇਵਾਲ, ਜਥੇਦਾਰ ਲਾਭ ਸਿੰਘ ਠੀਕਰੀਵਾਲ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News