ਪੁਰਾਣੀ ਰੰਜਿਸ਼ ਦੇ ਚੱਲਦਿਆਂ ਡਿਊਟੀ ''ਤੇ ਤਾਇਨਾਤ ਗੇਟਮੈਨ ਦੀ ਬੇਰਹਿਮੀ ਨਾਲ ਕੁੱਟਮਾਰ
05/27/2023 6:11:06 PM

ਤਪਾ ਮੰਡੀ (ਸ਼ਾਮ,ਗਰਗ) : ਸਥਾਨਕ ਢਿਲਵਾਂ ਰੇਲਵੇ ਫਾਟਕ ‘ਤੇ ਡਿਊਟੀ ਤਾਇਨਾਤ ਗੇਟ ਮੈਨ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਵਾਲੇ ਖ਼ਿਲਾਫ਼ ਜੀ. ਆਰ. ਪੀ. ਪੁਲਸ ਨੇ 4 ਅਣਪਛਾਤੇ ਵਿਅਕਤੀਆਂ ਸਮੇਤ ਪੰਜ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਗੇਟ ਮੈਨ ਸੰਦੀਪ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਰੇਲਵੇ ਕੁਆਟਰ ਤਪਾ ਨੇ ਦੱਸਿਆ ਕਿ ਬੀਤੀ ਰਾਤ ਉਸ ਦੀ ਡਿਊਟੀ ਗੇਟ ਨੰਬਰ 104 ਸੀ 'ਤੇ ਲੱਗੀ ਹੋਈ ਸੀ। ਸੰਦੀਪ ਸਿੰਘ ਅਨੁਸਾਰ 1 ਵਜੇ ਦੇ ਕਰੀਬ ਸੁਨਾਮ ਦਾ ਲੋਡ ਲੰਘਾਉਣ ਲਈ ਫਾਟਕ ਬੰਦ ਕੀਤਾ ਹੋਇਆ ਸੀ। ਲੋਡ ਲੰਘਣ ਤੋਂ ਬਾਅਦ ਜਦ ਫਾਟਕ ਖੋਲ੍ਹਿਆਂ ਤਾਂ ਦੋਵਾਂ ਪਾਸੇ ਦੇ ਵਹੀਕਲ ਲੰਘ ਰਹੇ ਸਨ। ਇਸ ਦੌਰਾਨ ਹਸਪਤਾਲ ਸਾਈਡ ਤੋਂ ਇੱਕ ਵਹੀਕਲ, ਜੋ ਤਰਬੂਜ ਦਾ ਭਰਿਆ ਹੋਇਆ ਸੀ ਨੇ, ਕਿਹਾ ਕੀ ਤੇਰੇ ਬੱਚੇ ਹਨ ਤਾਂ ਤਰਬੂਜ ਲੈ ਜਾ। ਜਦੋਂ ਉਹ ਤਰਬੂਜ ਲੈ ਕੇ ਅੰਦਰ ਗਿਆ ਤਾਂ 4 ਜਣਿਆਂ, ਜਿਨ੍ਹਾਂ ਨੇ ਆਪਣੇ ਮੂੰਹ ਸਿਰ ਬੰਨ੍ਹੇ ਹੋਏ ਸਨ, ਨੇ ਲੋਹੇ ਦੀਆਂ ਰਾਡਾਂ ਨਾਲ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਡੇਢ ਮਹੀਨੇ ਪਹਿਲਾਂ ਚਾਵਾਂ ਨਾਲ ਕੈਨੇਡਾ ਭੇਜੀ ਨੌਜਵਾਨ ਧੀ ਨਾਲ ਵਾਪਰ ਗਿਆ ਭਾਣਾ
ਇਸ ਦੌਰਾਨ ਜਦੋਂ ਉਸ ਦਾ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀ ਉਸ ਨੂੰ ਧਮਕੀਆਂ ਦੇ ਕੇ ਫ਼ਰਾਰ ਹੋ ਗਏ। ਉਸ ਨੇ ਇਸ ਘਟਨਾ ਦੀ ਸੂਚਨਾ ਤੁਰੰਤ ਸਟੇਸ਼ਨ ਮਾਸਟਰ ਨੂੰ ਦਿੱਤੀ, ਜਿਨ੍ਹਾਂ ਮੌਕੇ 'ਤੇ ਪਹੁੰਚ ਕੇ ਸੰਦੀਪ ਸਿੰਘ ਨੂੰ ਸਿਵਲ ਹਸਪਤਾਲ ਤਪਾ ਦਾਖ਼ਲ ਕਰਵਾਇਆ। ਉਸ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅੰਜਾਮ ਦਿੱਤਾ ਗਿਆ ਹੈ ਕਿਉਂਕਿ ਲਗਭਗ ਇੱਕ ਮਹੀਨਾਂ ਪਹਿਲਾਂ ਗ਼ਲਤ ਹਰਕਤਾਂ ਕਰਨ ਦੇ ਵਿਰੋਧ ‘ਚ ਉਸ ਨੇ ਗੁਆਂਢੀ ਕੁਆਟਰ ਵਾਲੇ ਖ਼ਿਲਾਫ਼ ਪੁਲਸ ਨੂੰ ਦਰਖ਼ਾਸਤ ਦਿੱਤੀ ਸੀ, ਜਿਸ ਕਾਰਨ ਉਸ ਦੀ ਸਹਿ 'ਤੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਜੀ. ਆਰ. ਪੀ ਪੁਲਸ ਬਰਨਾਲਾ ਨੂੰ ਦਿੱਤੀ ਗਈ, ਜਿਨ੍ਹਾਂ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਦੀ ਅਗਵਾਈ ‘ਚ ਪੁੱਜੀ ਪੁਲਸ ਪਾਰਟੀ ਨੇ ਜ਼ਖ਼ਮੀ ਸੰਦੀਪ ਸਿੰਘ ਦੇ ਬਿਆਨਾਂ 'ਤੇ ਸੰਜੇ ਭਾਰਤੀ ਅਤੇ 4 ਅਣਪਛਾਤਿਆਂ ਸਮੇਤ 5 ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ 2 ਘਰਾਂ 'ਚ ਪੁਆਏ ਵੈਣ, ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ 'ਚ ਗਈ ਜਾਨ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।