ਪੰਜਾਬ ਪੁਲਸ ਦੀ ਵੱਡੀ ਕਾਰਵਾਈ, 15 ਕਿਲੋ ਤੋਂ ਵੱਧ ਦੀ ਹੈਰੋਇਨ ਸਪਲਾਈ ਕਰਨ ਜਾ ਰਿਹਾ ਨੌਜਵਾਨ ਗ੍ਰਿਫ਼ਤਾਰ
Sunday, Sep 14, 2025 - 06:00 PM (IST)

ਫਿਰੋਜ਼ਪੁਰ (ਕੁਮਾਰ)- ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ 'ਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਂਦੇ ਹੋਏ ਨਸ਼ਾ ਤਸਕਰਾਂ ਨੂੰ ਫੜਨ ਅਤੇ ਫਿਰੋਜ਼ਪੁਰ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਐਸਪੀ ਇਨਵੈਸਟੀਗੇਸ਼ਨ, ਡੀਐਸਪੀ ਇਨਵੈਸਟੀਗੇਸ਼ਨ, ਡੀਐਸਪੀ ਸਿਟੀ ਅਤੇ ਸੀਆਈਏ ਸਟਾਫ ਫਿਰੋਜ਼ਪੁਰ ਦੇ ਇੰਚਾਰਜ ਆਦਿ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਪਿਛਲੇ ਕੁਝ ਸਮੇਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੀ ਪੁਲਸ ਨੇ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਹੈਰੋਇਨ, ਹੋਰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਸਮੇਤ ਫੜਨ ਵਿੱਚ ਕਈ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ। ਇਸੇ ਲੜੀ ਤਹਿਤ ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲਸ ਨੇ ਇੰਚਾਰਜ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਹੇਠ 15 ਕਿਲੋ 775 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਕਾਲੇ ਰੰਗ ਦੇ ਬਿਨਾਂ ਨੰਬਰੀਹੀਰੋ ਸਪਲੈਂਡਰ ਮੋਟਰਸਾਈਕਲ ''ਤੇ ਆਉਂਦੇ ਨੂੰ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ- ਭਲਕੇ ਪੰਜਾਬ ਆਉਣਗੇ ਰਾਹੁਲ ਗਾਂਧੀ, ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕਰਨਗੇ ਦੌਰਾ
ਇਹ ਜਾਣਕਾਰੀ ਦਿੰਦੇ ਹੋਏ ਐਸਐਸਪੀ ਫ਼ਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜਦੋਂ ਸੀਆਈਏ ਸਟਾਫ਼ ਫ਼ਿਰੋਜ਼ਪੁਰ ਦੀ ਪੁਲਸ ਪਾਰਟੀ ਇੰਸਪੈਕਟਰ ਇੰਚਾਰਜ ਮੋਹਿਤ ਧਵਨ ਦੀ ਅਗਵਾਈ ਹੇਠ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਜਾਂਚ ਕਰ ਰਹੀ ਸੀ, ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸੋਨੂੰ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਹਬੀਬ ਵਾਲਾ ਹੈਰੋਇਨ ਦੀ ਤਸਕਰੀ ਕਰਦਾ ਹੈ ਅਤੇ ਉਸਨੇ ਵੱਡੀ ਮਾਤਰਾ ਵਿੱਚ ਹੈਰੋਇਨ ਮੰਗਵਾਈ ਹੈ, ਜੋ ਕਾਲੇ ਰੰਗ ਦੇ ਹੀਰੋ ਸਪਲੈਂਡਰ ਪਲੱਸ ਮੋਟਰਸਾਈਕਲ 'ਤੇ ਅੱਗੇ ਸਪਲਾਈ ਕਰਨ ਲਈ ਜਾ ਰਿਹਾ ਹੈ। ਪੁਲਸ ਪਾਰਟੀ ਨੇ ਤੁਰੰਤ ਦੁਲਚੀ ਕੇ ਸੋਕੜ ਨਹਿਰ ਨੇੜੇ ਨਾਕਾਬੰਦੀ ਕਰਦੇ ਹੋਏ ਨਾਮਜ਼ਦ ਨਸ਼ਾ ਤਸਕਰ ਸੋਨੂੰ ਨੂੰ ਮੋਟਰਸਾਈਕਲ 'ਤੇ ਆਉਂਦੇ ਨੂੰ ਕਾਬੂ ਕਰ ਲਿਆ, ਜਿਸਦੇ ਕੋਲੋਂ ਤਲਾਸ਼ੀ ਲੈਣ 'ਤੇ 15 ਕਿਲੋ 775 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਪਹਿਲ: ਕਿਸਾਨਾਂ ਲਈ ਚੁੱਕਿਆ ਵੱਡਾ ਕਦਮ
ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਕਿ ਨਸ਼ੇ ਦਾ ਇਹ ਨੈੱਟਵਰਕ ਕਪੂਰਥਲਾ ਜੇਲ੍ਹ ਵਿੱਚ ਬੰਦ ਇੱਕ ਤਸਕਰ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਨਸ਼ਿਆਂ ਦੀ ਇਹ ਖੇਪ ਪਾਕਿਸਤਾਨ ਦੇ ਤਸਕਰਾਂ ਵੱਲੋਂ ਭਾਰਤ ਭੇਜੀ ਗਈ ਸੀ, ਜੋ ਇਸ ਨਸ਼ਾ ਤਸਕਰ ਪਿੰਡ ਪੱਲਾ ਮੇਘਾ ਵੱਲੋਂ ਫ਼ਿਰੋਜ਼ਪੁਰ ਸ਼ਹਿਰ ਵੱਲ ਲੈ ਕੇ ਲਿਆ ਰਿਹਾ ਸੀ, ਜਿਸਨੂੰ ਪੁਲਿਸ ਨੇ ਫੜ ਲਿਆ। ਉਨ੍ਹਾਂ ਦੱਸਿਆ ਕਿ ਕਪੂਰਥਲਾ ਜੇਲ੍ਹ ਵਿੱਚ ਬੰਦ ਨਸ਼ਾ ਤਸਕਰ ਤੋਂ ਵੀ ਪੁਲਿਸ ਪੁੱਛਗਿੱਛ ਕਰੇਗੀ। ਉਨ੍ਹਾਂ ਕਿਹਾ ਕਿ ਪੁਲਸ ਨੂੰ ਇਸ ਮਾਮਲੇ ਵਿੱਚ ਹੋਰ ਵੱਡੀਆਂ ਬਰਾਮਦਗੀਆਂ ਦੀ ਉਮੀਦ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ,ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਫੜੇ ਗਏ ਨਸ਼ਾ ਤਸਕਰ ਦੇ ਪਿਛਲੇ ਅਤੇ ਅਗਲੇ ਲਿੰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਪੁਲਸ ਵੱਲੋਂ ਉਸਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਲੈਣ ਤੋਂ ਬਾਅਦ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ਐਸਪੀ ਇਨਵੈਸਟੀਗੇਸ਼ਨ ਮਨਜੀਤ ਸਿੰਘ ਅਤੇ ਡੀਐਸਪੀ ਬਜਿੰਦਰ ਸਿੰਘ ਵੀ ਮੌਜੂਦ ਸਨ। ਜਾਣਕਾਰੀ ਅਨੁਸਾਰ, ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 78 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8