ਮਨਚਲੇ ਨੌਜਵਾਨ ਨੇ ਕੁੜੀ ’ਤੇ ਲੋਹੇ ਦੀ ਰਾਡ ਨਾਲ ਕੀਤਾ ਹਮਲਾ
Thursday, Jul 10, 2025 - 02:51 PM (IST)

ਅਬੋਹਰ (ਸੁਨੀਲ) : ਸਥਾਨਕ ਇਕ ਮੁਹੱਲਾ ਵਾਸੀ ਅਤੇ ਬਠਿੰਡਾ ’ਚ ਪੜ੍ਹ ਰਹੀ ਇੰਜੀਨੀਅਰਿੰਗ ਦੀ ਵਿਦਿਆਰਥਣ ਨੂੰ ਇਕ ਮਨਚਲੇ ਨੌਜਵਾਨ ਨੇ ਬੁੱਧਵਾਰ ਉਸ ਨਾਲ ਗੱਲ ਕਰਨ ਤੋਂ ਇਨਕਾਰ ਕਰਨ ’ਤੇ ਆਪਣੇ ਦੋ ਸਾਥੀਆਂ ਸਮੇਤ ਉਸ ’ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਅਤੇ ਭੱਜ ਗਏ। ਜ਼ਖਮੀ ਵਿਦਿਆਰਥਣ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਪੀੜਤ ਕੁੜੀ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨੌਜਵਾਨ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਤਰ੍ਹਾਂ ਉਹ ਕਿਤੇ ਨਹੀਂ ਜਾ ਸਕਦੀ ਅਤੇ ਪੜ੍ਹਾਈ ਵੀ ਨਹੀਂ ਕਰ ਸਕਦੀ। ਇਲਾਜ ਅਧੀਨ ਕੁੜੀ ਨੇ ਦੱਸਿਆ ਕਿ ਉਸੇ ਮੁਹੱਲੇ ਦਾ ਇਕ ਨੌਜਵਾਨ ਪਿਛਲੇ 2 ਸਾਲਾਂ ਤੋਂ ਉਸ ਨੂੰ ਤੰਗ-ਪਰੇਸ਼ਾਨ ਕਰ ਰਿਹਾ ਹੈ। ਉਸ ਨੇ ਕਈ ਵਾਰ ਇੰਸਟਾਗ੍ਰਾਮ ਅਤੇ ਫੇਸਬੁੱਕ ਰਾਹੀਂ ਉਸ ਨੂੰ ਦੋਸਤੀ ਲਈ ਬੇਨਤੀਆਂ ਭੇਜੀਆਂ ਹਨ। ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਉਕਤ ਨੌਜਵਾਨ ਨੂੰ ਬਲਾਕ ਕਰ ਦਿੱਤਾ। ਨੌਜਵਾਨ ਅਕਸਰ ਉਸ ਨੂੰ ਆਉਂਦੇ-ਜਾਂਦੇ ਤੰਗ ਕਰਦਾ ਹੈ। ਜਦੋਂ ਉਸ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ ਤਾਂ ਉਸ ਦੇ ਪਰਿਵਾਰਕ ਮੈਂਬਰ ਮੁੰਡੇ ਦੇ ਘਰ ਗਏ ਅਤੇ ਉਸ ਦੇ ਮਾਪਿਆਂ ਨੂੰ ਕਈ ਵਾਰ ਝਿੜਕਿਆ ਪਰ ਪਰਿਵਾਰਕ ਮੈਂਬਰ ਵੀ ਆਪਣੇ ਪੁੱਤਰ ਨੂੰ ਨਹੀਂ ਸਮਝਾਉਂਦੇ।
18 ਸਾਲਾ ਪੀੜਤਾ ਨੇ ਦੱਸਿਆ ਕਿ ਅੱਜ ਜਦੋਂ ਉਹ ਆਰ. ਓ. ਤੋਂ ਪਾਣੀ ਲੈਣ ਗਈ ਸੀ ਤਾਂ ਉਕਤ ਮੁੰਡਾ ਆਪਣੇ 2 ਦੋਸਤਾਂ ਨਾਲ ਆਇਆ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਅਤੇ ਪਹਿਲਾਂ ਉਸ ਨੂੰ ਧੱਕਾ ਦੇ ਕੇ ਡਿੱਗਾ ਦਿੱਤਾ ਅਤੇ ਫਿਰ ਲੋਹੇ ਦੀ ਰਾਡ ਨਾਲ ਉਸ ਦੇ ਸਿਰ, ਲੱਤਾਂ ਅਤੇ ਹੋਰ ਹਿੱਸਿਆਂ ’ਤੇ ਹਮਲਾ ਕਰ ਦਿੱਤਾ। ਜਦੋਂ ਲੋਕ ਇਕੱਠੇ ਹੋ ਗਏ ਤਾਂ ਉਕਤ ਮੁੰਡਾ ਭੱਜ ਗਿਆ। ਉਸ ਦੇ ਪਰਿਵਾਰ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਇਸ ਬਾਰੇ ਸੀਡ ਫਾਰਮ ਚੌਂਕੀ ਇੰਚਾਰਜ ਰਾਜਬੀਰ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ ਅਤੇ ਜ਼ਖਮੀ ਲੜਕੀ ਦੇ ਐੱਮ. ਐੱਲ. ਆਰ. ਦੇ ਆਧਾਰ ’ਤੇ ਮੁੰਡੇ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ।