ਪਿੰਡ ਗਹਿਲ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਪੁਨੀਤ ਸਿੰਘ ਮਾਨ ਅਤੇ ਨਿਸ਼ਾਨ ਸਿੰਘ ਗਹਿਲ ਨੂੰ ਦਿੱਤਾ ਸਮਰਥਨ
Tuesday, Dec 02, 2025 - 11:11 AM (IST)
ਮਹਿਲ ਕਲਾਂ (ਹਮੀਦੀ): ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀਆਂ ਚਰਚਾਵਾਂ ਵਿਚਕਾਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਅਧੀਨ ਪੈਂਦੇ ਇਤਿਹਾਸਕ ਪਿੰਡ ਗਹਿਲ ਨੇ ਅੱਜ ਉਹ ਮਿਸਾਲ ਕਾਇਮ ਕੀਤੀ, ਜੋ ਕਈ ਪਿੰਡਾਂ ਲਈ ਪ੍ਰੇਰਨਾ ਦਾ ਸਰੋਤ ਬਣ ਸਕਦੀ ਹੈ। ਪਿੰਡ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕਜੁੱਟ ਫ਼ੈਸਲਾ ਲਿਆਂਦੇ ਹੋਏ ਚੋਣ ਮੈਦਾਨ ਲਈ ਕੇਵਲ ਦੋ ਉਮੀਦਵਾਰਾਂ ਨੂੰ ਹੀ ਆਪਣਾ ਸਰਵਸੰਮਤੀ ਸਮਰਥਨ ਦੇਣ ਦਾ ਐਲਾਨ ਕੀਤਾ। ਪਿੰਡ ਦੇ ਸਰਪੰਚ ਬਲਵੀਰ ਸਿੰਘ ਮਾਨ ਦੀ ਅਗਵਾਈ ਹੇਠ ਵੱਡਾ ਸਾਂਝਾ ਇਕੱਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਹਰ ਰਾਜਨੀਤਿਕ ਧੜੇ ਨਾਲ ਸੰਬੰਧਿਤ ਵਰਕਰ, ਨੌਜਵਾਨ, ਮਹਿਲਾਵਾਂ ਅਤੇ ਬਜ਼ੁਰਗਾਂ ਨੇ ਭਾਗ ਲਿਆ। ਇਕੱਠ ਦੌਰਾਨ ਸਭ ਦੀ ਸਹਿਮਤੀ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਜੋਨ ਗਹਿਲ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪੁਨੀਤ ਸਿੰਘ ਮਾਨ ਅਤੇ ਬਲਾਕ ਸੰਮਤੀ ਦੇ ਜੋਨ ਤੋਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਨਿਸਾਨ ਸਿੰਘ ਗਹਿਲ ਨੂੰ ਪਿੰਡ ਪੱਧਰ 'ਤੇ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਦੋਵੇਂ ਉਮੀਦਵਾਰਾਂ ਨੂੰ ਸਿਰੋਪੇ ਭੇਟ ਕਰਕੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਜਿਤਾਉਣ ਦਾ ਵਚਨ ਦਿੱਤਾ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਸਾਉਣ ਸਿੰਘ ਗਹਿਲ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਪ੍ਰਿਤਪਾਲ ਸਿੰਘ ਗਹਿਲ, ਤੇ ਪੰਚ ਜਗਰੂਪ ਸਿੰਘ ਸਿੱਧੂ ਨੇ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ ਨੂੰ ਮੱਦੇਨਜ਼ਰ ਰੱਖਦਿਆਂ ਪਿੰਡ ਵਾਸੀਆਂ ਦਾ ਇਹ ਦੂਰਅੰਦੇਸ਼ੀ ਵਾਲਾ ਫ਼ੈਸਲਾ ਹੈ। ਉਨ੍ਹਾਂ ਸਾਫ਼ ਕੀਤਾ ਕਿ ਪਿੰਡ ਵੱਲੋਂ ਕੋਈ ਹੋਰ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਉਤਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗਹਿਲ ਪਿੰਡ ਹਮੇਸ਼ਾ ਸਾਂਝੇ ਫ਼ੈਸਲੇ, ਵਿਕਾਸਸ਼ੀਲ ਸੋਚ ਅਤੇ ਇਕਤਾ ਲਈ ਜਾਣਿਆ ਜਾਂਦਾ ਹੈ। ਪਿੰਡ ਵਾਸੀਆਂ ਦੇ ਇਸ ਸਰਵਸੰਮਤੀ ਦੇ ਫ਼ੈਸਲੇ ਨਾਲ ਨਾ ਸਿਰਫ਼ ਚੋਣਾਂ ਵਿੱਚ ਸੁਚਾਰੂ ਪ੍ਰਕਿਰਿਆ ਬਣੇਗੀ, ਸਗੋਂ ਪਿੰਡ ਦਾ ਵਿਕਾਸ ਵੀ ਹੋਰ ਤੇਜ਼ ਰਫ਼ਤਾਰ ਨਾਲ ਹੋਵੇਗਾ। ਇਸ ਇਕੱਠ ਦੌਰਾਨ ਪਿੰਡ ਵਾਸੀਆਂ ਵਿੱਚ ਭਾਰਾ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਲੋਕਾਂ ਨੇ ਦੋਵੇਂ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਭਰੋਸਾ ਦਿੱਤਾ।ਇਸ ਮੌਕੇ ਸਾਬਕਾ ਸਰਪੰਚ ਅਮਰਜੀਤ ਸਿੰਘ ਧਾਲੀਵਾਲ, ਜਗਦੇਵ ਸਿੰਘ ਸੰਧੂ, ਦਰਸ਼ਨ ਸਿੰਘ ਮਨਜੀਤ ਸਿੰਘ, ਸਰਹੰਦ ਲੰਗਰ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਗਗਨਦੀਪ ਸਿੰਘ ਗੁਰਜੰਟ ਸਿੰਘ ਧਾਲੀਵਾਲ, ਗੁਰਜਿੰਦਰ ਸਿੰਘ ਮਾਨ ਜਸਵੰਤ ਸਿੰਘ ਮਾਨ ਦਰਸ਼ਨ ਸਿੰਘ ਮਾਨ ਕਿਸਾਨ ਆਗੂ ਕੁਲਵਿੰਦਰ ਸਿੰਘ ਗਹਿਲ, ਪਰਮਿੰਦਰ ਸਿੰਘ ਭੁੱਲਰ ਮਾਸਟਰ ਰੂਪ ਸਿੰਘ ਜਗਤਾਰ ਸਿੰਘ ਅੰਤਪਾਲ ਸਿੰਘ ਟਹਿਲ ਸਿੰਘ ਸੁਰਜਨ ਸਿੰਘ, ਲਖਵਿੰਦਰ ਪਾਲ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਪਤਵੰਤਿਆਂ ਨੇ ਹੱਥ ਖੜੇ ਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਦੋਵਾਂ ਉਮੀਦਵਾਰਾਂ ਨੂੰ ਪਿੰਡ ਤੋਂ ਵੱਡੀ ਲੀਡ ਨਾਲ ਜਿਤਾਉਣ ਦਾ ਫੈਸਲਾ ਲਿਆ।
