ਠੱਗੀ ਦਾ ਨਵਾਂ ਤਰੀਕਾ, ਨੋਟ ਦੇਖਣ ਦੇ ਬਹਾਨੇ ਦੁਕਾਨਦਾਰ ਤੋਂ ਹਜ਼ਾਰਾਂ ਰੁਪਏ ਠੱਗ ਕੇ ਫ਼ਰਾਰ ਹੋਏ 2 ਨੌਸਰਬਾਜ਼
Monday, Sep 12, 2022 - 07:51 PM (IST)
ਭਵਾਨੀਗੜ੍ਹ (ਵਿਕਾਸ) : ਸ਼ਾਤਿਰ ਠੱਗ ਅੱਜਕਲ੍ਹ ਭੋਲੇ ਭਾਲੇ ਲੋਕਾਂ ਨੂੰ ਨਵੇਂ-ਨਵੇਂ ਢੰਗ ਤਰੀਕਿਆਂ ਨਾਲ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਭਵਾਨੀਗੜ੍ਹ ਤੋਂ ਸਾਹਮਣੇ ਆਇਆ ਜਦੋਂ 2 ਨੌਸਰਬਾਜ਼ ਵਿਅਕਤੀ ਆਪਣੀਆਂ ਗੱਲਾਂ 'ਚ ਉਲਝਾ ਕੇ ਦੁਕਾਨਾਦਾਰ ਕੋਲੋਂ ਹਜ਼ਾਰਾਂ ਰੁਪਏ ਲੈ ਕੇ ਚੱਲਦੇ ਬਣੇ। ਇਸ ਸਬੰਧੀ ਸਥਾਨਕ ਪੁਰਾਣੇ ਬੱਸ ਅੱਡੇ 'ਤੇ ਮਠਿਆਈਆਂ ਦੀ ਦੁਕਾਨ ਕਰਦੇ ਦੀਪਕ ਕੁਮਾਰ ਨੇ ਦੱਸਿਆ ਕਿ ਲੰਘੇ ਐਤਵਾਰ ਜਦੋਂ ਉਸਦੇ ਪਿਤਾ ਸੱਤਪਾਲ ਗਰਗ ਦੁਕਾਨ 'ਤੇ ਬੈਠੇ ਸਨ ਤਾਂ 2 ਮੋਨੇ ਵਿਅਕਤੀ ਉਨ੍ਹਾਂ ਦੀ ਦੁਕਾਨ 'ਤੇ ਆਏ ਜਿਨ੍ਹਾਂ 'ਚੋਂ ਇੱਕ ਵਿਅਕਤੀ ਦੇ ਦਾੜੀ ਤੇ ਬਾਲ ਹਲਕੇ ਭੂਰੇ ਸਨ ਜੋ ਦੇਖਣ ਨੂੰ ਵਿਦੇਸ਼ੀ ਲੱਗਦਾ ਸੀ ਨੇ ਚਾਕਲੇਟ ਲੈਣ ਉਪਰੰਤ ਬਹਾਨੇ ਨਾਲ ਉਸਦੇ ਪਿਤਾ ਨਾਲ ਭਾਰਤੀ ਕਰੰਸੀ ਬਾਰੇ ਗੱਲਾਂਬਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ : ਬਟਾਲਾ ਪੁਲਸ ਵੱਲੋਂ ਦੇਸੀ ਪਿਸਤੌਲ ਤੇ ਚੋਰੀ ਦੇ ਮੋਟਰਸਾਈਕਲ ਸਮੇਤ 3 ਕਾਬੂ, ਇਸ ਗੈਂਗਸਟਰ ਲਈ ਕਰਦੇ ਸਨ ਕੰਮ
ਵਿਅਕਤੀ ਨੇ ਉਸਦੇ ਪਿਤਾ ਨੂੰ ਭਾਰਤੀ ਕਰੰਸੀ ਦੇ ਵੱਖ-ਵੱਖ ਨੋਟ ਦਿਖਾਉਣ ਸਬੰਧੀ ਕਿਹਾ। ਉਸ ਦੀਆਂ ਗੱਲਾਂ 'ਚ ਆ ਕੇ ਉਸਦੇ ਪਿਤਾ ਨੇ ਗੱਲੇ 'ਚ ਪਏ ਨੋਟ ਉਕਤ ਵਿਅਕਤੀ ਨੂੰ ਦਿਖਾਉਣੇ ਸ਼ੁਰੂ ਕਰ ਦਿੱਤੇ ਤਾਂ ਇਸ ਦੌਰਾਨ ਠੱਗ ਵਿਅਕਤੀ ਨੇ ਗੱਲਾਂ ਕਰਦੇ ਸਮੇਂ 13 ਤੋਂ 15 ਹਜ਼ਾਰ ਰੁਪਏ ਦੇ ਨੋਟ ਬੜੀ ਚਲਾਕੀ ਨਾਲ ਜੇਬ 'ਚ ਪਾ ਲਏ ਜਿਸ ਬਾਰੇ ਦੁਕਾਨਦਾਰ ਨੂੰ ਉਸ ਸਮੇਂ ਕੁੱਝ ਵੀ ਪਤਾ ਨਹੀਂ ਚੱਲਿਆ ਤੇ ਬਾਅਦ ਵਿੱਚ ਉਕਤ ਨੌਸਰਬਾਜ਼ ਵਿਅਕਤੀ ਨੇ ਦੁਕਾਨਦਾਰ ਨੂੰ ਭਾਰਤੀ ਸਿੱਕੇ ਵਗੈਰਾ ਵੀ ਦਿਖਾਉਣ ਨੂੰ ਕਿਹਾ ਤੇ ਉੱਥੋਂ ਖਿਸਕ ਗਏ।
ਦੁਕਾਨਦਾਰ ਦੇ ਲੜਕੇ ਦੀਪਕ ਨੇ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਕੀਤੀ ਠੱਗੀ ਦਾ ਪਤਾ ਉਨ੍ਹਾਂ ਨੂੰ ਦੁਕਾਨ ਬੰਦ ਕਰਨ ਸਮੇਂ ਲੱਗਿਆ ਜਦੋਂ ਗੱਲੇ 'ਚ ਪਈ ਨਕਦੀ ਘੱਟ ਨਿਕਲੀ ਤਾਂ ਸ਼ੱਕ ਪੈਣ 'ਤੇ ਤੁਰੰਤ ਉਨ੍ਹਾਂ ਨੇ ਆਪਣੀ ਦੁਕਾਨ 'ਤੇ ਲੱਗੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਚੈੱਕ ਕੀਤੀ, ਜਿਸ ਵਿੱਚ ਸਾਫ ਦਿਖਾਈ ਦਿੱਤਾ ਕਿ ਦੁਪਹਿਰ ਸਮੇੰ ਦੁਕਾਨ 'ਤੇ ਆਏ ਦੋ ਨੌਸਰਬਾਜ ਗੱਲਾਂ 'ਚ ਲਗਾ ਕੇ ਉਸਦੇ ਪਿਤਾ ਤੋਂ ਨਕਦੀ ਠੱਗ ਕੇ ਲੈ ਗਏ। ਓਧਰ, ਸ਼ਹਿਰ 'ਚ ਦੁਕਾਨਾਦਾਰ ਨੂੰ ਠੱਗਣ ਲਈ ਨੌਸਰਬਾਜਾਂ ਵੱਲੋਂ ਅਪਣਾਏ ਨਵੇਂ ਢੰਗ ਤਰੀਕੇ ਦੀ ਕਾਫੀ ਚਰਚਾ ਹੋ ਰਹੀ ਉੱਥੇ ਹੀ ਲੋਕ ਹੈਰਾਨੀ ਵੀ ਪ੍ਰਗਟ ਕਰ ਰਹੇ ਹਨ।
ਇਹ ਵੀ ਪੜ੍ਹੋ : ਲੁਧਿਆਣਾ ਵਿਖੇ ਦੋ ਗੁੱਟਾਂ 'ਚ ਹੋਈ ਤਕਰਾਰ ਮਗਰੋਂ ਚਲੀਆਂ ਗੋਲੀਆਂ, ਮਾਮਲੇ ਦੀ ਜਾਂਚ 'ਚ ਜੁਟੀ ਪੁਲਸ