ਮਾਛੀਵਾੜਾ ਦਾ ਨੌਜਵਾਨ ਲਿੰਗ ਪਰਿਵਰਤਨ ਕਰਵਾ ਬਣਿਆ ਨਕਲੀ ਕਿੰਨਰ, ਆਪਣੇ ਗੁਰੂ ''ਤੇ ਲਾਏ ਗੰਭੀਰ ਦੋਸ਼

Saturday, Feb 26, 2022 - 02:25 PM (IST)

ਮਾਛੀਵਾੜਾ ਦਾ ਨੌਜਵਾਨ ਲਿੰਗ ਪਰਿਵਰਤਨ ਕਰਵਾ ਬਣਿਆ ਨਕਲੀ ਕਿੰਨਰ, ਆਪਣੇ ਗੁਰੂ ''ਤੇ ਲਾਏ ਗੰਭੀਰ ਦੋਸ਼

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਦਾ ਨੌਜਵਾਨ ਜੋ ਕਿ ਇਸ ਸਮੇਂ ਕੁਹਾੜਾ ਵਿਖੇ ਰਹਿੰਦਾ ਹੈ, ਉਹ ਲਿੰਗ ਪਰਿਵਰਤਨ ਕਰਵਾ ਕੇ ਨਕਲੀ ਕਿੰਨਰ ਤਾਂ ਬਣ ਗਿਆ ਪਰ ਹੁਣ ਉਸ ਨੇ ਆਪਣੇ ਹੀ ਗੁਰੂ ਜੋਤੀ ਮਹੰਤ ’ਤੇ ਦੋਸ਼ ਲਗਾਏ ਕਿ ਉਸ ਨੂੰ ਜ਼ਬਰੀ ਕਿੰਨਰ ਬਣਾਇਆ ਗਿਆ ਹੈ। ਨਾਲ ਹੀ ਉਸ ਨੇ ਇਹ ਖ਼ੁਲਾਸਾ ਕੀਤਾ ਕਿ ਉਸ ਦਾ ਗੁਰੂ ਵੀ ਨਕਲੀ ਕਿੰਨਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੱਲਵੀ ਕਿੰਨਰ ਨੇ ਦਾਅਵਾ ਕੀਤਾ ਕਿ ਉਸਦਾ ਰਾੜਾ ਸਾਹਿਬ ਵਿਖੇ ਰਹਿੰਦੇ ਜੋਤੀ ਮਹੰਤ ਕੋਲ ਆਉਣਾ-ਜਾਣਾ ਸੀ। ਜੋਤੀ ਮਹੰਤ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਲਿੰਗ ਪਰਿਵਰਤਨ ਕਰਕੇ ਉਸ ਵਾਂਗ ਕਿੰਨਰ ਬਣ ਜਾਵੇ ਤਾਂ ਉਹ ਵੀ ਪਿੰਡਾਂ ’ਚ ਲੋਕਾਂ ਦੇ ਘਰ ਖੁਸ਼ੀਆਂ ਮੌਕੇ ਵਧਾਈ ਇਕੱਠੀ ਕਰ ਚੰਗੇ ਪੈਸੇ ਬਣਾ ਸਕਦਾ ਹੈ ਅਤੇ ਇਹ ਵੀ ਕਿਹਾ ਕਿ ਉਸ ਨੂੰ ਉਹ ਕੁੱਝ ਪਿੰਡ ਪੱਕੇ ਤੌਰ ’ਤੇ ਦੇ ਦੇਵੇਗਾ, ਜਿੱਥੋਂ ਉਹ ਆਪਣੀਆਂ ਵਧਾਈਆਂ ਇਕੱਠੀਆਂ ਕਰ ਸਕੇਗਾ।

ਪੱਲਵੀ ਨੇ ਦੋਸ਼ ਲਗਾਇਆ ਕਿ ਜੋਤੀ ਮਹੰਤ ਨੇ ਉਸ ਦਾ ਜ਼ਬਰੀ ਲਿੰਗ ਪਰਿਵਰਤਨ ਕਰਵਾ ਕਿੰਨਰ ਬਣਾ ਦਿੱਤਾ ਅਤੇ ਪਿੰਡਾਂ ’ਚ ਜਾ ਕੇ ਉਸ ਨਾਲ ਵਧਾਈਆਂ ਮੰਗਣ ਲੱਗ ਗਿਆ ਪਰ ਹੁਣ ਕੁੱਝ ਪਿੰਡਾਂ ਨੇ ਉਸ ਨੂੰ ਕੁੱਝ ਦੇਣ ਦੀ ਬਜਾਏ ਧੱਕੇ ਨਾਲ ਬਾਹਰ ਕੱਢ ਦਿੱਤਾ। ਪੱਲਵੀ ਨੇ ਕਿਹਾ ਕਿ ਉਸ ਦਾ ਜ਼ਬਰੀ ਲਿੰਗ ਪਰਿਵਰਤਨ ਕਰਵਾਇਆ ਗਿਆ ਅਤੇ ਹੁਣ ਉਸਨੇ ਆਪਣੇ ਗੁਰੂ ਜੋਤੀ ਮਹੰਤ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਦਿੰਦਿਆਂ ਮੰਗ ਕੀਤੀ ਕਿ ਉਸ ਨੂੰ ਇਨਸਾਫ਼ ਦੁਆਇਆ ਜਾਵੇ। ਪੱਲਵੀ ਕਿੰਨਰ ਨੇ ਆਪਣੇ ਗੁਰੂ ਜੋਤੀ ਮਹੰਤ ’ਤੇ ਦੋਸ਼ ਲਗਾਏ ਕਿ ਉਹ ਵੀ ਉਸ ਵਾਂਗ ਨਕਲੀ ਕਿੰਨਰ ਹੈ ਕਿਉਂਕਿ ਜੋਤੀ ਅਸਲ ਵਿਚ ਪਹਿਲਾਂ ਪੁਰਸ਼ ਸੀ, ਜਿਸ ਦਾ ਵਿਆਹ ਹੋਇਆ ਅਤੇ ਤਿੰਨ ਬੱਚੇ ਵੀ ਹੋਏ ਪਰ ਉਹ ਲਿੰਗ ਪਰਿਵਰਤਨ ਕਰਵਾ ਕਿੰਨਰ ਬਣ ਗਿਆ। ਜੋਤੀ ਮਹੰਤ ’ਤੇ ਇਹ ਵੀ ਦੋਸ਼ ਲਗਾਏ ਕਿ ਉਹ ਲੱਖਾਂ ਰੁਪਏ ਵਧਾਈਆਂ ਦੇ ਰੂਪ ਵਿਚ ਇਕੱਠੇ ਕਰਦਾ ਹੈ, ਜਿਸ ਤੋਂ ਉਹ ਕੋਈ ਵੀ ਸਮਾਜ ਸੇਵੀ ਕੰਮ ਕਰਨ ਦੀ ਬਜਾਏ ਆਪਣੇ ਬੈਂਕ ਖਾਤੇ ਭਰ ਰਿਹਾ ਹੈ, ਜਾਇਦਾਦਾਂ ਲੈ ਰਿਹਾ ਹੈ ਜਾਂ ਆਪਣੇ ਪੈਦਾ ਕੀਤੇ ਤਿੰਨ ਬੱਚਿਆਂ ਤੇ ਪਤਨੀ ਨੂੰ ਦੇ ਰਿਹਾ ਹੈ। ਪੱਲਵੀ ਨੇ ਕਿਹਾ ਕਿ ਪੁਲਸ ਉਸਦਾ ਜ਼ਬਰੀ ਲਿੰਗ ਪਰਿਵਰਤਨ ਕਰਵਾਉਣ ’ਤੇ ਜੋਤੀ ਮਹੰਤ ਖ਼ਿਲਾਫ਼ ਕਾਰਵਾਈ ਕਰੇ ਅਤੇ ਨਕਲੀ ਕਿੰਨਰ ਬਣਨ ਦੀ ਵੀ ਜਾਂਚ ਹੋਵੇ ਤਾਂ ਜੋ ਲੋਕਾਂ ਸਾਹਮਣੇ ਅਸਲੀਅਤ ਆ ਸਕੇ।

ਜੋਤੀ ਮਹੰਤ ਨੇ ਆਪਣੇ ’ਤੇ ਲੱਗੇ ਦੋਸ਼ ਨਕਾਰੇ

ਜਦੋਂ ਇਸ ਸਬੰਧੀ ਪੱਤਰਕਾਰਾਂ ਨੇ ਜੋਤੀ ਮਹੰਤ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਉੱਪਰ ਜੋ ਪੱਲਵੀ ਜ਼ਬਰੀ ਲਿੰਗ ਪਰਿਵਰਤਨ ਕਰਵਾਉਣ ਦੇ ਦੋਸ਼ ਲਗਾ ਰਿਹਾ ਹੈ, ਉਹ ਬਿਲਕੁਲ ਗਲਤ ਹਨ ਕਿਉਂਕਿ ਇਸ ਸਬੰਧੀ ਉਹ ਮੇਰੇ ਖ਼ਿਲਾਫ਼ ਇੱਕ ਵੀ ਸਬੂਤ ਪੇਸ਼ ਕਰਕੇ ਦਿਖਾਵੇ। ਜੋਤੀ ਮਹੰਤ ਨੇ ਕਿਹਾ ਕਿ ਪੱਲਵੀ ਨੇ ਕਿੱਥੋਂ ਆਪਣਾ ਲਿੰਗ ਪਰਿਵਰਤਨ ਕਰਵਾਇਆ, ਉਸ ਨੂੰ ਕੋਈ ਜਾਣਕਾਰੀ ਨਹੀਂ। ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ ’ਤੇ ਜੋਤੀ ਮਹੰਤ ਨੇ ਇਹ ਜ਼ਰੂਰ ਮੰਨਿਆ ਕਿ ਉਸਦਾ ਪਹਿਲਾਂ ਵਿਆਹ ਹੋਇਆ ਅਤੇ ਤਿੰਨ ਬੱਚੇ ਵੀ ਹਨ ਅਤੇ ਜਦੋਂ ਉਨ੍ਹਾਂ ਦੇ ਲਿੰਗ ਪਰਿਵਰਤਨ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕਿਆ।


author

Babita

Content Editor

Related News