ਫਰਜ਼ੀ ਅਧਿਕਾਰੀਆਂ ਦਾ ਵਧਦਾ ਜਾਲ, ਹੁਣ ਫੜੇ ਗਏ ਨਕਲੀ ਕਸਟਮ ਅਧਿਕਾਰੀ
Wednesday, Apr 10, 2024 - 02:56 AM (IST)
ਹੁਣ ਤੱਕ ਤਾਂ ਦੇਸ਼ ’ਚ ਨਕਲੀ ਖਾਧ ਪਦਾਰਥਾਂ ਆਦਿ ਦੀ ਗੱਲ ਹੀ ਸੁਣੀ ਜਾਂਦੀ ਸੀ, ਪਰ ਹੁਣ ਨਕਲੀ ਦੀ ਇਹ ਬੀਮਾਰੀ ਉੱਚ ਸਰਕਾਰੀ ਅਹੁਦਿਆਂ ਤੱਕ ਪਹੁੰਚਦੀ ਜਾ ਰਹੀ ਹੈ।
ਪਿਛਲੇ ਕੁਝ ਸਮੇਂ ਦੌਰਾਨ ਨਕਲੀ ਆਈ.ਏ.ਐੱਸ. ਅਧਿਕਾਰੀਆਂ, ਨਕਲੀ ਪੀ.ਐੱਮ.ਓ. ਦੇ ਅਧਿਕਾਰੀਆਂ ਅਤੇ ਪੁਲਸ ਅਧਿਕਾਰੀਆਂ ਆਦਿ ਦੇ ਮਾਮਲੇ ਸਾਹਮਣੇ ਆਏ ਅਤੇ ਹੁਣ ਨਕਲੀ ਕਸਟਮ ਅਧਿਕਾਰੀ ਬਣ ਕੇ ਦਿੱਲੀ ਸਥਿਤ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਸ਼ੈਤਾਨਾਂ ਵਲੋਂ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸੇ ਸਿਲਸਿਲੇ ’ਚ ਖੁਦ ਨੂੰ ਕਸਟਮ ਅਧਿਕਾਰੀ ਦੱਸ ਕੇ ਸੈਲਾਨੀਆਂ ਨੂੰ ਠੱਗਣ ਵਾਲੇ 4 ਲੋਕਾਂ ਨੂੰ ਦਿੱਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ’ਚ ਵੱਖ-ਵੱਖ ਸਥਾਨਾਂ ’ਤੇ ਛਾਪੇ ਮਾਰ ਕੇ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਡਿਪਟੀ ਕਮਿਸ਼ਨਰ ਆਫ ਪੁਲਸ (ਆਈ.ਜੀ.ਆਈ. ਏਅਰਪੋਰਟ) ਊਸ਼ਾ ਰੰਗਨਾਨੀ ਅਨੁਸਾਰ ਚਾਰੋਂ ਦੋਸ਼ੀ ਯਾਤਰੀਆਂ ਨੂੰ ਪਾਰਕਿੰਗ ਖੇਤਰ ਜਾਂ ਅਰਾਈਵਲ ਗੇਟਾਂ ਨੇੜੇ ਰੋਕ ਕੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ।
ਸਾਊਦੀ ਅਰਬ ਤੋਂ ਆਏ ਇਕ 50 ਸਾਲਾ ਸੈਲਾਨੀ ਵਲੋਂ ਸ਼ਿਕਾਇਤ ਕਰਨ ’ਤੇ ਇਹ ਮਾਮਲਾ ਬੀਤੇ ਬੁੱਧਵਾਰ ਨੂੰ ਰੋਸ਼ਨੀ ’ਚ ਆਇਆ। ਉਸ ਦੇ ਟਰਮੀਨਲ 3 ਦੀ ਬਿਲਡਿੰਗ ’ਚੋਂ ਬਾਹਰ ਨਿਕਲਦਿਆਂ ਹੀ ਚਾਰੋਂ ਉਸ ਨੂੰ ਘੇਰ ਕੇ ਪਾਰਕਿੰਗ ਖੇਤਰ ’ਚ ਲੈ ਗਏ ਅਤੇ ਤਲਾਸ਼ੀ ਲੈਣ ਦੇ ਬਹਾਨੇ ਉਸ ਦੇ ਸਾਮਾਨ ’ਚੋਂ ਸੋਨਾ ਕੱਢ ਕੇ ਉਸ ’ਤੇ ਸਮੱਗਲਿੰਗ ਦਾ ਦੋਸ਼ ਲਾ ਦਿੱਤਾ।
ਇਸ ਪਿੱਛੋਂ ਉਕਤ ਸੈਲਾਨੀ ਨੂੰ ਦਵਾਰਕਾ ਸੈਕਟਰ-21 ਦੇ ਮੈਟਰੋ ਸਟੇਸ਼ਨ ’ਤੇ ਲਿਜਾ ਕੇ ਸ਼ੈਤਾਨਾਂ ਨੇ ਉਸ ਦੀ ਨਕਦ ਰਾਸ਼ੀ (ਰਿਆਲ), 2 ਮੋਬਾਈਲ ਫੋਨ, ਪਾਸਪੋਰਟ ਅਤੇ ਹੋਰ ਕੀਮਤੀ ਵਸਤੂਆਂ ਲੈ ਲਈਆਂ। ਪੀੜਤ ਦੀ ਸ਼ਿਕਾਇਤ ’ਤੇ ਜਾਂਚ ਕਰਨ ਪਿੱਛੋਂ ਪੁਲਸ ਨੇ ਜੈਪੁਰ ਤੋਂ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਿਸ ਪਿੱਛੋਂ ਵੱਖ-ਵੱਖ ਸਥਾਨਾਂ ਤੋਂ 3 ਹੋਰ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ।
ਉਪਰੋਕਤ ਉਦਾਹਰਣ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਜਾਲਸਾਜ਼ੀ ਦੀ ਬੁਰਾਈ ਕਿਸ ਕਦਰ ਵਧ ਰਹੀ ਹੈ। ਇਸ ਲਈ ਦੇਸ਼ ਵਿਰੋਧੀ ਤੱਤਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਇਨ੍ਹਾਂ ਵਲੋਂ ਝੂਠ ਅਤੇ ਜਾਲਸਾਜ਼ੀ ਦਾ ਸਹਾਰਾ ਲੈ ਕੇ ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਧੋਖੇ ਨਾਲ ਲੁੱਟਣ ’ਤੇ ਰੋਕ ਲੱਗੇ ਅਤੇ ਦੇਸ਼ ਦੀ ਬਦਨਾਮੀ ਰੁਕੇ।
-ਵਿਜੇ ਕੁਮਾਰ