ਸੰਗਰੂਰ ਰੈਲੀ ਹੋਵੇਗੀ ਇਤਿਹਾਸਕ: ਹਰਜੀਤ ਸਿੰਘ ਖ਼ਿਆਲੀ
Monday, Nov 24, 2025 - 05:45 PM (IST)
ਮਹਿਲ ਕਲਾਂ (ਹਮੀਦੀ) – ਭਾਈ ਲਾਲੋ ਪੰਜਾਬੀ ਮੰਚ, ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ, ਲਾਲ ਝੰਡਾ ਮਨਰੇਗਾ ਵਰਕਰ ਯੂਨੀਅਨ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਲੋਹਗੜ੍ਹ, ਮਾਂਗੇਵਾਲ, ਹਮੀਦੀ, ਛੁਹਾਣਕੇ ਖੁਰਦ ਤੇ ਨਰੈਣਗੜ੍ਹ ਸੋਹੀਆਂ ਵਿੱਚ ਲੋਕਾਂ ਦੀ ਵੱਡੀ ਲਾਮਬੰਦੀ ਕੀਤੀ ਗਈ। ਇਸ ਮੌਕੇ ਬੋਲਦਿਆਂ ਸਮਾਜ ਸੇਵੀ ਹਰਜੀਤ ਸਿੰਘ ਖ਼ਿਆਲੀ ਮਹਿਲ ਕਲਾਂ ਨੇ ਕਿਹਾ ਕਿ ਦੇਸ਼ ਦਾ ਹੇਠਲਾ ਵਰਗ ਅੱਜ ਵੀ ਕਈ ਸੰਕਟਾਂ ’ਚ ਜੂਝ ਰਿਹਾ ਹੈ। ਉਹਨਾਂ ਕਿਹਾ ਕਿ ਸਦੀਆਂ ਤੋਂ ਜ਼ੁਲਮ ਦੀ ਚੱਕੀ ਵਿੱਚ ਪਿਸਦੇ ਲੋਕ ਜੇਕਰ ਇਜ਼ਤ ਨਾਲ ਜੀਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਆਤਮਸਹਾਇਤਾ ਤੋਂ ਸ਼ੁਰੂਆਤ ਕਰਨੀ ਪਵੇਗੀ ਅਤੇ ਗ਼ੁਲਾਮੀ ਦੀਆਂ ਬੇੜੀਆਂ ਆਪ ਹੀ ਤੋੜਣੀਆਂ ਪੈਣਗੀਆਂ। ਉਨ੍ਹਾਂ ਜ਼ੋਰ ਦਿੱਤਾ ਕਿ ਸਵੈਮਾਣ ਵਾਲਾ ਜੀਵਨ ਹੀ ਸੱਚਾ ਜੀਵਨ ਹੈ, ਪਰ ਇਸ ਲਈ ਔਕੜਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਮਹਿੰਗਾਈ ਨੇ ਲੋਕਾਂ ਦਾ ਜੀਨਾ ਮੁਸ਼ਕਲ ਕੀਤਾ ਹੋਇਆ ਹੈ।
ਇਸ ਮੌਕੇ ਬਲਾਕ ਆਗੂ ਸਿੰਗਾਰਾ ਸਿੰਘ ਸੋਹੀਆਂ ਅਤੇ ਨੰਬਰਦਾਰ ਜਸਵੰਤ ਸਿੰਘ ਕਲਾਲ ਮਾਜਰਾ ਨੇ ਸਰਕਾਰ ਤੋਂ ਮੰਗ ਕੀਤੀ ਮਜ਼ਦੂਰਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ,ਮਹਿੰਗਾਈ ਮੁਤਾਬਕ ਦਿਹਾੜੀ 700 ਰੁਪਏ ਕੀਤੀ ਜਾਵੇ,ਬੁਢਾਪਾ ਪੈਨਸ਼ਨ 65 ਤੋਂ ਘਟਾ ਕੇ 55 ਸਾਲ ਦੀ ਉਮਰ ਤੋਂ ਸ਼ੁਰੂ ਕੀਤੀ ਜਾਵੇ,ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨ ਘੱਟੋ-ਘੱਟ 10,000 ਰੁਪਏ ਮਹੀਨਾ ਕੀਤੀ ਜਾਵੇ,ਬੇਘਰਾਂ ਨੂੰ 10×10 ਮਰਲੇ ਪਲਾਟ ਦਿੱਤੇ ਜਾਣ,ਬਰਸਾਤਾਂ ਨਾਲ ਖਰਾਬ ਘਰਾਂ ਦਾ ਮੁਆਵਜ਼ਾ ਦਿੱਤਾ ਜਾਵੇ,ਬਿਜਲੀ ਦੇ ਸੋਧ ਬਿੱਲ ਰੱਦ ਕੀਤੇ ਜਾਣ,ਹਸਪਤਾਲਾਂ ਵਿੱਚ ਡਾਕਟਰ ਅਤੇ ਹੋਰ ਸਟਾਫ ਦੀ ਘਾਟ ਪੂਰੀ ਕੀਤੀ ਜਾਵੇ,ਸਕੂਲਾਂ ਵਿੱਚ ਖਾਲੀ ਅਸਾਮੀਆਂ ਭਰੀਆਂ ਜਾਣ,ਹਰ ਪਿੰਡ ਵਿੱਚ 20 ਹਜ਼ਾਰ ਰੁੱਖ ਲਗਾਏ ਜਾਣ.ਉਹਨਾਂ ਨੇ ਕਿਹਾ ਕਿ ਸਰਕਾਰ ਸਿਰਫ ਵੋਟਾਂ ਲਈ ਝੂਠੇ ਵਾਅਦੇ ਨਾ ਕਰੇ। ਜਿਹੇ ਭਗਵੰਤ ਮਾਨ ਸਰਕਾਰ ਨੇ ਮਹਿਲਾਵਾਂ ਨਾਲ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ, ਉਸਨੂੰ ਤੁਰੰਤ ਪੂਰਾ ਕੀਤਾ ਜਾਵੇ। ਬਲਾਕਾਂ ਦੀਆਂ ਨਵੀਆਂ ਹਦਬੰਦੀ ਵਿੱਚ ਪਿੰਡਾਂ ਨੂੰ ਹੋਰਨਾਂ ਬਲਾਕਾਂ ਨਾਲ ਨਾ ਜੋੜਿਆ ਜਾਵੇ। ਹਰਜੀਤ ਖ਼ਿਆਲੀ ਨੇ ਲੋਕਾਂ ਨੂੰ ਛੋਟੀਆਂ ਰਾਹਤਾਂ ਦੀ ਬਜਾਏ ਵੱਡੇ ਪੱਧਰ ’ਤੇ ਇਕਜੁੱਟ ਹੋ ਕੇ ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਵਪਾਰੀਆਂ ਦੇ ਹੱਕਾਂ ਦੀ ਲੜਾਈ ਲੜਨ ਲਈ ਅਪੀਲ ਕੀਤੀ। ਉਹਨਾਂ ਕਿਹਾ ਕਿ ਸਖ਼ਤ ਸੰਘਰਸ਼ ਨਾਲ ਹੀ ਤਾਕਤ, ਵਿਸ਼ਵਾਸ ਅਤੇ ਮਾਨਤਾ ਮਿਲਦੀ ਹੈ। ਇਸ ਸਮਾਗਮ ਦੌਰਾਨ ਨਹਿੰਗ ਦਰਸ਼ਨ ਸਿੰਘ ਸੋਹੀਆਂ, ਲੱਛਮੀ ਕੌਰ, ਮੇਵਾ ਸਿੰਘ, ਮਹਿੰਦਰ ਸਿੰਘ, ਜਗਸੀਰ ਸਿੰਘ, ਬਖਤੌਰ ਸਿੰਘ, ਗੁਰਪ੍ਰੀਤ ਕੌਰ, ਚਰਨਜੀਤ ਕੌਰ, ਬੇਅੰਤ ਕੌਰ, ਅਮਨਦੀਪ ਕੌਰ ਸਮੇਤ ਕਈ ਹੋਰ ਹਾਜ਼ਰ ਸਨ।
