ਜ਼ੋਨ ਕੁਤਬਾ ਤੋਂ ਦਵਿੰਦਰ ਸਿੰਘ ਧਨੋਆ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ
Thursday, Dec 04, 2025 - 04:16 PM (IST)
ਮਹਿਲ ਕਲਾਂ (ਹਮੀਦੀ): ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਮੁੱਖ ਸਲਾਹਕਾਰ ਦਵਿੰਦਰ ਸਿੰਘ ਧਨੋਆ ਕੁਤਬਾ ਨੇ ਬਲਾਕ ਸੰਮਤੀ ਦੇ ਜੋਨ ਕੁਤਬਾ ਤੋਂ ਅੱਜ ਮਹਿਲ ਕਲਾਂ ਤਹਿਸੀਲ ਵਿਖੇ ਰਿਟਰਨਿੰਗ ਅਫਸਰ ਐਸ.ਡੀ.ਐਮ ਬੇਅੰਤ ਸਿੰਘ ਸਿੱਧੂ ਅਤੇ ਤਹਿਸੀਲਦਾਰ ਰਵਿੰਦਰ ਸਿੰਘ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਇਸ ਦੌਰਾਨ ਉਹ ਆਪਣੇ ਸਮਰਥਕਾਂ ਦੇ ਇਕ ਵੱਡੇ ਕਾਫਲੇ ਨਾਲ ਤਹਿਸੀਲ ਕੰਪਲੈਕਸ ਪਹੁੰਚੇ।
ਉਮੀਦਵਾਰ ਦਵਿੰਦਰ ਸਿੰਘ ਧਨੋਆ ਕੁਤਬਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਵਿਕਾਸਕਾਰੀ ਕੰਮਾਂ ਦੇ ਆਧਾਰ ’ਤੇ ਰਾਜ ਦੇ ਲੋਕ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਕਾਮਯਾਬ ਕਰਨਗੇ।ਉਹਨਾਂ ਕਿਹਾ ਕਿ ਪਿੰਡ ਲੋਹਗੜ ਅਤੇ ਕੁਤਬਾ ਦੇ ਨਿਵਾਸੀਆਂ ਵੱਲੋਂ ਮਿਲ ਰਿਹਾ ਭਰਪੂਰ ਸਹਿਯੋਗ ਇਹ ਦਰਸਾਂਦਾ ਹੈ ਕਿ ਉਹ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਧਨੋਆ ਨੇ ਉਕਤ ਪਿੰਡਾਂ ਦੇ ਵੋਟਰਾਂ ਨੂੰ 14 ਦਸੰਬਰ ਨੂੰ ਆਪਣੇ ਹੱਕ ਵਿੱਚ ਵੋਟ ਪਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ।ਇਸ ਮੌਕੇ ਉੱਘੇ ਸਮਾਜ ਸੇਵੀ ਕੁਲਵੰਤ ਸਿੰਘ ਲੋਹਗੜ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਿਕੰਦਰ ਸਿੰਘ ਕੁਤਬਾ, ਸਮਾਜ ਸੇਵੀ ਬੇਅੰਤ ਸਿੰਘ ਲੋਹਗੜ ਅਤੇ ਗੁਰਵਿੰਦਰ ਸਿੰਘ ਰਿੰਕੂ ਸਮੇਤ ਕਈ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
