ਪ੍ਰਾਈਵੇਟ ਹਸਪਤਾਲ ’ਚ ਇਲਾਜ ਦੌਰਾਨ ਨੌਜਵਾਨ ਦੀ ਮੌਤ
Monday, Aug 13, 2018 - 12:03 AM (IST)

ਸ਼ੁਤਰਾਣਾ/ਪਾਤਡ਼ਾਂ, (ਪ. ਪ.)- ਬੀਤੀ ਰਾਤ ਪਿੰਡ ਸ਼ੇਰਗਡ਼੍ਹ ਦੇ ਇਕ ਨੌਜਵਾਨ ਦੀ ਪ੍ਰਾਈਵੇਟ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਲੋਕਾਂ ਨੇ ਖਨੌਰੀ ਵਿਖੇ ਨੈਸ਼ਨਲ ਹਾਈਵੇ ’ਤੇ 4 ਘੰਟੇ ਜਾਮ ਲਾਇਆ। ਸ਼ੁਤਰਾਣਾ ਪੁਲਸ ਨੇ ਡਾਕਟਰ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦਾ ਪੋਸਟਮਾਰਟਮ ਹੋਣ ਤੱਕ ਲਾਸ਼ ਸਰਕਾਰੀ ਹਸਪਤਾਲ ਸਮਾਣਾ ਵਿਖੇ ਰੱਖੀ ਗਈ ਹੈ
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਰਮੇਸ਼ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਸ਼ੇਰਗਡ਼੍ਹ ਮੋਟਰਸਾਈਕਲ ’ਤੇ ਘਰ ਜਾਣ ਵੇਲੇ ਸ਼ਹਿਨਾਈ ਪੈਲੇਸ ਕੋਲ ਡਿੱਗਾ ਪਿਆ ਸੀ। ਉਸ ਦੇ ਮਾਮੇ ਦੇ ਲਡ਼ਕੇ ਕੁਲਵਿੰਦਰ ਨੇ ਉਸ ਨੂੰ ਚੁੱਕ ਕੇ ਖਨੌਰੀ ਪ੍ਰਾਈਵੇਟ ਮਹਿਰੋਕ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਡਾਕਟਰ ਦੀ ਸਲਾਹ ’ਤੇ ਜਦੋਂ ਅੱਜ ਪੇਟ ਦੀ ਐੈੱਮ. ਆਰ. ਆਈ. ਕਰਵਾਉਣ ਲਈ ਕੈਥਲ ਲੈ ਕੇ ਜਾ ਰਹੇ ਸਨ ਤਾਂ ਉਸ 25 ਸਾਲਾ ਨੌਜਵਾਨ ਦੀ ਰਸਤੇ ਵਿਚ ਮੌਤ ਹੋ ਗਈ। ਇਸ ਤੋਂ ਬਾਅਦ ਪਿੰਡ ਦੇ ਲੋਕਾਂ ਤੇ ਰਿਸ਼ਤੇਦਾਰਾਂ ਨੇ ਡਾਕਟਰ ’ਤੇ ਲਾਹਪ੍ਰਵਾਹੀ ਦਾ ਦੋਸ਼ ਲਾ ਕੇ 4 ਘੰਟੇ ਨੈਸ਼ਨਲ ਹਾਈਵੇ ਜਾਮ ਕੀਤਾ। ਪੁਲਸ ਨੇ ਉਕਤ ਡਾਕਟਰ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੋਕਾਂ ਵੱਲੋਂ ਮਾਮਲਾ ਦਰਜ ਕਰਨ ’ਤੇ ਧਰਨਾ ਸਮਾਪਤ ਕੀਤਾ ਗਿਆ ਹੈ। ਡਾਕਟਰ ਮੌਕੇ ਤੇ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ।