ਨਾਭਾ ’ਚ ਦਿਨ-ਦਿਹਾੜੇ ਨੌਜਵਾਨ ’ਤੇ ਕਾਤਲਾਨਾ ਹਮਲਾ, ਹਮਲਾਵਰ ਮੌਕੇ ਤੋਂ ਫ਼ਰਾਰ

Thursday, Jan 06, 2022 - 11:03 AM (IST)

ਨਾਭਾ ’ਚ ਦਿਨ-ਦਿਹਾੜੇ ਨੌਜਵਾਨ ’ਤੇ ਕਾਤਲਾਨਾ ਹਮਲਾ, ਹਮਲਾਵਰ ਮੌਕੇ ਤੋਂ ਫ਼ਰਾਰ

ਨਾਭਾ (ਜੈਨ) : ਇੱਥੇ ਮੈਕਸੀਮਮ ਸਕਿਓਰਟੀ ਜ਼ਿਲ੍ਹਾ ਜੇਲ੍ਹ ਕੰਪਲੈਕਸ ਲਾਗੇ ਥੂਹੀ ਰੋਡ ’ਤੇ ਦਿਨ-ਦਿਹਾੜੇ ਚਾਰ ਨੌਜਵਾਨਾਂ ਵੱਲੋਂ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਚੰਚਲ ਪੁੱਤਰ ਸੀਤਾ ਰਾਮ ਨਾਮੀ ਨੌਜਵਾਨ ’ਤੇ 20 ਤੋਂ ਵੱਧ ਨੌਜਵਾਨਾਂ ਨੇ ਹਮਲਾ ਕੀਤਾ ਅਤੇ 25 ਵਾਰ ਕਰ ਕੇ ਗੰਭੀਰ ਫੱਟੜ ਕਰ ਦਿੱਤਾ। ਕਿਸੇ ਵੀ ਰਾਹਗੀਰ ਨੇ ਹਮਲਾਵਰਾਂ ਦਾ ਵਿਰੋਧ ਨਹੀਂ ਕੀਤਾ।

ਲਗਭਗ 10-15 ਮਿੰਟ ਹਮਲਾਵਰ ਚਾਕੂਆਂ ਨਾਲ ਵਾਰ ਕਰਦੇ ਰਹੇ। ਇਕ ਬਜ਼ੁਰਗ ਤੇ ਹੋਰਨਾਂ ਨੇ ਹਮਲਾਵਰਾਂ ਦੇ ਫ਼ਰਾਰ ਹੋ ਜਾਣ ਤੋਂ ਬਾਅਦ ਨੌਜਵਾਨ ਚੰਚਲ ਨੂੰ ਸਿਵਲ ਹਸਪਤਾਲ ਐਮਰਜੈਂਸੀ ਵਿਚ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫੱਟੜ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪਹਿਲਾਂ ਵੀ ਸਾਡੇ ’ਤੇ ਹਮਲਾ ਹੋਇਆ ਅਤੇ ਧਮਕੀਆਂ ਮਿਲਦੀਆਂ ਰਹੀਆਂ ਹਨ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਕੋਤਵਾਲੀ ਪੁਲਸ ਨੇ ਹਸਪਤਾਲ ਪਹੁੰਚ ਕੇ ਗੰਭੀਰ ਫੱਟੜ ਨੌਜਵਾਨ ਦੇ ਬਿਆਨ ਦਰਜ ਕੀਤੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਵਾਲੀ ਥਾਂ ਲਾਗੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਪੁਲਸ ਨੇ ਹਮਲਾਵਰਾਂ ਦੀ ਸ਼ਨਾਖਤ ਕਰ ਲਈ ਹੈ। ਡੀ. ਐੱਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਕਿਸੇ ਵੀ ਹਮਲਾਵਰ ਨੂੰ ਬਖਸ਼ਿਆ ਨਹੀਂ ਜਾਵੇਗਾ। ਸਾਰੇ ਜਲਦੀ ਹੀ ਸਲਾਖ਼ਾਂ ਪਿੱਛੇ ਹੋਣਗੇ।
 


author

Babita

Content Editor

Related News