ਕੁਝ ਪੈਸਿਆਂ ਬਦਲੇ ਨੌਜਵਾਨ ਦਾ ਕਤਲ, ਪਛਾਣ ਨਾ ਹੋਵੇ ਚਿਹਰਾ ਵਿਗਾੜਿਆ, ਹੱਥ ਵੱਢੇ
Saturday, Jan 18, 2020 - 06:41 PM (IST)
ਜਗਰਾਓਂ (ਰਾਜ ਬੱਬਰ) : ਇਥੋਂ ਦੇ ਡਿਸਪੋਜਲ ਰੋਡ ਦੇ ਰਹਿਣ ਵਾਲੇ ਵਿਪਨ ਕੁਮਾਰ ਨਾਮਕ ਨੌਜਵਾਨ ਦਾ ਮਹਿਜ਼ 9 ਹਜ਼ਾਰ ਰੁਪਏ ਬਦਲੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਵਿਪਨ ਪੇਂਟ ਦਾ ਕੰਮ ਕਰਦਾ ਸੀ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਮੁਲਜ਼ਮ ਹਰਿੰਦਰ ਕੁਮਾਰ ਨਾਲ ਉਸ ਦਾ 9 ਹਜ਼ਾਰ ਰੁਪਏ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਮ੍ਰਿਤਕ ਵਿਪਨ ਪਰਸੋਂ ਆਪਣੇ ਘਰੋਂ ਕੰਮ ਲਈ ਗਿਆ ਪਰ ਬਾਅਦ ਵਿਚ ਲਾਪਤਾ ਹੋ ਗਿਆ। ਜਿਸ ਤੋਂ ਬਾਅਦ ਪਰਿਵਾਰ ਵਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
ਕਾਤਲ ਨੇ ਵਿਪਨ ਦੇ ਦੋਵੇਂ ਹੱਥ ਵੀ ਵੱਢ ਦਿੱਤੇ ਅਤੇ ਚਿਹਰੇ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਪੁਲਸ ਮੁਤਾਬਕ ਕਾਤਲ ਵਲੋਂ ਵਿਪਨ ਦੀ ਲਾਸ਼ ਦੀ ਇਸ ਕਦਰ ਵੱਢ ਟੁੱਕ ਕੀਤੀ ਗਈ ਤਾਂ ਜੋ ਉਸ ਦੀ ਪਛਾਣ ਨਾ ਹੋ ਸਕੇ। ਮਾਮਲਾ ਉਸ ਸਮੇਂ ਉਜਾਗਰ ਹੋਇਆ ਜਦੋਂ ਪਰਿਵਾਰ ਵਲੋਂ ਜਗਰਾਓਂ ਥਾਣੇ ਦਾ ਘਿਰਾਓ ਕੀਤਾ ਗਿਆ ਤਾਂ ਪੁਲਸ ਨੇ ਪਰਿਵਾਰ ਦੇ ਬਿਆਨਾਂ 'ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ, ਜਦੋਂ ਪੁਲਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਕਤ ਨੇ ਮੰਨ ਲਿਆ ਕਿ ਉਸ ਨੇ ਹੀ 9 ਹਜ਼ਾਰ ਰੁਪਏ ਬਦਲੇ ਵਿਪਨ ਦਾ ਕਤਲ ਕੀਤਾ ਹੈ। ਫਿਲਹਾਲ ਪੁਲਸ ਵਲੋਂ ਮੁਲਜ਼ਮ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।