ਝਾੜੀਆਂ ''ਚੋਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼ ਦੀ ਹੋਈ ਪਛਾਣ
Monday, Jul 28, 2025 - 02:49 PM (IST)

ਅਬੋਹਰ (ਸੁਨੀਲ) : ਇੱਥੇ ਕਰੀਬ 2 ਦਿਨ ਪਹਿਲਾਂ ਪੁਰਾਣੀ ਫਾਜ਼ਿਲਕਾ ਸੜਕ ’ਤੇ ਜੋਹੜੀ ਮੰਦਰ ਦੇ ਪਿੱਛੇ ਝਾੜੀਆਂ ਵਿੱਚੋਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਸੀ। ਹੁਣ ਲਾਸ਼ ਦੀ ਪਛਾਣ ਦੀਪਕ ਪੁੱਤਰ ਗੰਗਾਜਲ ਵਾਸੀ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਘੱਲੂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮੀਡੀਆ ’ਤੇ ਝਾੜੀਆਂ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼ ਦੀ ਖ਼ਬਰ ਸੁਣਨ ਅਤੇ ਦੇਖਣ ਤੋਂ ਬਾਅਦ, ਸਥਾਨਕ ਹਸਪਤਾਲ ਦੇ ਮੁਰਦਾਘਰ ਵਿੱਚ ਪਹੁੰਚੇ ਮ੍ਰਿਤਕ ਦੀਪਕ ਦੇ ਭਰਾ ਰਾਮ ਕੁਮਾਰ ਨੇ ਕਿਹਾ ਕਿ ਉਸਦਾ ਭਰਾ ਅਣ-ਵਿਆਹਿਆ ਸੀ ਅਤੇ ਉਸਦੀ ਉਮਰ ਕਰੀਬ 27 ਸਾਲ ਸੀ।
ਰਾਮ ਕੁਮਾਰ ਨੇ ਦੱਸਿਆ ਕਿ 22 ਤਾਰੀਖ਼ ਨੂੰ ਦੁਪਹਿਰ ਵੇਲੇ ਉਹ ਆਪਣੇ ਇੱਕ ਦੋਸਤ ਨਾਲ ਘਰੋਂ ਬਾਹਰ ਗਿਆ ਸੀ ਪਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ ਅਤੇ ਉਸਦਾ ਫੋਨ ਵੀ ਲਗਾਤਾਰ ਬੰਦ ਆ ਰਿਹਾ ਸੀ। ਇਸ ਤੋਂ ਬਾਅਦ ਉਹ ਉਸਦੀ ਭਾਲ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਅਬੋਹਰ ਵਿੱਚ ਉਸਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਤਾਂ ਉਹ ਇੱਥੇ ਪਹੁੰਚੇ। ਨਗਰ ਥਾਣਾ ਨੰਬਰ-1 ਦੀ ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।