ਭੇਤਭਰੇ ਹਾਲਾਤ ’ਚ ਨੌਜਵਾਨ ਦੀ ਲਾਸ਼ ਬਰਾਮਦ
Friday, Mar 28, 2025 - 01:53 PM (IST)

ਬਠਿੰਡਾ (ਸੁਖਵਿੰਦਰ) : ਬਠਿੰਡਾ ਮਾਨਸਾ ਰੋਡ ’ਤੇ ਪਿੰਡ ਕੋਟਸ਼ਮੀਰ ਨੇੜੇ ਭੇਤਭਰੇ ਹਾਲਾਤ ’ਚ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਧੌਣ 'ਤੇ ਵੱਢਣ ਦੇ ਨਿਸ਼ਾਨ ਹਨ, ਜਿਸ ਕਾਰਨ ਉਸ ਦੇ ਕਤਲ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਨੌਜਵਾਨ ਦੀ ਲਾਸ਼ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਵਿੱਕੀ ਕੁਮਾਰ ਮੌਕੇ ’ਤੇ ਪੁੱਜੇ, ਜਦੋਂ ਕਿ ਚੌਂਕੀ ਕੋਟਸ਼ਮੀਰ ਅਤੇ ਥਾਣਾ ਸਦਰ ਦੀ ਪੁਲਸ ਨੇ ਵੀ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।
ਮ੍ਰਿਤਕ ਨੌਜਵਾਨ ਕੋਲੋਂ ਅਜਿਹਾ ਕੋਈ ਦਸਤਾਵੇਜ਼ ਨਹੀਂ ਮਿਲਿਆ, ਜਿਸ ਰਾਹੀਂ ਉਸ ਦੀ ਪਛਾਣ ਹੋ ਸਕੇ। ਮ੍ਰਿਤਕ ਨੇ ਕਮੀਜ਼ ਅਤੇ ਜੀਨਸ ਦੀ ਪੈਂਟ ਪਾਈ ਹੋਈ ਸੀ ਅਤੇ ਪੈਰਾਂ ’ਚ ਬੂਟ ਸਨ। ਪੁਲਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਵੱਲੋਂ ਮ੍ਰਿਤਕ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾ ਸਕਦੀ ਹੈ।