ਰੰਜਿਸ਼ ਕਾਰਨ ਨੌਜਵਾਨ ’ਤੇ ਜਾਨਲੇਵਾ ਹਮਲਾ, 4 ਨੌਜਵਾਨ ਹਿਰਾਸਤ ’ਚ
Monday, Jul 07, 2025 - 12:17 PM (IST)

ਚੰਡੀਗੜ੍ਹ (ਸੁਸ਼ੀਲ) : ਸੈਕਟਰ-40 ’ਚ ਰੰਜਿਸ਼ ਦੇ ਕਾਰਨ 20 ਸਾਲਾ ਨੌਜਵਾਨ ’ਤੇ ਬਾਈਕ ਅਤੇ ਐਕਟਿਵਾ ਸਵਾਰ ਕੁੱਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀ ਨੌਜਵਾਨ ਨੂੰ ਸੈਕਟਰ-16 ਜਨਰਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਜ਼ਖਮੀ ਦੀ ਪਛਾਣ ਵਿਵੇਕ ਵਜੋਂ ਹੋਈ ਹੈ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਹਮਲਾਵਰ ਬਾਈਕ ਅਤੇ ਐਕਟਿਵਾ ’ਤੇ ਫਰਾਰ ਹੋ ਗਏ। ਸੈਕਟਰ-39 ਥਾਣਾ ਪੁਲਸ ਨੇ ਵਿਵੇਕ ਦੇ ਬਿਆਨਾਂ ’ਤੇ ਹਮਲਾਵਰਾਂ ’ਤੇ ਮਾਮਲਾ ਦਰਜ ਕਰ ਲਿਆ। ਪੁਲਸ ਚਾਰ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਸੈਕਟਰ-40 ਵਾਸੀ ਵਿਵੇਕ ਆਪਣੇ ਘਰ ਦੇ ਕੋਲ ਖੜ੍ਹਾ ਸੀ।
ਇਸ ਦੌਰਾਨ ਐਕਟਿਵਾ ਅਤੇ ਬਾਈਕ ਸਵਾਰ ਨੌਜਵਾਨ ਆਏ ਅਤੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਵਿਵੇਕ ਨੂੰ ਜ਼ਮੀਨ ’ਤੇ ਸੁੱਟ ਕੇ ਕੁੱਟਿਆ ਅਤੇ ਲਹੁ-ਲੁਹਾਨ ਕਰਕੇ ਫ਼ਰਾਰ ਹੋ ਗਏ। ਵਿਵੇਕ ਦੀ ਪਿੱਠ ਦੇ ਹੇਠਲੇ ਹਿੱਸੇ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਹਮਲਾਵਰ ਤਿੰਨ-ਚਾਰ ਬਾਈਕਾਂ ’ਤੇ ਆਏ ਸਨ। ਸਾਰੇ ਬਿਨਾਂ ਹੈਲਮੇਟ ਦੇ ਸਨ ਅਤੇ ਭੱਜ ਗਏ। ਪੁਲਸ ਨੇ ਕੁੱਝ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਏ. ਐੱਸ. ਪੀ. ਅਨੁਰਾਗ, ਸੈਕਟਰ-39 ਥਾਣਾ ਇੰਚਾਰਜ, ਸੀ.ਐੱਫ.ਐੱਸ.ਐੱਲ ਅਤੇ ਚੰਡੀਗੜ੍ਹ ਪੁਲਸ ਦੀ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚੀ। ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।