ਕਾਰ ਦੀ ਟੱਕਰ ਨਾਲ ਪਰਵਾਸੀ ਨੌਜਵਾਨ ਦੀ ਮੌਤ

Monday, May 15, 2023 - 02:56 PM (IST)

ਕਾਰ ਦੀ ਟੱਕਰ ਨਾਲ ਪਰਵਾਸੀ ਨੌਜਵਾਨ ਦੀ ਮੌਤ

ਖਰੜ (ਰਣਬੀਰ) : ਇੱਥੋਂ ਦੇ ਮੂੰਡੀ ਖਰੜ ਨੇੜੇ ਕਾਰ ਨਾਲ ਹੋਏ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਸਿਟੀ ਪੁਲਸ ਵਲੋਂ ਇਸ ਸਬੰਧੀ ਹਾਦਸੇ ’ਚ ਸ਼ਾਮਲ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਆਪਣੇ ਬਿਆਨਾਂ ਰਾਹੀਂ ਬਸਾਂਡਾ ਉੱਤਰ ਪ੍ਰਦੇਸ਼ ਨਾਲ ਸਬੰਧਿਤ ਅਤੇ ਇੱਥੇ ਮੁੰਡੀ ਖਰੜ ਅੰਦਰ ਇਕ ਕਿਰਾਏ ਦੇ ਮਕਾਨ ’ਚ ਰਹਿਣ ਵਾਲੇ ਦੋ ਭਰਾਵਾਂ ’ਚੋਂ ਇਕ ਰਾਮਫਲ ਨੇ ਦੱਸਿਆ ਕਿ ਉਸਦਾ ਭਰਾ ਅਰਜਨ ਪਟੇਲ (24) ਨਿੱਝਰ ਚੌਂਕ ਨੇੜੇ ਪਾਨ-ਬੀੜੀ ਦਾ ਖੋਖਾ ਚਲਾ ਕੇ ਗੁਜ਼ਾਰਾ ਕਰਦਾ ਆ ਰਿਹਾ ਸੀ।

ਬੀਤੇ ਸ਼ੁੱਕਰਵਾਰ ਉਸਦਾ ਭਰਾ ਅਰਜਨ ਚੰਡੀਗੜ੍ਹ ਵੱਲ ਜਾਂਦੀ ਸੜਕ ਕਰਾਸ ਕਰ ਕੇ ਖਰੜ ਸਾਈਡ ਆਪਣੇ ਅੱਡੇ ਵੱਲ ਆ ਰਿਹਾ ਸੀ ਕਿ ਚੰਡੀਗੜ੍ਹ ਵਾਲੇ ਪਾਸਿਓਂ ਆ ਰਹੀ ਚਿੱਟੇ ਰੰਗ ਦੀ ਪੰਜਾਬ ਪਰਮਿਟ ਨੰਬਰ ਆਰਟਿਗਾ ਕਾਰ ਦੇ ਚਾਲਕ ਨੇ ਉਸਨੂੰ ਟੱਕਰ ਮਾਰ ਦਿੱਤੀ ਅਤੇ ਚਾਲਕ ਕਾਰ ਛੱਡ ਕੇ ਫ਼ਰਾਰ ਹੋ ਗਿਆ।

ਜ਼ਖ਼ਮੀ ਹਾਲਤ ’ਚ ਅਰਜੁਨ ਨੂੰ ਸਿਵਲ ਹਸਪਤਾਲ ਖਰੜ ਤੋਂ ਮੁੱਢਲੀ ਡਾਕਟਰੀ ਸਹਾਇਤਾ ਦੇਣ ਪਿੱਛੋਂ ਸਰਕਾਰੀ ਮੈਡੀਕਲ ਕਾਲਜ ਸੈਕਟਰ-32 ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਪਰ ਉਥੇ ਪੁੱਜਦਿਆਂ ਹੀ ਡਾਕਟਰਾਂ ਨੇ ਅਰਜਨ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜ ਕੇ ਪੁਲਸ ਨੇ ਕਾਰ ਚਾਲਕ ਕਪਿਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
 


author

Babita

Content Editor

Related News