ਭਿਆਨਕ ਹਾਦਸੇ ''ਚ 65 ਸਾਲਾਂ ਬਜ਼ੁਰਗ ਦੀ ਮੋਤ
Thursday, Jun 20, 2024 - 03:30 PM (IST)

ਤਪਾ ਮੰਡੀ (ਸ਼ਾਮ,ਗਰਗ) : ਤਪਾ-ਭਦੋੜ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਸਕੂਲ ਅੱਗੇ ਇਕ ਕਾਰ ਹਾਦਸੇ 'ਚ 65 ਸਾਲਾ ਆਜੜੀ ਦੀ ਮੋਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ 'ਚ ਹਾਜ਼ਰ ਮ੍ਰਿਤਕ ਦੇ ਪੁੱਤਰ ਬੇਅੰਤ ਸਿੰਘ ਨੇ ਦੱਸਿਆ ਕਿ ਮੇਰਾ ਪਿਤਾ ਨਛੱਤਰ ਸਿੰਘ (65) ਪੁੱਤਰ ਸੁੰਦਰ ਸਿੰਘ ਵਾਸੀ ਮੋੜ ਮਕਸੂਥਾ ਹਰ ਰੋਜ਼ ਦੀ ਤਰ੍ਹਾਂ ਤਪਾ-ਆਲੀਕੇ-ਜੈਮਲਸਿੰਘ ਪਿੰਡਾਂ ਕੋਲ ਬੱਕਰੀਆਂ ਚਾਰ ਰਿਹਾ ਸੀ ਤਾਂ ਆਲੀਕੇ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਆਪਣੀ ਲਪੇਟ 'ਚ ਲੈਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ।
ਕਾਰ ਚਾਲਕ ਨੇ ਹੀ ਜ਼ਖਮੀ ਨਛੱਤਰ ਸਿੰਘ ਨੂੰ ਮੁੱਢਲੀ ਸਹਾਇਤਾ ਲਈ ਸਿਵਲ ਹਸਪਤਾਲ ਤਪਾ 'ਚ ਭਰਤੀ ਕਰਵਾਇਆ ਪਰ ਡਾਕਟਰਾਂ ਨੇ ਗੰਭੀਰ ਹਾਲਤ 'ਚ ਜ਼ਖਮੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਹਾਦਸੇ ਦਾ ਪਤਾ ਲੱਗਦੇ ਹੀ ਪਰਿਵਾਰਿਕ ਅਤੇ ਪਿੰਡ ਵਾਸੀ ਵੱਡੀ ਗਿਣਤੀ 'ਚ ਹਸਪਤਾਲ 'ਚ ਪਹੁੰਚ ਗਏ। ਡਾਕਟਰਾਂ ਦੀ ਟੀਮ ਨੇ ਐੱਮ.ਐੱਲ.ਸੀ ਕੱਟ ਕੇ ਪੁਲਸ ਸਟੇਸ਼ਨ 'ਚ ਭੇਜ ਦਿੱਤੀ ਹੈ। ਪੁਲਸ ਨੇ ਅਗਲੇਰੀ ਕਾਰਵਾਈ ਕਰਦਿਆਂ ਲਾਸ਼ ਨੂੰ ਮੋਰਚਰੀ ਰੂਮ ਬਰਨਾਲਾ ਭੇਜ ਦਿੱਤਾ ਹੈ। ਮ੍ਰਿਤਕ ਅਪਣੇ ਪਿੱਛੇ 2 ਲੜਕੀਆਂ ਅਤੇ ਲੜਕਾ ਛੱਡ ਗਿਆ ਹੈ।