ਪੰਜਾਬ ਸਰਕਾਰ ਗਰੀਬ ਕਿਸਾਨਾਂ ਦੀ ਫੜੇ ਬਾਂਹ : ਜੈ ਕ੍ਰਿਸ਼ਨ ਰੌਡ਼ੀ

02/16/2019 4:47:35 AM

ਰੋਪੜ (ਬ੍ਰਹਮਪੁਰੀ)- ਪੰਜਾਬ ਵਿਧਾਨ ਸਭਾ ਦੇ ਮੌਜੂਦਾ ਬਜਟ ਸੈਸ਼ਨ ਵਿਚ ਹਲਕਾ ਗਡ਼੍ਹਸ਼ੰਕਰ ਤੋਂ ਆਪ ਵਿਧਾਇਕ ਚੌਧਰੀ ਜੈ ਕ੍ਰਿਸ਼ਨ ਸਿੰਘ ਰੌਡ਼ੀ ਵਲੋਂ ਪੁੱਛੇ ਪ੍ਰਸ਼ਨ ਦੇ ਜਵਾਬ ’ਚ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਕਿ ਮੌਜੂਦਾ ਸਰਕਾਰ ਵਲੋਂ 2018-19 ਵਿਚ ਕੰਢੀ ਖੇਤਰ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਣ ਲਈ ਇਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜੋ ਸਮੂਹ ਕੰਢੀ ਖੇਤਰ ਵਿਚ ਲਾਗੂ ਹੈ।ਜਿਸ ਰਾਹੀਂ ਹੁਸ਼ਿਆਰਪੁਰ ਜ਼ਿਲੇ ਵਿਚ ਕਿਸਾਨਾਂ ਵਲੋਂ ਆਪਣੇ ਖੇਤਾਂ ਦੁਆਲੇ ਫੈਂਸਿੰਗ ਕਰਾਉਣ ਉੱਤੇ 50% ਸਬਸਿਡੀ ਦਿੱਤੀ ਜਾਂਦੀ ਹੈ ਤੋਂ ਸੰਤੁਸ਼ਟ ਨਾ ਹੁੰਦਿਆਂ ਵਿਧਾਇਕ ਰੌਡ਼ੀ ਵਲੋਂ ਕੀਤੇ ਗਏ ਸਵਾਲ ਕਿ ਸਮਰੱਥ ਕਿਸਾਨ ਤਾਂ ਫੈਂਸਿੰਗ ਕਰਵਾ ਰਹੇ ਹਨ ਤੇ ਸਬਸਿਡੀ ਵੀ ਲੈ ਰਹੇ ਹਨ ਪਰ ਜੋ ਗਰੀਬ ਕਿਸਾਨ ਹਨ ਉਨ੍ਹਾਂ ਦਾ ਕੀ ਕਸੂਰ ਹੈ ਕਿ ਉਨ੍ਹਾਂ ਲਈ ਕੋਈ ਪ੍ਰਬੰਧ ਨਹੀਂ ਹੈ? ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਮੌਜੂਦਾ ਸਮੇਂ 563 ਕਿਸਾਨਾਂ ਨੂੰ ਕੰਢੀ ਖੇਤਰ ਵਿਚ ਸਬਸਿਡੀ ਦਿੱਤੀ ਗਈ ਹੈ ਜਿਸ ਅਨੁਸਾਰ 104 ਦਸੂਹਾ, 99 ਹੁਸ਼ਿਆਰਪੁਰ, 140 ਗਡ਼੍ਹਸ਼ੰਕਰ, 70 ਰੂਪਨਗਰ, 74 ਪਠਾਨਕੋਟ ਅਤੇ 70 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਕਿਸਾਨ ਸ਼ਾਮਲ ਹਨ ਪਰ ਰੌਡ਼ੀ ਸਾਹਿਬ ਦੇ ਸਵਾਲ ਕਿ ਜੋ ਕਿਸਾਨ ਫੈਂਸਿੰਗ ਕਰਵਾਉਣ ਦੇ ਸਮਰੱਥ ਨਹੀਂ ਹਨ, ਸਬੰਧੀ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਸਬੰਧੀ ਵੀ ਜਲਦ ਹੀ ਵਿਚਾਰ ਕਰ ਕੇ ਫੈਸਲਾ ਲੈ ਲਿਆ ਜਾਵੇਗਾ। ਇਸ ਸਬੰਧੀ ਵਿਧਾਇਕ ਰੌਡ਼ੀ ਵਲੋਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਗਰੀਬ ਕਿਸਾਨਾਂ ਦੀ ਬਾਂਹ ਫਡ਼ਨਾ ਮੌਜੂਦਾ ਸਮੇਂ ਦੀ ਮੰਗ ਹੈ ਜਿਸ ਦੀ ਪੂਰਤੀ ਨਾਲ਼ ਕੰਢੀ ਖੇਤਰ ਦੇ ਕਿਸਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਵੱਡੀ ਰਾਹਤ ਮਿਲੇਗੀ।


Related News