ਪਰਿਵਾਰ ਦੇ ਝਗੜੇ ਨੇ ਧਾਰਿਆ ਭਿਆਨਕ ਰੂਪ, ਅਪਾਹਜ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Thursday, Dec 07, 2017 - 02:41 PM (IST)

ਪਰਿਵਾਰ ਦੇ ਝਗੜੇ ਨੇ ਧਾਰਿਆ ਭਿਆਨਕ ਰੂਪ, ਅਪਾਹਜ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਜਲਾਲਾਬਾਦ (ਸੇਤੀਆ) : ਸਥਾਨਕ ਰੇਲਵੇ ਰੋਡ 'ਤੇ ਬੀਤੀ ਰਾਤ ਕਰੀਬ 8 ਵਜੇ ਪਰਿਵਾਰਿਕ ਝਗੜੇ ਨੇ ਅਜਿਹਾ ਰੂਪ ਧਾਰਣ ਕੀਤਾ ਕਿ ਇਸ ਘਟਨਾ ਵਿੱਚ ਅਪਾਹਜ ਭਾਣਜੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਧਰ ਪੁਲਸ ਨੇ ਮ੍ਰਿਤਕ ਅਸ਼ਵਨੀ ਨਾਰੰਗ (ਕਾਲੀ) ਦੀ ਪਤਨੀ ਰੇਣੂ ਬਾਲਾ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਰੇਣੂ ਬਾਲਾ, ਬੇਟਾ ਐਰਿਸ਼ ਅਤੇ ਬੇਟੀ ਸੰਜੋਲੀ ਛੱਡ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਅਸ਼ਵਨੀ ਨਾਰੰਗ ਪਹਿਲਾਂ ਕਬਾੜ ਦਾ ਕੰਮ ਕਰਦਾ ਸੀ ਅਤੇ ਬਾਅਦ ਵਿੱਚ ਉਸ ਨੇ ਫਰਨੀਚਰ ਦਾ ਕੰਮ ਕੀਤਾ ਹੋਇਆ ਸੀ ਪਰ ਮਾਮੇ ਅਤੇ ਭਾਣਜੇ ਵਿਚਕਾਰ ਅਕਸਰ ਕੰਮ ਕਾਜ ਨੂੰ ਲੈ ਕੇ ਵਿਵਾਦ ਰਹਿੰਦਾ ਸੀ ਅਤੇ ਇਸੇ ਵਿਵਾਦ ਦੇ ਚੱਲਦਿਆਂ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਮਾਂ ਰਾਜ ਰਾਣੀ ਨੇ ਦੱਸਿਆ ਕਿ ਬੀਤੀ ਸ਼ਾਮ ਦਰਜਨ ਤੋਂ ਵੱਧ ਲੋਕ ਉਸ ਦੇ ਘਰ ਵਿੱਚ ਆਏ ਅਤੇ ਆਉਂਦਿਆਂ ਹੀ ਤੋੜ-ਫੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਉਸ ਦਾ ਬੇਟਾ ਬਾਹਰ ਆਇਆ ਤਾਂ ਉਨ੍ਹਾਂ ਨੇ ਮਿਲਕੇ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਹੀ ਨਹੀਂ ਉਸ ਨਾਲ ਵੀ ਕੁੱਟਮਾਰ ਕੀਤੀ ਗਈ, ਜਿਸ ਦੌਰਾਨ ਉਹ ਜ਼ਖਮੀ ਹੋ ਗਈ। ਗੰਭੀਰ ਰੂਪ ਵਿੱਚ ਜਖਮੀ ਅਸ਼ਵਨੀ ਨਾਰੰਗ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਨਾਜ਼ੁਕ ਹਾਲਤ ਦੇਖਦਿਆਂ ਹੋਇਆ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਧਰ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਪ੍ਰਭਾਰੀ ਅਭਿਨਵ ਚੌਹਾਨ ਨੇ ਦੱਸਿਆ ਸਿਵਿਲ ਹਸਪਤਾਲ 'ਚ ਲੜਾਈ ਝਗੜੇ ਦੀ ਐੱਮ. ਐੱਲ.ਆਰ. ਮਿਲਣ ਤੋਂ ਬਾਅਦ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮਿਲੀ ਹੈ ਕਿ ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਤਨੀ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।


Related News