ਪਿੰਡ ਅਮਲਾ ਸਿੰਘ ਵਾਲਾ ਵਿਚ CM ਯੋਗਸ਼ਾਲਾ ਤਹਿਤ ਮੁਫ਼ਤ ਯੋਗਾ ਕਲਾਸਾਂ ਸ਼ੁਰੂ
Monday, Nov 24, 2025 - 11:17 AM (IST)
ਮਹਿਲ ਕਲਾਂ (ਗੁਰਮੁੱਖ ਹਮੀਦੀ) – ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਦੀ ਸਿਹਤ ਸੁਧਾਰ ਅਤੇ ਤੰਦਰੁਸਤ ਪੰਜਾਬ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸ਼ੁਰੂ ਕੀਤੀ ਗਈ ਸੀ.ਐੱਮ. ਯੋਗਸ਼ਾਲਾ ਮੁਹਿੰਮ ਤਹਿਤ ਪਿੰਡ ਅਮਲਾ ਸਿੰਘ ਵਾਲਾ ਵਿੱਚ ਯੋਗਾ ਕਲਾਸਾਂ ਦੀ ਸ਼ੁਰੂਆਤ ਹੋ ਗਈ ਹੈ। ਇਸ ਕਾਰਜਕ੍ਰਮ ਨਾਲ ਪਿੰਡ ਵਾਸੀਆਂ ਵਿੱਚ ਖਾਸ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹਾ ਬਰਨਾਲਾ ਦੀ ਸੁਪਰਵਾਈਜ਼ਰ ਰਛਪਿੰਦਰ ਕੌਰ ਬਰਾੜ ਅਤੇ ਯੋਗਾ ਟ੍ਰੇਨਰ ਵੀਰਵੰਤ ਕੌਰ ਸੰਘੇੜਾ ਨੇ ਦੱਸਿਆ ਕਿ ਪਿੰਡ ਵਿੱਚ ਯੋਗਾ ਕਲਾਸਾਂ ਰੋਜ਼ਾਨਾ ਮੁਫ਼ਤ ਲਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਹਰ ਉਮਰ ਦੇ ਪਿੰਡ ਵਾਸੀ ਵੱਡੇ ਚਾਵ ਨਾਲ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗਾ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਸ਼ਾਂਤੀ ਲਈ ਵੀ ਬਹੁਤ ਲਾਭਦਾਇਕ ਹੈ।
ਯੋਗਾ ਕਰਨ ਨਾਲ ਬਲਡ ਪ੍ਰੈਸ਼ਰ, ਤਣਾਅ, ਮੋਟਾਪੇ ਅਤੇ ਹੋਰ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਵਿੱਚ ਇਸ ਮੁਹਿੰਮ ਲਈ ਵਧੀਆ ਜਜ਼ਬਾ ਦੇਖਣ ਨੂੰ ਮਿਲ ਰਿਹਾ ਹੈ, ਜੋ ਪਿੰਡ ਦੀ ਸਿਹਤਮੰਦ ਵਾਤਾਵਰਣ ਵੱਲ ਇਕ ਮਹੱਤਵਪੂਰਨ ਕਦਮ ਹੈ। ਰਛਪਿੰਦਰ ਕੌਰ ਬਰਾੜ ਅਤੇ ਵੀਰਵੰਤ ਕੌਰ ਨੇ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਯੋਗਾ ਕਲਾਸਾਂ ਵਿੱਚ ਸ਼ਾਮਲ ਹੋ ਕੇ ਇਸ ਲਾਭਕਾਰੀ ਮੁਹਿੰਮ ਦਾ ਫ਼ਾਇਦਾ ਲੈਣ। ਪਿੰਡ ਵਾਸੀਆਂ ਨੇ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਸਿਹਤ ਮੁਹਿੰਮਾਂ ਨਾਲ ਪਿੰਡਾਂ ਵਿੱਚ ਤੰਦਰੁਸਤੀ ਅਤੇ ਜਾਗਰੂਕਤਾ ਵਧ ਰਹੀ ਹੈ।
