ਸੜਕ ਦੇ ਅਧੁਰੇ ਪਏ ਨਿਰਮਾਣ ਕਾਰਜਾਂ ਤੋਂ ਪਰੇਸ਼ਾਨ ਨਿਵਾਸੀਆਂ ਵੱਲੋਂ ਨਾਅਰੇਬਾਜ਼ੀ
Sunday, Aug 03, 2025 - 07:47 PM (IST)

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਦੇ ਵਾਰਡ ਨੰਬਰ 10 ਅਧੀਨ ਆਉਂਦੀ ਜੋਗਿੰਦਰ ਬਸਤੀ, ਗੁਰੂ ਨਾਨਕ ਕਾਲੋਨੀ ਅਤੇ ਮਾਨ ਕਾਲੋਨੀ ਨੂੰ ਸਥਾਨਕ ਸ਼ਹਿਰ ਤੋਂ ਜਾਣ ਵਾਲੀ ਸੜਕ ਦੇ ਲੰਬੇ ਸਮੇਂ ਤੋਂ ਅਧੁਰੇ ਪਏ ਨਿਰਮਾਣ ਕਾਰਜਾਂ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਕਾਲੋਨੀ ਨਿਵਾਸੀਆਂ ਨੇ ਅੱਜ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਅਤੇ ਸਾਬਕਾ ਕੌਂਸਲਰ ਹਰਵਿੰਦਰ ਸਿੰਘ ਗੋਲਡੀ ਤੂਰ ਤੇ ਸਤਗੁਰ ਸਿੰਘ ਡੁਗਲਾ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਇਕੱਠੇ ਹੋਏ ਕਲੋਨੀਆਂ ਦੇ ਨਿਵਾਸੀਆਂ ਪੂਰਨ ਸਿੰਘ, ਮਹਿੰਦਰ ਸਿੰਘ, ਹਾਕਮ ਸਿੰਘ, ਸੁਰਿੰਦਰ ਸਿੰਘ, ਮਨਿੰਦਰ ਸਿੰਘ, ਸਤਿਨਾਮ ਸਿੰਘ, ਜੱਗੀ ਖਾਂ, ਟਿੰਕੂ, ਸਿੰਦਰਪਾਲ ਕੌਰ, ਸੁਖਵਿੰਦਰ ਕੌਰ, ਬਿਮਲਾ ਕੌਰ, ਹਰਦੀਪ ਕੌਰ ਅਤੇ ਨਰਿੰਦਰ ਕੌਰ ਤੋਂ ਇਲਾਵਾ ਹੋਰ ਕਾਲੋਨੀ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਕਲੋਨੀਆਂ ਨੂੰ ਜਾਣ ਵਾਲੀ ਇਸ ਸੜਕ ਦੇ ਨਿਰਮਾਣ ਕਾਰਜ ਲੰਬੇ ਸਮੇਂ ਤੋਂ ਅਧੁਰੇ ਪਏ ਹੋਣ ਕਾਰਨ ਇਥੋਂ ਲੰਘਣ ਸਮੇਂ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੜਕ ਦੀ ਖਸਤਾ ਹਾਲਤ ਕਾਰਨ ਇਥੇ ਅਕਸਰ ਹਾਦਸੇ ਵੀ ਵਾਪਰਦੇ ਰਹਿੰਦੇ ਹਨ। ਕਲੋਨੀ ਨਿਵਾਸੀਆਂ ਨੇ ਦੱਸਿਆ ਕਿ ਇਸ ਸੜਕ ਦੇ ਨਿਮਰਾਣ ਕਾਰਜ ਪੂਰੇ ਕਰਵਾਉਣ ਲਈ ਉਨ੍ਹਾਂ ਵੱਲੋਂ ਲੰਬੇ ਸਮੇਂ ਤੋਂ ਹੀ ਸੰਘਰਸ਼ ਕੀਤਾ ਜਾ ਰਿਹਾ ਹੈ। ਪਰ ਹੁਣ ਤੱਕ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋਈ। ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ ਲੰਘੀਆਂ ਲੋਕ ਸਭਾ ਚੋਣਾਂ ਦੌਰਾਨ ਪੂਰਨ ਬਾਈਕਾਟ ਕਰਕੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਨਾ ਪਾਉਣ ਦਾ ਫੈਸਲਾ ਲਿਆ ਸੀ। ਪਰ ਉਸ ਸਮੇਂ ਵੀ ਪ੍ਰਸ਼ਾਸਨ ਤੇ ਹਲਕਾ ਵਿਧਾਇਕ ਵੱਲੋਂ ਉਨ੍ਹਾਂ ਨੂੰ ਸੜਕ ਦਾ ਨਿਰਮਾਣ ਕਾਰਜ ਜਲਦ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ। ਜਿਨ੍ਹਾਂ ’ਤੇ ਭਰੋਸਾ ਕਰਕੇ ਉਨ੍ਹਾਂ ਆਪਣਾ ਬਾਈਕਾਟ ਦਾ ਫੈਸਲਾ ਤੁਰੰਤ ਵਾਪਸ ਲੈ ਲਿਆ ਸੀ। ਪਰ ਹੁਣ ਇਕ ਸਾਲ ਤੋਂ ਵੀ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਇਥੇ ਸੜਕ ਦੀ ਹਾਲਤ ਪਹਿਲਾਂ ਵਾਂਗ ਹੀ ਤਰਸਯੋਗ ਬਣੀ ਹੋਈ ਹੈ। ਹਲਕਾ ਵਿਧਾਇਕ ’ਤੇ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਭੱਜ ਚੁੱਕੇ ਹਨ ਤੇ ਉਨ੍ਹਾਂ ਦਾ ਸਰਕਾਰ ਤੇ ਪ੍ਰਸ਼ਾਸਨ ਤੋਂ ਭਰੋਸਾ ਖਤਮ ਹੋ ਚੁੱਕਾ ਹੈ। ਜਿਸ ਕਰਕੇ ਉਨ੍ਹਾਂ ਨੂੰ ਹੁਣ ਫਿਰ ਸੰਘਰਸ਼ ਦਾ ਰਾਹ ਅਖਤਿਆਰ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ।
ਇਸ ਮੌਕੇ ਮੌਜੂਦ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਕੌਂਸਲਰ ਹਰਵਿੰਦਰ ਸਿੰਘ ਗੋਲਡੀ ਤੂਰ ਨੇ ਕਿਹਾ ਕਿ ਆਪ ਸਰਕਾਰ ਨੇ ਆਪਣੇ ਪੌਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕੋਈ ਵੀ ਵਿਕਾਸ ਦਾ ਕੰਮ ਨਹੀਂ ਕੀਤਾ ਤੇ ਬਦਲਾਅ ਦੇ ਨਾਮ ’ਤੇ ਆਈ ਇਸ ਸਰਕਾਰ ਦੇ ਕਾਰਜਕਾਲ ਦੌਰਾਨ ਸਿਰਫ ਤੇ ਸਿਰਫ ਇਨ੍ਹਾਂ ਦੇ ਮੰਤਰੀਆਂ ਅਤੇ ਵਿਧਾਇਕਾ ਦੀ ਕਿਸਮਤ ਹੀ ਬਦਲੀ ਹੈ, ਜਦੋਂ ਕਿ ਆਮ ਲੋਕਾਂ ਦੀ ਹਲਤ ਤਰਸਯੋਗ ਬਣੀ ਹੋਈ ਹੈ। ਕਲੋਨੀਆਂ ਦੇ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਸਰਕਾਰ ਨੇ ਇਸ ਸੜਕ ਦੇ ਅਧੁਰੇ ਪਏ ਨਿਰਮਾਣ ਕਾਰਜਾਂ ਨੂੰ ਨੇਪਰੇ ਨਾ ਚੜ੍ਹਾਇਆ ਤਾਂ ਤਿੱਖਾ ਸੰਘਰਸ਼ ਕਰਨਗੇ। ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਵਿਦੇਸ਼ ਗਏ ਹੋਣ ਕਾਰਨ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ। ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਔਜਲਾ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਸੜਕ ’ਤੇ ਰੋੜਾ ਪਹਿਲਾਂ ਹੀ ਪਵਾ ਦਿੱਤਾ ਗਿਆ ਸੀ, ਪਰ ਹੁਣ ਬਾਰਸ਼ਾਂ ਦੇ ਦਿਨ ਹੋਣ ਕਾਰਨ ਲੁੱਕ ਪਲਾਂਟ ਬੰਦ ਪਏ ਹਨ ਤੇ ਸਤੰਬਰ ਮਹੀਨੇ ਵਿਚ ਪਲਾਂਟ ਖੁਲਦਿਆਂ ਹੀ ਸਭ ਤੋਂ ਪਹਿਲਾਂ ਇਸ ਸੜਕ ’ਤੇ ਪ੍ਰੀਮਿਕਸ਼ ਪਵਾ ਕੇ ਕਲੋਨੀ ਨਿਵਾਸੀਆਂ ਦੀ ਪ੍ਰੇਸ਼ਾਨੀ ਖਤਮ ਕਰ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e