ਨੌਜਵਾਨ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਦੋ ਖ਼ਿਲਾਫ਼ ਮਾਮਲਾ ਦਰਜ
Saturday, Feb 21, 2026 - 08:33 PM (IST)
ਬਠਿੰਡਾ/ਪਟਿਆਲਾ - ਰੇਲਵੇ ਪੁਲਸ (GRP) ਬਠਿੰਡਾ ਵੱਲੋਂ ਇੱਕ ਨੌਜਵਾਨ ਨੂੰ ਕਥਿਤ ਤੌਰ 'ਤੇ ਮਾਨਸਿਕ ਪਰੇਸ਼ਾਨ ਕਰਨ ਅਤੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਇਲਜ਼ਾਮ ਹੇਠ ਇੱਕ ਔਰਤ ਸਮੇਤ ਦੋ ਵਿਅਕਤੀਆਂ ਵਿਰੁੱਧ ਧਾਰਾ 306 ਅਤੇ 34 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਮ੍ਰਿਤਕ ਦੀ ਦਾਦੀ ਧੰਨਵੰਤ ਕੌਰ (88) ਵਾਸੀ ਪਟਿਆਲਾ ਦੇ ਬਿਆਨਾਂ ਅਤੇ ਉੱਚ ਪੁਲਸ ਅਧਿਕਾਰੀਆਂ ਦੇ ਹੁਕਮਾਂ 'ਤੇ ਅਮਲ ਵਿੱਚ ਲਿਆਂਦੀ ਗਈ ਹੈ।
ਕੀ ਹੈ ਪੂਰਾ ਮਾਮਲਾ?
ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦਾ ਪੋਤਾ ਬਲਜੋਤ ਸਿੰਘ ਉਰਫ ਬਿੰਨੀ, ਜਿਸ ਨੇ ਜੂਨ 2024 ਵਿੱਚ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ, ਕਥਿਤ ਤੌਰ 'ਤੇ ਦੋਸ਼ੀਆਂ ਦੀ ਬਲੈਕਮੇਲਿੰਗ ਤੋਂ ਪਰੇਸ਼ਾਨ ਸੀ। ਸ਼ਿਕਾਇਤ ਅਨੁਸਾਰ, ਬਲਜੋਤ ਦੇ ਪਿਤਾ ਦੀ ਮੌਤ ਤੋਂ ਬਾਅਦ ਕਰਮਦੀਪ ਕੌਰ ਨਾਮੀ ਔਰਤ ਨੇ ਖ਼ੁਦ ਨੂੰ ਉਸਦੀ ਪਤਨੀ ਦੱਸ ਕੇ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕੀਤੀ।
ਧੋਖਾਧੜੀ ਅਤੇ ਨਸ਼ੇ ਦੇ ਗੰਭੀਰ ਇਲਜ਼ਾਮ
ਐਫ.ਆਈ.ਆਰ. ਵਿੱਚ ਦਰਜ ਵੇਰਵਿਆਂ ਮੁਤਾਬਕ, ਦੂਜੇ ਕਥਿਤ ਦੋਸ਼ੀ ਬੂਟਾ ਸਿੰਘ 'ਤੇ ਇਲਜ਼ਾਮ ਹੈ ਕਿ ਉਸਨੇ ਨੌਜਵਾਨ ਨੂੰ ਨਸ਼ੇ ਦੀ ਆਦਤ ਪਾਈ ਅਤੇ ਧੋਖੇ ਨਾਲ ਉਸਦੀ ਦੋ ਕਿੱਲੇ ਜ਼ਮੀਨ ਆਪਣੇ ਨਾਮ ਕਰਵਾ ਲਈ। ਇੰਨਾ ਹੀ ਨਹੀਂ, ਵਿਦੇਸ਼ ਜਾਣ ਲਈ ਰੱਖੀ 30 ਲੱਖ ਰੁਪਏ ਦੀ ਰਕਮ ਵੀ ਕਥਿਤ ਤੌਰ 'ਤੇ ਨੌਜਵਾਨ ਤੋਂ ਹੜੱਪ ਲਈ ਗਈ ਸੀ। ਮ੍ਰਿਤਕ ਨੇ ਮਰਨ ਤੋਂ ਪਹਿਲਾਂ ਆਪਣੀ ਦਾਦੀ ਨੂੰ ਦੱਸਿਆ ਸੀ ਕਿ ਇਹ ਦੋਵੇਂ ਮਿਲ ਕੇ ਉਸ ਕੋਲੋਂ ਖਾਲੀ ਕਾਗਜ਼ਾਂ 'ਤੇ ਦਸਤਖਤ ਕਰਵਾ ਚੁੱਕੇ ਹਨ ਅਤੇ ਉਸਨੂੰ ਲਗਾਤਾਰ ਡਰਾ-ਧਮਕਾ ਰਹੇ ਹਨ।
ਪੁਲਸ ਕਾਰਵਾਈ
ਹਾਲਾਂਕਿ ਇਹ ਘਟਨਾ ਸਾਲ 2024 ਦੀ ਹੈ, ਪਰ ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਸਪੈਸ਼ਲ ਡਾਇਰੈਕਟਰ ਪੁਲਸ (ਰੇਲਵੇਜ਼) ਦੇ ਦਖਲ ਤੋਂ ਬਾਅਦ ਹੁਣ ਰਸਮੀ ਤੌਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਤਫਤੀਸ਼ੀ ਅਧਿਕਾਰੀ ਐਸ.ਆਈ. ਕੁਲਦੀਪ ਚੰਦ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।
