ਜ਼ਰੂਰੀ ਕੰਮ ਦਾ ਕਹਿ ਘਰੋਂ ਗਿਆ ਮੁੰਡਾ ਨਹਿਰ ''ਚ ਰੁੜ੍ਹਿਆ, ਦੋਸਤਾਂ ਖ਼ਿਲਾਫ਼ ਮਾਮਲਾ ਦਰਜ
Wednesday, Jun 09, 2021 - 03:48 PM (IST)
ਪਟਿਆਲਾ (ਪਰਮੀਤ) : ਇੱਥੇ ਆਪਣੇ ਪਰਿਵਾਰ ਨੂੰ ਜ਼ਰੂਰੀ ਕੰਮ ਦਾ ਕਹਿ ਕੇ ਇੰਦਰਪ੍ਰੀਤ ਸਿੰਘ (17) ਨਾਂ ਦਾ ਮੁੰਡਾ ਆਪਣੇ ਦੋਸਤਾਂ ਨਾਲ ਰਾਤ ਦੇ ਸਮੇਂ ਬਾਹਰ ਚਲਾ ਗਿਆ ਅਤੇ ਮੁੜ ਨਹੀਂ ਪਰਤਿਆ। ਬਾਅਦ 'ਚ ਪਤਾ ਲੱਗਿਆ ਕਿ ਇੰਦਰਪ੍ਰੀਤ ਨਹਿਰ 'ਚ ਰੁੜ੍ਹ ਗਿਆ ਹੈ, ਜਿਸ ਤੋਂ ਬਾਅਦ ਪੁਲਸ ਨੇ ਉਸ ਦੇ ਦੋਸਤਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਇੰਦਰਪ੍ਰੀਤ ਸਿੰਘ ਦੇ ਪਿਤਾ ਧਰਮਪਾਲ ਸਿੰਘ ਵਾਸੀ ਗਰੀਨ ਪਾਰਕ ਕਾਲੋਨੀ ਨੇ ਦੱਸਿਆ ਕਿ 7 ਜੂਨ ਦੀ ਰਾਤ ਨੂੰ ਉਸ ਦੇ ਪੁੱਤਰ ਦੇ ਦੋਸਤ ਕਾਰ 'ਤੇ ਸਵਾਰ ਹੋ ਕੇ ਆਏ ਅਤੇ ਜ਼ਰੂਰੀ ਕੰਮ ਦਾ ਕਹਿ ਕੇ ਉਨ੍ਹਾਂ ਦੇ ਪੁੱਤਰ ਨੂੰ ਰਾਤ ਦੇ ਕਰੀਬ 10.30 ਵਜੇ ਆਪਣੇ ਨਾਲ ਲੈ ਗਏ।
ਜਦੋਂ 2 ਘੰਟੇ ਬਾਅਦ ਵੀ ਇੰਦਰਪ੍ਰੀਤ ਵਾਪਸ ਨਹੀਂ ਮੁੜਿਆ ਤਾਂ ਪਿਤਾ ਉਸ ਦੀ ਭਾਲ ਕਰਦਾ ਹੋਇਆ ਭਾਖੜਾ ਨਹਿਰ ਕੋਲ ਪਹੁੰਚ ਗਿਆ। ਇੱਥੇ ਜਦੋਂ ਪਿਤਾ ਨੇ ਇੰਦਰਪ੍ਰੀਤ ਦੇ ਦੋਸਤਾਂ ਕੋਲੋਂ ਉਸ ਬਾਰੇ ਪੁੱਛਿਆਂ ਤਾਂ ਉਹ ਕੋਈ ਜਵਾਬ ਨਾ ਦੇ ਸਕੇ। ਇਸ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਦੋਸਤਾਂ ਨੇ ਜ਼ਬਰਦਸਤੀ ਉਸ ਨੂੰ ਨਹਿਰ 'ਚ ਨਹਾਉਣ ਲਈ ਮਜਬੂਰ ਕੀਤਾ ਅਤੇ ਤੈਰਨਾ ਨਾ ਆਉਣ ਕਾਰਨ ਉਹ ਨਹਿਰ 'ਚ ਰੁੜ੍ਹ ਗਿਆ। ਪੁਲਸ ਨੇ ਇੰਦਰਪ੍ਰੀਤ ਦੇ ਪਿਤਾ ਦੀ ਸ਼ਿਕਾਇਤ 'ਤੇ ਉਸ ਦੇ ਦੋਸਤਾਂ ਸਰਬਲੰਦ ਸਿੰਘ ਪੁਤੱਰ ਇਕਬਾਲ ਸਿੰਘ, ਆਰੀਅਨ ਸੰਧੂ ਪੁੱਤਰ ਗੁਰਦਿਆਲ ਸਿੰਘ, ਆਦੇਸ਼ ਪ੍ਰਤਾਪ ਸਿੰਘ ਪੁੱਤਰ ਜਸਵਿੰਦਰ ਸਿੰਘ, ਅਤੇ ਅੰਨਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।