ਫਾਈਨਾਂਸਰ ਦੀਆਂ ਧਮਕੀਆਂ ਤੋਂ ਪਰੇਸ਼ਾਨ ਨੌਜਵਾਨ ਨੇ ਟਰੇਨ ਅੱਗੇ ਛਾਲ ਮਾਰ ਕੇ ਦਿੱਤੀ ਜਾਨ
Sunday, Aug 08, 2021 - 12:16 PM (IST)

ਲੁਧਿਆਣਾ (ਗੌਤਮ) : ਮੋਬਾਇਲ ਕੰਪਨੀ ’ਚ ਪ੍ਰਮੋਟਰ ਦੇ ਤੌਰ ’ਤੇ ਕੰਮ ਕਰਨ ਵਾਲੇ ਨੌਜਵਾਨ ਨੇ ਫਾਈਨਾਂਸਰ ਤੋਂ ਪਰੇਸ਼ਾਨ ਹੋ ਕੇ ਟਰੇਨ ਅੱਗੇ ਛਾਲ ਮਾਰ ਕੇ ਜਾਨ ਦਿੱਤੀ ਹੈ। ਮ੍ਰਿਤਕ ਨੌਜਵਾਨ ਨੇ ਖ਼ੁਦਕੁਸ਼ੀ ਨੋਟ ’ਚ ਫਾਈਨਾਂਸਰ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ। ਥਾਣਾ ਜੀ. ਆਰ. ਪੀ. ਪੁਲਸ ਨੇ ਮੁਆਇਨਾ ਕਰਨ ਤੋਂ ਬਾਅਦ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲਸ ਨੇ ਮਰਨ ਵਾਲੇ ਨੌਜਵਾਨ ਦੀ ਪਛਾਣ ਰਾਜ ਕੁਮਾਰ (36 ਸਾਲ) ਦੇ ਰੂਪ ’ਚ ਕੀਤੀ ਹੈ।
ਕਾਰਵਾਈ ਕਰਦਿਆਂ ਪੁਲਸ ਨੇ ਰਾਜ ਕੁਮਾਰ ਦੇ ਪਿਤਾ ਬਲਦੇਵ ਦੇ ਬਿਆਨ ’ਤੇ ਫਾਈਨਾਂਸਰ ਡਿੰਪਾ ਖ਼ਿਲਾਫ਼ ਧਮਕਾਉਣ ਅਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। ਇੰਸਪੈਕਟਰ ਸੁਧੀਰ ਮਲਿਕ ਨੇ ਦੱਸਿਆ ਕਿ ਮੁਲਜ਼ਮ ਨੂੰ ਫੜ੍ਹਨ ਲਈ ਰੇਡ ਕੀਤੀ ਜਾ ਰਹੀ ਹੈ। ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।